ਟੀ-20 ਵਿਸ਼ਵ ਕੱਪ ''ਚ ਅਮਰੀਕਾ ਅਤੇ ਦੱਖਣੀ ਅਫਰੀਕਾ ਨੂੰ ਸਪਾਂਸਰ ਕਰੇਗੀ ਅਮੂਲ
Thursday, May 02, 2024 - 05:29 PM (IST)
ਨਵੀਂ ਦਿੱਲੀ, (ਭਾਸ਼ਾ) ਭਾਰਤੀ ਦੁੱਧ ਉਤਪਾਦ ਨਿਰਮਾਤਾ ਕੰਪਨੀ ਅਮੂਲ ਜੂਨ 'ਚ ਟੀ-20 ਵਿਸ਼ਵ ਕੱਪ ਦੌਰਾਨ ਅਮਰੀਕਾ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨੂੰ ਸਪਾਂਸਰ ਕਰੇਗੀ। ਦੋਵਾਂ ਟੀਮਾਂ ਦੇ ਕ੍ਰਿਕਟ ਬੋਰਡਾਂ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਅਮਰੀਕਾ 1 ਜੂਨ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਸਹਿ-ਮੇਜ਼ਬਾਨ ਵਜੋਂ ਆਪਣੀ ਸ਼ੁਰੂਆਤ ਕਰੇਗਾ। ਸੈਮੀਫਾਈਨਲ ਅਤੇ ਫਾਈਨਲ ਸਮੇਤ ਟੂਰਨਾਮੈਂਟ ਦੇ ਕਈ ਮੈਚ ਵੈਸਟਇੰਡੀਜ਼ ਵਿੱਚ ਹੋਣਗੇ। ਵਿਸ਼ਵ ਕੱਪ ਦਾ ਪਹਿਲਾ ਮੈਚ 1 ਜੂਨ ਨੂੰ ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਵੇਗਾ। ਅਮੂਲ ਪਹਿਲਾਂ ਨੀਦਰਲੈਂਡ, ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਦਾ ਸਪਾਂਸਰ ਰਿਹਾ ਹੈ।
ਅਮੂਲ ਦਾ ਦੁੱਧ ਹੁਣ ਅਮਰੀਕਾ ਵਿੱਚ ਵੀ ਵਿਕ ਰਿਹਾ ਹੈ। ਅਮੂਲ ਦੇ ਪ੍ਰਬੰਧ ਨਿਰਦੇਸ਼ਕ ਜੈਨ ਮਹਿਤਾ ਨੇ ਇੱਕ ਬਿਆਨ ਵਿੱਚ ਕਿਹਾ, “ਅਮੂਲ ਦੁੱਧ ਦੀ ਗੁਣਵੱਤਾ ਅਮਰੀਕੀ ਕ੍ਰਿਕਟ ਟੀਮ ਨੂੰ ਦੁਨੀਆ ਭਰ ਵਿੱਚ ਦਿਲ ਜਿੱਤਣ ਵਿੱਚ ਮਦਦ ਕਰੇਗੀ। ਅਸੀਂ ਆਗਾਮੀ ਟੀ-20 ਵਿਸ਼ਵ ਕੱਪ ਲਈ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ।'' ਦੱਖਣੀ ਅਫਰੀਕਾ ਦੀ ਸਪਾਂਸਰਸ਼ਿਪ ਬਾਰੇ ਉਨ੍ਹਾਂ ਕਿਹਾ, ''ਅਮੂਲ 2019 ਵਨਡੇ ਸੀਰੀਜ਼ ਅਤੇ 2023 ਵਨਡੇ ਵਿਸ਼ਵ ਕੱਪ ਲਈ ਦੱਖਣੀ ਅਫਰੀਕਾ ਦੀ ਟੀਮ ਨਾਲ ਜੁੜਿਆ ਹੋਇਆ ਹੈ। ਸਾਨੂੰ ਇਸ ਸਾਂਝੇਦਾਰੀ ਨੂੰ ਅੱਗੇ ਲਿਜਾਣ 'ਤੇ ਮਾਣ ਹੈ। ਅਸੀਂ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।'' ਦੱਖਣੀ ਅਫਰੀਕਾ ਨੇ ਆਪਣਾ ਪਹਿਲਾ ਮੈਚ 3 ਜੂਨ ਨੂੰ ਸ਼੍ਰੀਲੰਕਾ ਖਿਲਾਫ ਖੇਡਣਾ ਹੈ।