ਮੈਡੀਕਲ ਸਿੱਖਿਆ ਵਿਭਾਗ ਦੀ 4 ਸਾਲਾ ਕਾਰਜ ਯੋਜਨਾ ਤਿਆਰ : ਸੋਨੀ

12/27/2019 3:25:18 PM

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ 4 ਸਾਲਾ ਕਾਰਜ ਯੋਜਨਾ ਦੇ ਖਰੜੇ ਬਾਰੇ ਵੀਰਵਾਰ ਨੂੰ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਦੇ ਕੈਂਪ ਆਫ਼ਿਸ ਵਿਖੇ ਹੋਈ ਮੀਟਿੰਗ 'ਚ ਵਿਚਾਰ-ਚਰਚਾ ਕੀਤੀ ਗਈ। ਸੋਨੀ ਨੇ ਦੱਸਿਆ ਕਿ ਨੇੜਲੇ ਭਵਿੱਖ 'ਚ ਲੋੜੀਂਦੇ ਪ੍ਰੋਜੈਕਟਾਂ ਅਤੇ ਬੁਨਿਆਦੀ ਢਾਂਚੇ, ਉਨ੍ਹਾਂ ਦੀ ਵਿਵਹਾਰਕਤਾ ਅਤੇ ਸੰਚਾਲਨ ਅਤੇ ਰੱਖ-ਰਖਾਅ ਦੀਆਂ ਜ਼ਰੂਰਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਿਆਰ ਹੋ ਚੁੱਕੀ ਇਸ ਯੋਜਨਾ ਦਾ ਧਿਆਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਮਸ਼ੀਨਰੀ/ਉਪਕਰਣਾਂ ਨਾਲ ਲੈਸ ਕਰਨ ਵੱਲ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਰਣਨੀਤਕ ਯੋਜਨਾ 'ਚ ਸਰਕਾਰੀ ਮੈਡੀਕਲ ਕਾਲਜ (ਜੀ. ਐੱਮ. ਸੀ.) ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਐਡਵਾਂਸਡ ਟਰਾਮਾ ਕੇਅਰ ਸੈਂਟਰਾਂ ਦਾ ਵਿਕਾਸ, ਫਰੀਦਕੋਟ ਵਿਖੇ ਜੱਚਾ ਅਤੇ ਬੱਚਾ ਸੰਭਾਲ ਇਕਾਈਆਂ ਸਥਾਪਤ ਕਰਨ, ਜੀ. ਐੱਮ. ਸੀ. ਅੰਮ੍ਰਿਤਸਰ ਵਿਖੇ ਕੈਂਸਰ ਇੰਸਟੀਚਿਊਟ, ਰੇਡੀਓਥੈਰੇਪੀ ਅਤੇ ਨਿਊਕਲੀਅਰ ਮੈਡੀਸਨ ਬਲਾਕ ਦੀ ਸਥਾਪਨਾ, ਟੀ. ਬੀ. ਹਸਪਤਾਲ ਵਿਖੇ ਨਵੇਂ ਪਲਮਨਰੀ ਹੈਲਥ ਕੇਅਰ ਸੈਂਟਰ ਦੀ ਸਥਾਪਨਾ, ਜੀ. ਐੱਮ. ਸੀ. ਪਟਿਆਲਾ ਵਿਖੇ ਬਰਨ ਯੂਨਿਟ, ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਨਵੇਂ ਲਿਕਵਿਡ ਆਕਸੀਜਨ ਪਲਾਂਟ ਦੀ ਸਥਾਪਨਾ, ਸੀਨੀਅਰ ਰੈਜ਼ੀਡੈਂਟ ਡਾਕਟਰਾਂ/ਫੈਕਲਟੀ ਅਤੇ ਵਿਦਿਆਰਥੀਆਂ ਵਾਸਤੇ ਹੋਸਟਲਾਂ ਦੀ ਉਸਾਰੀ, ਬਲੱਡ ਬੈਂਕਾਂ ਅਤੇ ਆਪਰੇਸ਼ਨ ਥੀਏਟਰਾਂ ਨੂੰ ਅਪਗ੍ਰੇਡ ਕਰਨ ਅਤੇ ਸਰਕਾਰੀ ਮੈਡੀਕਲ ਹਸਪਤਾਲਾਂ ਨੂੰ ਅਤਿ-ਆਧੁਨਿਕ ਉਪਕਰਣਾਂ ਨਾਲ ਲੈਸ ਕਰਨਾ ਸ਼ਾਮਲ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੈਂਟਲ ਅਤੇ ਆਯੁਰਵੈਦਿਕ ਕਾਲਜਾਂ ਦੀ ਲੋੜ ਨੂੰ ਵੀ ਯੋਜਨਾ 'ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਸਾਲਾਨਾ ਟੀਚੇ ਅਤੇ ਬਜਟ ਤਿਆਰ ਕੀਤੇ ਗਏ ਹਨ ਤਾਂ ਜੋ ਪ੍ਰੋਜੈਕਟਾਂ ਨੂੰ ਕਿਸੇ ਵਿੱਤੀ ਅੜਿੱਕੇ ਦਾ ਸਾਹਮਣਾ ਨਾ ਕਰਨਾ ਪਵੇ। ਮੰਤਰੀ ਨੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਮੁਖੀਆਂ ਨੂੰ ਉਨ੍ਹਾਂ ਦੇ ਅਦਾਰਿਆਂ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਚੱਲ ਰਹੇ ਪ੍ਰੋਜੈਕਟਾਂ ਲਈ ਅਲਾਟ ਕੀਤੇ ਫੰਡਾਂ ਦੀ ਵਰਤੋਂ ਅਤੇ ਵਰਤੋਂ ਸਰਟੀਫਿਕੇਟ ਖਜ਼ਾਨੇ 'ਚ ਜ਼ਮ੍ਹਾ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਅੱਗੇ ਫੰਡ ਜਾਰੀ ਕਰਨ ਵਿਚ ਕੋਈ ਦਿੱਕਤ ਨਾ ਆਵੇ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ 4 ਸਾਲਾ ਰਣਨੀਤਕ ਯੋਜਨਾ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ. ਰਾਜ ਬਹਾਦਰ, ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬੀ. ਕੇ. ਕੌਸ਼ਿਕ, ਮੈਡੀਕਲ ਸਿੱÎਖਿਆ ਦੇ ਪ੍ਰਮੁੱਖ ਸਕੱਤਰ, ਡੀ. ਕੇ. ਤਿਵਾੜੀ, ਮੈਡੀਕਲ ਸਿੱਖਿਆ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਦੇ ਪ੍ਰਿੰਸੀਪਲ ਕ੍ਰਮਵਾਰ ਡਾ. ਸੁਜਾਤਾ ਸ਼ਰਮਾ ਅਤੇ ਡਾ. ਹਰਵਿੰਦਰ ਸਿੰਘ, ਮੈਡੀਕਲ ਸੁਪਰਡੈਂਟ ਪਟਿਆਲਾ ਡਾ. ਅਸ਼ਵਨੀ ਕੁਮਾਰ, ਮੈਡੀਕਲ ਸੁਪਰਡੈਂਟ ਅੰਮ੍ਰਿਤਸਰ ਡਾ. ਜੇ. ਐੱਸ. ਕੋਲਾਰ ਅਤੇ ਸਰਕਾਰੀ ਡੈਂਟਲ ਐਂਡ ਆਯੁਰਵੈਦਿਕ ਕਾਲਜਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।


Anuradha

Content Editor

Related News