ਰੰਗ ਲਿਆਇਆ ਸੀਨੇਟ ਮੈਂਬਰਾਂ ਅਤੇ ਵਿਦਿਆਰਥੀ ਯੂਨੀਅਨ ਦਾ ਵਿਰੋਧ

Monday, Jun 01, 2020 - 01:27 AM (IST)

ਰੰਗ ਲਿਆਇਆ ਸੀਨੇਟ ਮੈਂਬਰਾਂ ਅਤੇ ਵਿਦਿਆਰਥੀ ਯੂਨੀਅਨ ਦਾ ਵਿਰੋਧ

ਲੁਧਿਆਣਾ,(ਵਿੱਕੀ)– ਇਸ ਨੂੰ ਕੁੱਝ ਸੀਨੇਟ ਮੈਂਬਰਾਂ ਅਤੇ ਵਿਦਿਆਰਥੀ ਸੰਗਠਨ ਦੇ ਵਿਰੋਧ ਦਾ ਅਸਰ ਹੀ ਕਿਹਾ ਜਾਵੇਗਾ ਕਿ ਪੰਜਾਬ ਯੂਨੀਵਰਸਿਟੀ ਨੇ ਨਵੇਂ ਸੈਸ਼ਨ ਤੋਂ ਕਾਲਜਾਂ ਵਿਚ ਵਧਾਈ ਜਾਣ ਵਾਲੀ ਫੀਸ ਵਾਧੇ ਦਾ ਪ੍ਰਸਤਾਵ ਵਾਪਸ ਲੈ ਲਿਆ। ਸ਼ਨੀਵਾਰ ਨੂੰ ਆਯੋਜਿਤ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਬੈਠਕ ਵਿਚ ਫੀਸ ਕਮੇਟੀ ਦੇ 2020-21 ਦੇ ਵਿੱਦਿਅਕ ਸੈਸ਼ਨ ਲਈ 5 ਫੀਸਦੀ ਵਾਧੇ ਦਾ ਪ੍ਰਸਤਾਵ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਲੁਧਿਆਣਾ ਤੋਂ ਸੀਨੇਟ ਮੈਂਬਰ ਪ੍ਰੋ. ਨਰੇਸ਼ ਗੌੜ ਨੇ ਵੀ ਲਾਕਡਾਊਨ ਦੇ ਸਮੇਂ ਵਿਚ ਫੀਸ ਵਾਧੇ ਕੀਤੇ ਜਾਣ ਨੂੰ ਵਿਦਿਆਰਥੀਆਂ ’ਤੇ ਵਿੱਤੀ ਬੋਝ ਦੱਸਿਆ ਸੀ। ਇਸ ਸਬੰਧ ਵਿਚ ਉਨ੍ਹਾਂ ਨੇ ਪਿਛਲੇ ਹਫਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਪੱਤਰ ਵੀ ਲਿਖਿਆ ਸੀ। ਉਥੇ ਫੀਸ ਵਾਧੇ ਦੇ ਪ੍ਰਸਤਾਵ ਖਿਲਾਫ ਪੀ. ਯੂ. ਵਿਦਿਆਰਥੀ ਸੰਗਠਨ ਵੀ ਉੱਤਰ ਆਏ ਸਨ। ਸ਼ਨੀਵਾਰ ਨੂੰ ਯੂਨੀਵਰਸਿਟੀ ਵਿਚ ਆਯੋਜਿਤ ਸਿੰਡੀਕੇਟ ਦੀ ਮੀਟਿੰਗ ਦੌਰਾਨ ਵੀ ਵਿਦਿਆਰਥੀ ਸੰਗਠਨਾਂ ਨੇ ਫੀਸ ਵਾਧੇ ਦਾ ਵਿਰੋਧ ਜਤਾਇਆ।

8 ਵਿਦਿਆਰਥੀਆਂ ਵੱਲੋਂ ਸੰਗਠਨ ਸਿੰਡੀਕੇਟ ਮੈਂਬਰਾਂ ਨੂੰ ਮੰਗ ਪੱਤਰ ਵੀ ਸੌਂਪੇ ਗਏ। ਵਿਦਿਆਰਥੀ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਕਾਰਨ ਕਈ ਲੋਕਾਂ ਦਾ ਰੋਜ਼ਗਾਰ ਚਲਾ ਗਿਆ ਹੈ। ਕਈ ਵਿਦਿਆਰਥੀ ਪਾਰਟ ਟਾਈਮ ਕੰਮ ਕਰ ਕੇ ਆਪਣੀ ਫੀਸ ਦਾ ਭੁਗਤਾਨ ਕਰਦੇ ਹਨ। ਉਨ੍ਹਾਂ ਦੀ ਨੌਕਰੀ ਵੀ ਲਾਕਡਾਊਨ ਵਿਚ ਚਲੀ ਗਈ। ਇਸ ਸਮੇਂ ਵਿਚ ਫੀਸ ਵਿਚ ਹੋਰ ਵਾਧਾ ਕਰਨਾ ਗਲਤ ਹੋਵੇਗਾ। ਸੀਨੇਟ ਮੈਂਬਰ ਨਰੇਸ਼ ਗੌੜ ਨੇ ਦੱਸਿਆ ਕਿ ਪਹਿਲਾ ਯੂਨੀਵਰਸਿਟੀ ਦੇ ਨਵੇਂ ਵਿੱਦਿਅਕ ਸੈਸ਼ਨ ਲਈ ਫਾਈਨਾਂਸ ਕੋਰਸਿਜ਼ ’ਤੇ 5 ਫੀਸਦੀ ਅਤੇ ਹੋਰ ਕੋਰਸਿਜ਼ ’ਤੇ 7.5 ਫੀਸਦੀ ਫੀਸ ਵਾਧੇ ਦਾ ਪ੍ਰਸਤਾਵ ਤਿਆਰ ਕੀਤਾ ਸੀ ਪਰ ਇਸ ਦਾ ਵਿਰੋਧ ਹੋਣ ਕਾਰਨ ਕੱਲ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਪ੍ਰਸਤਾਵ ਨੂੰ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਿਸੇ ਵੀ ਸੰਸਥਾ ਨੂੰ ਫੀਸਾਂ ਵਿਚ ਵਾਧਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਪੀ. ਯੂ. ਸਿੰਡੀਕੇਟ ਦੇ ਨਵੇਂ ਫੈਸਲੇ ਨੂੰ ਵਿਦਿਆਰਥੀਆਂ ਦੇ ਹਿੱਤ ਵਿਚ ਕਰਾਰ ਦਿੱਤਾ।


author

Bharat Thapa

Content Editor

Related News