ਸਫ਼ਲ ਆਪ੍ਰੇਸ਼ਨ ਦੌਰਾਨ ਔਰਤ ਦੇ ਪੇਟ ''ਚੋਂ ਕੱਢੀਆਂ 32 ਰਸੌਲੀਆਂ
Thursday, Feb 08, 2018 - 12:53 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਰਸੌਲੀਆਂ ਨਾਲ ਪੀੜਤ ਮਰੀਜ਼ ਦਾ ਵਿਲੱਖਣ ਕੇਸ ਵੇਖਣ ਨੂੰ ਮਿਲਿਆ। ਇਸ ਕੇਸ ਦਾ ਡਾਕਟਰਾਂ ਨੇ ਸਫ਼ਲਤਾ ਪੂਰਵਕ ਇਲਾਜ ਕਰਕੇ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨਵੀਂ ਦਿੱਲੀ ਹਸਪਤਾਲ ਤੇ ਟੈਸਟ ਟਿਊਬ ਸੈਂਟਰ ਦੇ ਸੰਚਾਲਕ ਡਾਕਟਰ ਨੀਰਜ ਗਰਗ ਤੇ ਆਸ਼ਾ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਖੇ ਜ਼ਿਲਾ ਫਾਜ਼ਿਲਕਾ ਦੇ ਪਿੰਡ ਆਲਮ ਸ਼ਾਹ ਦਾ ਰਹਿਣ ਵਾਲਾ ਮਰੀਜ਼ ਰਾਜਪਾਲ ਕੌਰ (38) ਪਤਨੀ ਗੁਰਮੀਤ ਸਿੰਘ ਆਇਆ। ਉਸ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਬੱਚੇਦਾਨੀ 'ਚ ਬਹੁਤ ਸਾਰੀਆਂ ਰਸੋਲੀਆਂ ਸਨ। ਡਾਕਟਰ ਅਨੁਸਾਰ ਇਨ੍ਹਾਂ ਰਸੌਲੀਆਂ ਦਾ ਆਕਾਰ ਏਨਾ ਕੁ ਵੱਡਾ ਕਿ ਔਰਤ ਦਾ ਪੂਰਾ ਪੇਟ ਰਸੌਲੀਆਂ ਨਾਲ ਭਰਿਆ ਹੋਇਆ ਸੀ। ਜਿਸ ਕਾਰਨ ਇਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ। ਮਰੀਜ਼ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਾਰੇ ਹਸਪਤਾਲਾਂ ਵਿਚ ਆਪਣਾ ਚੈਕਅੱਪ ਕਰਵਾਇਆ ਪਰ ਮਾਯੂਸੀ ਹੀ ਹੱਥ ਲੱਗੀ। ਡਾਕਟਰਾਂ ਨੇ ਦੱਸਿਆ ਕਿ ਜਦ ਇਹ ਮਰੀਜ਼ ਇਸ ਹਸਪਤਾਲ ਵਿਖੇ ਪਹੁੰਚਿਆਂ ਤਾਂ ਸਾਰੇ ਲੋੜੀਂਦੇ ਟੈਸਟ ਕਰਨ ਤੋਂ ਬਾਅਦ ਮਰੀਜ਼ ਦਾ ਆਪ੍ਰੇਸ਼ਨ ਕਰ ਦਿੱਤਾ।। ਲਗਭਗ ਤਿੰਨ ਘੰਟੇ ਚਲੇ ਮਰੀਜ਼ ਦੇ ਇਸ ਆਪ੍ਰੇਸ਼ਨ ਦੌਰਾਨ ਬੱਚੇਦਾਨੀ ਨੂੰ ਬਚਾ ਕੇ ਉਸ ਦੇ ਪੇਟ ਵਿਚੋਂ 32 ਰਸੌਲੀਆਂ ਬਾਹਰ ਕੱਢ ਲਈਆਂ। ਇਸ ਆਪ੍ਰੇਸ਼ਨ ਤੋਂ ਬਾਅਦ ਹੁਣ ਮਰੀਜ਼ ਬਿਲਕੁਲ ਠੀਕ-ਠਾਕ ਹੈ।