ਪਿਆਜ਼ ਦੇ ਭਰੇ ਟਰੱਕ ’ਚੋਂ 52 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ, 3 ਗ੍ਰਿਫਤਾਰ

Wednesday, Jul 27, 2022 - 03:57 PM (IST)

ਪਿਆਜ਼ ਦੇ ਭਰੇ ਟਰੱਕ ’ਚੋਂ 52 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ, 3 ਗ੍ਰਿਫਤਾਰ

ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਮਿਲੀ ਸੂਚਨਾ ਦੇ ਅਧਾਰ ’ਤੇ ਦਾਣਾ ਮੰਡੀ ਜ਼ੀਰਾ ਵਿਚ ਰੇਡ ਕਰਦੇ ਹੋਏ ਇਕ ਪਿਆਜ਼ ਵਾਲੇ ਟਰੱਕ ਵਿਚੋਂ 52 ਕਿਲੋ ਭੁੱਕੀ ਚੂਰਾ ਪੋਸਤ ਦੀਆਂ ਦੋ ਬੋਰੀਆਂ ਬਰਾਮਦ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਟਰੱਕ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਇਸਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਦੀਪਿਕਾ ਰਾਣੀ ਨੇ ਦੱਸਿਆ ਕਿ ਜਦ ਪੁਲਸ ਪਾਰਟੀ ਏ.ਐੱਸ.ਆਈ. ਜਗਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ ਅਤੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਟਰੱਕ ਜੋ ਗੰਢਿਆ (ਪਿਆਜ਼) ਦਾ ਲੱਦਿਆ ਹੋਇਆ ਹੈ, ਦਾਣਾ ਮੰਡੀ ਜ਼ੀਰਾ ਵਿਖੇ ਬਣੇ ਸ਼ੈੱਡਾਂ ਦੇ ਥੱਲੇ ਖੜ੍ਹਾ ਹੈ, ਜਿਸ ਦਾ ਮਾਲਕ ਗੁਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੋਹਗੜ੍ਹ ਥਾਣਾ ਕੁਲਗੜ੍ਹੀ ਜ਼ਿਲ੍ਹਾ ਫਿਰੋਜ਼ਪੁਰ ਹੈ ਅਤੇ ਡਰਾਇਵਰ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਅਵਤਾਰ ਸਿੰਘ ਵਾਸੀ ਸਨੇਰ ਰੋਡ ਜ਼ੀਰਾ ਅਤੇ ਕੰਡਕਟਰ ਰਵਿੰਦਰ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਵਾੜਾ ਪੋਹਵਿੰਡ ਥਾਣਾ ਸਦਰ ਜ਼ੀਰਾ ਹਨ।

ਇਹ ਤਿੰਨੇ ਜਣੇ ਮੱਧ ਪ੍ਰਦੇਸ਼ ਵਿੱਚੋਂ ਗੰਢੇ (ਪਿਆਜ਼) ਲੱਦ ਕੇ ਲਿਆਏ ਹਨ ਤੇ ਗੰਢਿਆਂ ਦੀਆਂ ਬੋਰੀਆਂ ਥੱਲੇ ਇਨ੍ਹਾਂ ਨੇ ਪੋਸਤ ਦੇ ਗੱਟੇ ਛੁਪਾਏ ਹੋਏ ਹਨ, ਜਿਸ ’ਤੇ ਪੁਲਸ ਪਾਰਟੀ ਵਲੋਂ ਰੇਡ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਕਤ ਟਰੱਕ ਕਬਜ਼ੇ ਵਿਚ ਲੈ ਕੇ ਤਲਾਸ਼ੀ ਲਈ ਤਾਂ 26/26 ਕਿਲੋਗ੍ਰਾਮ ਦੀਆਂ 02 ਬੋਰੀਆਂ (ਕੁੱਲ 52 ਕਿਲੋ) ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News