ਸਰਕਾਰ ਦੇ ਵਾਦਿਆਂ ਦੀ ਖੁੱਲੀ ਪੋਲ, ਬਾਰਦਾਨੇ ਦੀ ਘਾਟ ਕਾਰਨ ਕਿਸਾਨ ਮੰਡੀਆਂ ''ਚ ਬੈਠਣ ਨੂੰ ਮਜ਼ਬੂਰ
Tuesday, Apr 27, 2021 - 09:23 PM (IST)
ਖਡੂਰ ਸਾਹਿਬ,(ਗਿੱਲ)- ਸਰਕਾਰ ਵਲੋਂ ਜਿਥੇ ਕਣਕ ਦੀ ਫਸਲ ਨੂੰ ਮੰਡੀਆਂ ਵਿੱਚੋ ਸਮੇਂ ਸਿਰ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਤੌਰ 'ਤੇ ਉਹ ਸੱਚ ਸਾਬਤ ਹੁੰਦੇ ਨਹੀਂ ਜਾਪਦੇ | ਹਲਕਾ ਬਾਬਾ ਬਕਾਲਾ ਅਧੀਨ ਆਉਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਿੱਲਤ ਹੈ ਅਤੇ ਲਿਫਟਿੰਗ ਦਾ ਕੰਮ ਵੀ ਸੁਸਤ ਹੈ | ਇਸ ਮੌਕੇ ਮੀਆਂਵਿੰਡ ਦੀ ਦਾਣਾ ਮੰਡੀ ਵਿਖੇ ਕੁਝ ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆਂ ਕਿ ਮੰਡੀ ਵਿੱਚ ਸਭ ਤੋ ਵੱਡੀ ਘਾਟ ਬਾਰਦਾਨੇ ਦੀ ਹੈ ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਰਾਤ ਗੁਜਾਰਨ ਨੂੰ ਮਜ਼ਬੂਰ ਹਨ। ਲਿਫਟਿੰਗ ਦਾ ਕੰਮ ਵੀ ਸੁਸਤ ਹੋਣ ਕਰਕੇ ਕਣਕ ਖੁੱਲੇ ਅਸਮਾਨ ਹੇਠ ਪਈ ਹੈ |
ਮੰਡੀ ਵਿਖੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਦੇ ਕੁਝ ਚਹੇਤੇ ਆੜਤੀਆਂ ਨੂੰ ਛੱਡ ਕੇ ਬਾਕੀ ਸਭ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕ ਅੱਜ ਮੰਡੀ ਵਿੱਚ ਰੁੱਲਣ ਨੂੰ ਮਜ਼ਬੂਰ ਹਨ | ਕਿਸਾਨੀ ਦੀ ਅਜਿਹੇ ਹਾਲਾਤ ਨੂੰ ਦੇਖ ਕੇ ਸਰਕਾਰ ਦੇ ਉਹਨਾਂ ਵਾਦਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਜੋ ਸਰਕਾਰਾਂ ਨੇ ਚੋਣਾ ਵੇਲੇ ਲੋਕਾਂ ਨਾਲ ਕੀਤੀ ਸੀ। ਇਸ ਮੌਕੇ ਪਨਸਪ ਦੇ ਇੰਸਪੈਕਟਰ ਸ਼ਿਵਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਵਲੋਂ ਮੀਆਵਿੰਡ ਮੰਡੀ ਨੂੰ 49 ਹਜ਼ਾਰ ਤੋੜਾ ਬਾਰਦਾਨਾ ਅੱਜ ਤੱਕ ਦੇ ਦਿੱਤਾ ਗਿਆ ਹੈ ਤੇ 4500 ਤੋੜਾ ਅਜੇ ਉਹਨਾਂ ਕੋਲ ਮੌਜ਼ੂਦ ਹੈ ਤੇ ਮੇਰੇ ਵੱਲੋ ਸਾਰੇ ਆੜਤੀਆਂ ਨੂੰ ਬਿਨਾ ਕਿਸੇ ਭੇਦਭਾਵ ਦੇ ਬਾਰਦਾਨਾ ਦਿੱਤਾ ਜਾ ਰਿਹਾ ਹੈ ਜਦੋਂ ਵੀ ਬਾਰਦਾਨਾ ਆ ਜਾਵੇਗਾ ਤਾਂ ਉਸੇ ਵਕਤ ਮੰਡੀਆਂ ਵਿੱਚ ਪੁਜਦਾ ਕਰ ਦਿੱਤਾ ਜਾਵੇਗਾ |
ਸਵਾਲ ਹੁਣ ਇਹ ਵੀ ਹੈ ਕਿ ਜੇਕਰ ਮੀਆਵਿੰਡ ਦੀ ਮੰਡੀ ਵਿੱਚ 4500 ਤੋੜਾ ਅਜੇ ਖਾਲੀ ਮੌਜ਼ੂਦ ਹੈ ਤਾਂ ਉਹ ਕਿਸ ਕੋਲ ਹੈ ਤੇ ਕਿਸਾਨ ਫਿਰ ਵੀ ਕਿਉਂ ਮੰਡੀ ਵਿੱਚ ਰੁੱਲ ਰਹੇ ਹਨ |