ਪਾਣੀ ਦੀ ਕਿੱਲਤ ਨੂੰ ਲੈ ਕੇ ਵਾਰਡ ਨੰ. 37 ਅਤੇ 38 ਦੇ ਵਾਸੀਆਂ ਨੇ ਨਿਗਮ ਅਤੇ ਮੇਅਰ ਖਿਲਾਫ਼ ਖੋਲ੍ਹਿਆ ਮੋਰਚਾ

04/26/2018 2:51:08 AM

ਪਠਾਨਕੋਟ,  (ਸ਼ਾਰਦਾ)-  ਪਾਣੀ ਦੀ ਕਿੱਲਤ ਦਿਨੋਂ-ਦਿਨ ਨਗਰ ਦੇ ਕਈ ਹਿੱਸਿਆਂ 'ਚ ਵਧਦੀ ਜਾ ਰਹੀ ਹੈ। ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਵਾਰਡ ਨੰ. 37 ਅਤੇ 38 ਦੇ ਵਾਸੀਆਂ ਨੇ ਨਗਰ ਨਿਗਮ ਖਿਲਾਫ਼ ਮੋਰਚਾ ਖੋਲ੍ਹਿਆ ਅਤੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਸਰੋਜ ਗੁਪਤਾ, ਚੰਪਾ ਰਾਣੀ, ਰਜਨੀ ਗੁਪਤਾ, ਵੀਨਾ, ਕਿਰਨ ਟੰਡਨ, ਨਰਿੰਦਰ ਕੌਰ, ਅੰਜੂ ਬਾਲਾ, ਪੂਜਾ, ਰਾਜ ਰਾਣੀ, ਕੰਚਨ ਬਾਲਾ, ਨਿਸ਼ਾ ਮਹਾਜਨ, ਨੀਲਮ, ਸਤਪਾਲ, ਰਾਣੀ, ਕਾਲਾ ਰਾਮ, ਰੌਸ਼ਨ ਲਾਲ, ਵਿਪਨ ਕੁਮਾਰ ਤੇ ਚਮਨ ਲਾਲ ਨੇ ਕਿਹਾ ਕਿ ਕਈ ਦਿਨਾਂ ਤੋਂ ਮੁਹੱਲੇ ਦੇ ਲੋਕ ਪਾਣੀ ਨੂੰ ਲੈ ਕੇ ਤਰਸਦੇ ਆ ਰਹੇ ਹਨ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਹਾਲਾਂਕਿ ਅਜੇ ਗਰਮੀਆਂ ਸ਼ੁਰੂ ਹੀ ਹੋਈਆਂ ਹਨ ਪਰ ਪਾਣੀ ਨੂੰ ਲੈ ਕੇ ਜੰਗ ਜਿਹੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਹੋਏ ਟਿਊਬਵੈੱਲਾਂ ਨੂੰ ਦਰੁੱਸਤ ਕਰਨ 'ਚ ਕੋਈ ਰੁਚੀ ਨਾ ਦਿਖਾਏ ਜਾਣ ਦਾ ਨਤੀਜਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 
ਕੀ ਕਹਿੰਦੇ ਹਨ ਵਾਰਡ ਕੌਂਸਲਰ?
ਵਾਰਡ ਕੌਂਸਲਰ ਰਾਜੂ ਮਹਾਜਨ ਨੇ ਕਿਹਾ ਕਿ ਉਹ ਪਾਣੀ ਦੀ ਕਿੱਲਤ ਨੂੰ ਦੂਰ ਕਰਨ 'ਚ ਰਾਜਨੀਤਕ ਰੂਪ ਤੋਂ ਲਾਚਾਰ ਹਨ। ਉਹ ਇਸ ਬਾਰੇ ਕਈ ਵਾਰ ਨਿਗਮ ਦੇ ਮੇਅਰ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੇ ਬਾਵਜੂਦ ਉਹ ਆਪਣੇ ਬਲਬੂਤੇ 'ਤੇ ਨਿੱਜੀ ਖ਼ਰਚ ਕਰ ਕੇ ਪਾਣੀ ਦਾ ਟੈਂਕਰ ਭਰ ਕੇ ਪ੍ਰਤੀਦਿਨ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰ ਰਹੇ ਹਨ ਪਰ ਉਨ੍ਹਾਂ ਦਾ ਇਹ ਯਤਨ ਅਸਥਾਈ ਹੱਲ ਹੈ। ਨਿਗਮ ਨੂੰ ਖ਼ਰਾਬ ਹੋਏ ਟਿਊਬਵੈੱਲਾਂ ਨੂੰ ਪਹਿਲ ਦੇ ਆਧਾਰ 'ਤੇ ਦਰੁੱਸਤ ਕਰ ਕੇ ਪੁਰਾਣੀਆਂ ਮੋਟਰਾਂ ਨੂੰ ਬਦਲ ਕੇ ਨਵੀਆਂ ਮੋਟਰਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। 
ਕੀ ਕਹਿੰਦੇ ਹਨ ਮੇਅਰ?
ਉਥੇ ਹੀ ਨਗਰ ਨਿਗਮ ਦੇ ਮੇਅਰ ਅਨਿਲ ਵਾਸੂਦੇਵਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਨਿਗਮ ਪ੍ਰਸ਼ਾਸਨ ਛੇਤੀ ਹੀ ਇਸ ਸਮੱਸਿਆ ਦਾ ਹੱਲ ਕਰ ਕੇ ਪ੍ਰਭਾਵਿਤ ਇਲਾਕਿਆਂ ਨੂੰ ਪਾਣੀ ਦੀ ਕਿੱਲਤ ਤੋਂ ਤੁਰੰਤ ਰਾਹਤ ਦੇਵੇਗਾ। 


Related News