ਆਨਲਾਈਨ ਪੜ੍ਹਾਈ ਜਾਂ ਬੱਚਿਆਂ ''ਤੇ ਅੱਤਿਆਚਾਰ

Saturday, May 09, 2020 - 11:11 AM (IST)

ਆਨਲਾਈਨ ਪੜ੍ਹਾਈ ਜਾਂ ਬੱਚਿਆਂ ''ਤੇ ਅੱਤਿਆਚਾਰ

ਕੋਰੋਨਾ ਵਾਇਰਸ ਕਰਕੇ ਸਮੁੱਚੀ ਦੁਨੀਆ ਦਾ ਸਿੱਖਿਆ ਤੰਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਜਿੱਥੇ ਸਕੂਲ ਬੰਦ ਹਨ, ਉੱਥੇ ਹੀ ਕਾਲਜ, ਯੂਨੀਵਰਸਿਟੀਆਂ ਅਤੇ ਤਕਨੀਕੀ ਅਦਾਰੇ ਵੀ ਬਿਲਕੁਲ ਬੰਦ ਹੋ ਚੁਕੇ ਹਨ। ਭਾਰਤ ਅੰਦਰ ਵੱਖ- ਵੱਖ ਸੂਬਿਆਂ ਨੇ ਵੱਖ-ਵੱਖ ਸਮੇਂ ਲਈ ਆਪਣੇ ਅਧੀਨ ਆਉਂਦੇ ਸਿੱਖਿਆ ਅਦਾਰੇ ਬਿਲਕੁਲ ਬੰਦ ਕਰ ਦਿੱਤੇ ਗਏ ਹਨ। ਕੁਝ ਸੂਬਿਆਂ ਵਿਚ ਸਕੂਲ, ਕਾਲਜ 30 ਜੂਨ ਤੱਕ ਬੰਦ ਹਨ ਅਤੇ ਕੁਝ ਵਿਚ 31 ਮਈ ਤੱਕ। ਕੁਝ ਸੂਬੇ ਇਸ ਤੋਂ ਵੀ ਅੱਗੇ ਬੰਦ ਕਰਨ ਲਈ ਯੋਜਨਾਵਾਂ ਬਣਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ। ਉਂਝ ਇਨ੍ਹਾਂ ਉੱਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਸਰਕਾਰਾਂ ਨੇ ਬੱਚਿਆਂ ਦੀ ਸਿਹਤ ਨੂੰ ਤਰਜ਼ੀਹ ਦਿੱਤੀ ਹੈ।

ਪਰ ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਅੱਜਕਲ੍ਹ ਬੱਚਿਆਂ ਨੂੰ ਆਨ ਲਾਈਨ (On Line) ਪੜ੍ਹਾਈ ਕਰਵਾਈ ਜਾ ਰਹੀ ਹੈ/ ਪੜ੍ਹਾਇਆ ਜਾ ਰਿਹਾ ਹੈ/ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕੁਝ ਹੱਦ ਤੱਕ ਇਹ ਕੰਮ ਸਾਰਥਕ ਮੰਨਿਆ ਜਾ ਸਕਦਾ ਹੈ। ਪਰ ਜਦੋਂ ਇਸ ਆਨ ਲਾਈਨ (On Line) ਪੜ੍ਹਾਈ ਦੀ ਤਹਿ 'ਚ ਜਾ ਕੇ ਪੜਚੋਲ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਨਤੀਜੇ ਵੇਖਣ ਨੂੰ ਮਿਲਦੇ ਹਨ।

ਚੰਗੀ ਸਿੱਖਿਆ ਸਮੁੱਚੇ ਨਾਗਰਿਕਾਂ ਦਾ ਮੁੱਢਲਾ ਹੱਕ ਹੈ। ਇਹ ਹੱਕ ਸਭ ਨੂੰ ਮਿਲਣਾ ਚਾਹੀਦਾ ਹੈ; ਇਸ ਗੱਲ ਵਿਚ ਦੋ ਰਾਵਾਂ ਨਹੀਂ ਹਨ ਪਰ ਇਸ ਤਰ੍ਹਾਂ ਦਾ ਕਾਰਜ (ਅੱਧਾ-ਅਧੂਰਾ ਆਨ ਲਾਈਨ (On Line) ਪੜ੍ਹਾਉਣ ਦਾ ਡਰਾਮਾ) ਸਿੱਖਿਆ ਵਿਭਾਗ ਅਤੇ ਪੜ੍ਹੇ-ਲਿਖੇ ਲੋਕਾਂ ਨੂੰ ਚੱਜਦਾ ਨਹੀਂ। ਭਾਰਤ ਅੰਦਰ ਬਹੁਤ ਸਾਰੇ ਅਜਿਹੇ ਵਿਭਾਗ ਹਨ, ਜਿੱਥੇ ਬਹੁਤੇ ਪੜ੍ਹੇ-ਲਿਖੇ ਲੋਕ ਨਹੀਂ ਜਾਂਦੇ। ਉੱਥੇ ਸਿਰਫ 10ਵੀਂ ਜਾਂ 12ਵੀਂ ਪਾਸ ਉਮੀਦਵਾਰ ਹੀ ਭਰਤੀ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਮਾਨਸਿਕ ਮਜ਼ਬੂਤੀ ਨਾਲੋਂ ਸਰੀਰਿਕ ਮਜ਼ਬੂਤੀ ਵਧੇਰੇ ਲਾਜ਼ਮੀ ਹੁੰਦੀ ਹੈ। ਪਰ ਸਿੱਖਿਆ ਵਿਭਾਗ 'ਚ ਤਾਂ ਉੱਚ ਸਿੱਖਿਅਤ ਉਮੀਦਵਾਰ ਹੀ ਚੁਣੇ ਜਾਂਦੇ ਕਿਉਂਕਿ ਇਨ੍ਹਾਂ ਦੇ ਹੱਥਾਂ 'ਚ ਸਾਡੇ ਭਵਿੱਖ ਦੀ ਪਨੀਰੀ ਹੁੰਦੀ ਹੈ। ਜੇਕਰ ਅਜਿਹੇ ਪੜ੍ਹੇ-ਲਿਖੇ ਲੋਕਾਂ ਦੇ ਵਿਭਾਗ 'ਚ ਅਣਗਹਿਣੀ ਹੁੰਦੀ ਹੈ ਤਾਂ ਸੱਚਮੁਚ ਅਫਸੋਸ ਹੁੰਦਾ ਹੈ। ਖੈਰ, ਅੱਜਕਲ੍ਹ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਵਟਸਐਪ 'ਤੇ ਕੰਮ ਕਰਨ ਲਈ ਭੇਜਦੇ ਹਨ। ਕਿਸੇ ਬੱਚੇ (ਜਿਹੜਾ ਇਸ ਸਾਲ 2020 ਦੇ ਮਾਰਚ ਮਹੀਨੇ ਉਹ ਜਮਾਤ ਪਾਸ ਕਰ ਗਿਆ ਹੋਵੇ) ਦੀ ਕਾਪੀ ਦੀਆਂ ਮੋਬਾਇਲ ਰਾਹੀਂ ਤਸਵੀਰਾਂ ਖਿੱਚ ਕੇ ਬੱਚਿਆਂ ਦੇ ਵਟਸਐਪ ਗਰੁੱਪ 'ਚ ਭੇਜ ਦਿੱਤੀਆਂ ਜਾਂਦੀਆਂ ਹਨ। ਬੱਚੇ ਦਿਨ-ਰਾਤ ਲਿਖਣ ਵਿਚ ਲੱਗੇ ਹੋਏ ਹਨ। ਇਕ ਦਿਨ 'ਚ 20-20 ਪੰਨੇ ਭੇਜ ਦਿੱਤੇ ਜਾਂਦੇ ਹਨ ਅਤੇ ਬੱਚੇ ਵਿਚਾਰੇ ਪੰਨੇ ਕਾਲੇ ਕਰਨ 'ਚ ਰੁੱਝੇ ਹੋਏ ਹਨ। ਕੋਈ ਭਾਵ ਅਰਥ ਨਹੀਂ ਸਮਝਾ ਰਿਹਾ। ਕੋਈ ਪਾਠ, ਕੋਈ ਲੈਕਚਰ ਨਹੀਂ। ਬੱਸ, ਤਸਵੀਰਾਂ ਖਿੱਚੀਆਂ ਅਤੇ ਬੱਚਿਆਂ ਦੇ ਵਟਸਐਪ ਗਰੁੱਪ 'ਚ ਭੇਜ ਦਿੱਤੀਆਂ।

PunjabKesari

ਮਾਂ-ਬਾਪ ਸਵਾਲ ਕਰਦੇ ਹਨ ਤਾਂ ਅੱਗੇ ਤੋਂ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤਾਂ ਆਪਣਾ ਸਿਲੇਬਸ ਪੂਰਾ ਕਰਵਾਉਣਾ ਹੈ। ਅਜਿਹਾ ਹੁਕਮ ਪ੍ਰਿੰਸੀਪਲ ਅਤੇ ਸਕੂਲ ਪ੍ਰਸ਼ਾਸ਼ਨ ਵੱਲੋਂ ਮਿਲਿਆ ਹੋਇਆ ਹੈ ਕਿ ਜਦੋਂ ਸਕੂਲ ਖੁੱਲ੍ਹਣ ਤਾਂ ਬੱਚਿਆਂ ਦਾ ਸਿਲੇਬਸ ਪੂਰਾ ਹੋਵੇ। ਹੁਣ ਸਿਆਣੇ ਬੰਦੇ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਬੱਚਿਆਂ ਨੂੰ ਪੜ੍ਹਾਈ ਅਤੇ ਪਾਠ ਦੇ ਅਰਥ ਦੀ ਕਿੰਨੀ ਕੂ ਸਮਝ ਲੱਗੀ ਹੋਵੇਗੀ? ਪਰ! ਸਿੱਖਿਆ ਵਿਭਾਗ ਅਤੇ ਸਕੂਲ ਪ੍ਰਸ਼ਾਸਨ ਖਬਰੇ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਿਹਾ? ਉਹਨਾਂ ਤਾਂ ਆਪਣੇ ਸਿਲੇਬਸ ਨੂੰ ਕਵਰ ਕਰਨਾ ਹੈ; ਹੋਰ ਕੁਝ ਨਹੀਂ।

ਦੂਜੀ ਗੱਲ, ਵੱਟਸਐਪ ਗੁਰੱਪ ਵਿਚ ਕਿਸੇ ਅਧਿਆਪਕ (ਲਗਭਗ 99% ਫੀਸਦੀ) ਨੇ ਆਪਣੇ ਬੱਚਿਆਂ ਨੂੰ ਕੋਰੋਨਾ ਤੋਂ ਬਚਣ ਦੀ ਅਪੀਲ ਨਹੀਂ ਕੀਤੀ। ਕੀ ਅਧਿਆਪਕ ਆਡੀਓ (Audio) ਜਾਂ ਵੀਡੀਓ (Video) ਬਣਾ ਕੇ ਆਪਣੀ ਕਲਾਸ ਦੇ ਬੱਚਿਆਂ ਨੂੰ ਸੁਚੇਤ ਨਹੀਂ ਕਰ ਸਕਦੇ? ਉਹਨਾਂ ਨੂੰ ਇਸ ਵਾਇਰਸ ਬਾਰੇ ਨਹੀਂ ਦੱਸ ਸਕਦੇ? ਅਸਲ ਵਿਚ ਮਾਂ-ਬਾਪ ਚਾਹੇ ਜਿੰਨੇ ਮਰਜ਼ੀ ਪੜ੍ਹੇ-ਲਿਖੇ ਹੋਣ, ਵਿਦਵਾਨ ਹੋਣ, ਸੁਲਝੇ ਹੋਏ ਹੋਣ ਪਰ ਅਧਿਆਪਕ ਦੀ ਕਹੀ ਗੱਲ ਦਾ ਬੱਚਿਆਂ ਉੱਪਰ ਡੂੰਘਾ ਅਸਰ ਪੈਂਦਾ ਹੈ। ਅਧਿਆਪਕ ਦੀ ਕਹੀ ਗੱਲ ਨੂੰ ਬੱਚੇ ਗੰਭੀਰਤਾ ਨਾਲ ਲੈਂਦੇ ਹਨ। ਪਰ ਅਫਸੋਸ ਅੱਜ 99% ਫੀਸਦੀ ਅਧਿਆਪਕ ਇਹ ਕਾਰਜ ਨਹੀਂ ਕਰ ਰਹੇ।

ਸਿਲੇਬਸ ਨੂੰ ਸਿਰੇ ਚਾੜਨਾ ਲਾਜ਼ਮੀ ਹੈ ਪਰ ਕੀ ਅਧਿਆਪਕ ਦਸ ਮਿੰਟ ਜਾਂ ਪੰਦਰਾਂ ਮਿੰਟ ਦੀ ਕੋਈ ਵੀਡੀਓ (Video) ਬਣਾ ਕੇ ਆਪਣੀ ਕਲਾਸ ਦੇ ਬੱਚਿਆਂ ਨੂੰ ਪਾਠ ਨਹੀਂ ਸਮਝਾ ਸਕਦੇ। ਸ਼ਾਇਦ! ਉਹ ਅਜਿਹਾ ਕਰ ਸਕਦੇ ਹਨ ਪਰ ਇਨ੍ਹਾਂ ਕੰਮਾਂ ਲਈ ਮਿਹਨਤ ਕਰਨੀ ਪੈਣੀ ਹੈ ਅਤੇ ਵਕਤ ਲਗਾਉਣਾ ਪੈਣਾ ਹੈ। ਖਬਰੇ ਇਸੇ ਲਈ ਬਹੁਤੇ ਅਧਿਆਪਕ ਤਾਂ ਤਸਵੀਰਾਂ ਖਿੱਚ ਕੇ ਵਟਸਐਪ ਗੁਰੱਪ 'ਚ ਪਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਰਹੇ। ਉਂਝ ਉਹ ਆਪਣੇ ਨਿੱਤ ਦੇ ਸਿਲੇਬਸ ਦੀ ਰਿਪੋਰਟ ਪਿੰ੍ਰਸੀਪਲ ਜਾਂ ਹੋਰ ਪ੍ਰਸ਼ਾਸਨਿਕ ਅਫਸਰਾਂ ਨੂੰ ਜ਼ਰੂਰ ਦੇ ਦਿੰਦੇ ਹਨ। ਪਰ ਬੱਚਿਆਂ ਨੂੰ ਕੀ ਸਮਝ ਆਇਆ?, ਇਸ ਬਾਰੇ ਤਾਂ ਬੱਚੇ ਜਾਂ ਫਿਰ ਉਨ੍ਹਾਂ ਦੇ ਅਧਿਆਪਕ ਹੀ ਦੱਸ ਸਕਦੇ ਹਨ।

ਹੈਰਾਨੀ ਅਤੇ ਅਚੰਭਾ ਹੁੰਦਾ ਹੈ ਕਿ ਵੱਡੇ-ਵੱਡੇ ਨਾਮੀਂ ਸਕੂਲ ਵੀ ਅਜਿਹੇ ਫਜ਼ੂਲ ਤਰੀਕੇ ਨਾਲ ਬੱਚਿਆਂ ਦੇ ਸਿਲੇਬਸ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ। ਬੱਚੇ ਦੋਹਰੀ ਮਾਰ ਝੱਲ ਰਹੇ ਹਨ, ਇਕ ਤਾਂ ਦਿਨ-ਰਾਤ ਪੰਨੇ ਕਾਲੇ ਕਰ ਰਹੇ ਹਨ ਅਤੇ ਦੂਜਾ ਉਨ੍ਹਾਂ ਨੂੰ ਸਮਝ ਕੁਝ ਨਹੀਂ ਆ ਰਿਹਾ। ਰਹਿੰਦੀ ਕਸਰ ਸਿਲੇਬਸ ਪੂਰਾ ਕਰਨ ਦੇ ਡਰ ਨੇ ਪੂਰੀ ਕਰ ਦਿੱਤੀ ਹੈ।
ਸਿੱਖਿਆ ਵਿਭਾਗ ਕੁੰਭਕਰਨ ਦੀ ਨੀਂਦਰ ਸੁੱਤਾ ਪਿਆ ਹੈ, ਉਹ ਚਾਹੇ ਉੱਚ ਸਿੱਖਿਆ ਵਿਭਾਗ ਹੋਵੇ ਅਤੇ ਚਾਹੇ ਸਕੂਲੀ ਸਿੱਖਿਆ ਵਿਭਾਗ ਹੋਵੇ। ਜੇਕਰ ਸਿੱਖਿਆ ਵਿਭਾਗ ਦਾ ਅਮਲਾ ਦਿਲਚਸਪੀ ਲੈ ਕੇ ਹੁਕਮ ਪਾਸ ਕਰੇ ਤਾਂ ਬਹੁਤ ਸਾਰੇ ਰਾਹ ਲੱਭੇ ਜਾ ਸਕਦੇ ਹਨ ਜਿਹਨਾਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਪਾਠ ਦਾ ਅਰਥ ਭਾਵ ਸਮਝਾਇਆ ਵੀ ਜਾ ਸਕਦਾ ਹੈ। ਕੁਝ ਦਾ ਜ਼ਿਕਰ ਉੱਪਰ ਕੀਤਾ ਜਾ ਚੁਕਿਆ ਹੈ।

ਆਖਰ 'ਚ ਕਿਹਾ ਜਾ ਸਕਦਾ ਹੈ ਕਿ ਅਧਿਆਪਕ ਜੇਕਰ ਚਾਹੁਣ ਤਾਂ ਨਿੱਕੀਆਂ-ਨਿੱਕੀਆਂ ਵੀਡੀਓ (Video) ਬਣਾ ਕੇ ਜਾਂ ਫਿਰ ਆਡੀਓ (Audio) ਕਲਿੱਪ ਬਣਾ ਕੇ ਆਪਣੇ ਸਕੂਲੀ ਬੱਚਿਆਂ ਦੇ ਗਰੁੱਪ ਵਿਚ ਪਾ ਸਕਦੇ ਹਨ। ਚਾਰ- ਚਾਰ ਵਿਦਿਆਰਥੀਆਂ ਲਈ ਗਰੁੱਪ 'ਚ ਵੀਡੀਓ ਕਾਲ (Video 3all) ਜਾਂ ਆਡੀਓ ਕਾਲ (Audio 3all) ਵੀ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਨਵੇਂ ਐਪ ਵੀ ਲੱਭੇ ਜਾ ਸਕਦੇ ਹਨ ਜਿਹਨਾਂ ਰਾਹੀਂ ਇਕੋ ਸਮੇਂ ਵੱਧ ਵਿਦਿਆਰਥੀ ਜੁੜ ਸਕਣ। ਖਾਸ ਹਾਲਤਾਂ ਵਿਚ ਮੋਬਾਇਲ ਰਾਹੀਂ ਗੱਲਬਾਤ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਬੱਚਿਆਂ ਦੇ ਮਨਾਂ ਉੱਪਰ ਬੋਝ ਨਾ ਪਵੇ। ਪਰ, ਇਹ ਕਾਰਜ ਹੁੰਦਾ ਕਦੋਂ ਹੈ ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।
ਡਾ- ਨਿਸ਼ਾਨ ਸਿੰਘ ਰਾਠੌਰ
# 1054/1, ਵਾ. ਨੰ. 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਮੋਬਾਇਲ ਨੰ. 75892- 33437.


author

shivani attri

Content Editor

Related News