ਰੱਖੜੀ ਵਾਲੇ ਦਿਨ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਖੁਦ ਨੂੰ ਲਾਈ ਅੱਗ

08/27/2018 6:39:24 AM

ਲੁਧਿਆਣਾ, (ਰਿਸ਼ੀ)- ਰੱਖੜੀ ਵਾਲੇ ਦਿਨ ਜਿੱਥੇ ਇਕ ਪਾਸੇ ਲੋਕ ਤਿਉਹਾਰ ਮਨਾ ਰਹੇ ਸਨ, ਉਥੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਔਰਤ ਨੇ ਤੇਲ ਛਿੜਕ ਕੇ ਖੁਦ ਨੂੰ ਸਾੜ ਲਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ  ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ  ਦਿੱਤਾ। ਇਲਾਜ ਦੌਰਾਨ ਦੇਰ ਸ਼ਾਮ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਸੀਮਾ ਰਾਣੀ ਵਾਸੀ ਈ. ਡਬਲਯੂ. ਐੱਸ. ਕਾਲੋਨੀ ਦੇ ਰੂਪ ’ਚ ਹੋਈ ਹੈ। 
ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
ਮ੍ਰਿਤਕਾ ਦੇ ਪਰਿਵਾਰ ਵਾਲਿਅਾਂ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਖਿਲਾਫ ਕਈ ਵਾਰ ਥਾਣਾ ਡਵੀਜ਼ਨ ਨੰ. 7 ’ਚ ਸ਼ਿਕਾਇਤ ਦਿੱਤੀ ਗਈ ਪਰ ਉਸ ਦੀ ਕਦੇ ਵੀ ਪੁਲਸ ਨੇ ਸੁਣਵਾਈ ਨਹੀਂ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਐਤਵਾਰ ਨੂੰ ਵੀ ਸਹੁਰੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਸਟੇਸ਼ਨ ਗਏ ਸਨ ਪਰ ਉਨ੍ਹਾਂ ਨੂੰ ਵੋਮੈਨ ਸੈੱਲ ਜਾਣ ਦਾ ਕਹਿ ਕੇ ਵਾਪਸ ਭੇਜ ਦਿੱਤਾ। ਪਰਿਵਾਰ ਵਾਲਿਅਾਂ ਦਾ ਦੋਸ਼ ਹੈ  ਕਿ ਜੇਕਰ ਪੁਲਸ ਨਿਰਪੱਖ ਜਾਂਚ ਕਰਦੀ ਤਾਂ ਉਨ੍ਹਾਂ ਦੀ ਬੇਟੀ ਦੀ ਮੌਤ ਨਾ ਹੁੰਦੀ।
10 ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ 10 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਭੈਣ ਦਾ ਵਿਆਹ ਕੀਤਾ ਸੀ ਪਰ ਸਹੁਰੇ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਤੰਗ ਆ ਕੇ ਉਨ੍ਹਾਂ ਨੇ ਖੁਦ ਭੈਣ ਨੂੰ ਵੱਖਰਾ ਘਰ ਲੈ  ਕੇ ਦਿੱਤਾ ਸੀ, ਜਿੱਥੇ ਪਤੀ-ਪਤਨੀ ਰਹਿਣ ਲੱਗ ਪਏ ਪਰ ਫਿਰ ਵੀ ਸਹੁਰੇ ਪਰਿਵਾਰ ਵਾਲੇ ਉਸ ਨੂੰ ਪ੍ਰੇਸ਼ਾਨ ਕਰਦੇ ਰਹੇ। ਉਨ੍ਹਾਂ ਦਾ ਦੋਸ਼ ਹੈ ਕਿ ਬੀਤੀ 8 ਅਗਸਤ ਨੂੰ ਸੀਮਾ ਦੀ ਉਸ ਦੇ ਪਤੀ ਨੇ ਕੁੱਟ-ਮਾਰ ਕੀਤੀ, ਪੁਲਸ ਵਲੋਂ ਪੁਲਸ ਵਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਉਨ੍ਹਾਂ ਨੇ ਪੁਲਸ ਵਿਭਾਗ ਦੀ ਹੈਲਪ ਲਾਈਨ ਨੰ. 181 ’ਤੇ ਫੋਨ ਕੀਤਾ, ਜਿਸ ’ਚ ਪੁਲਸ ਨੇ ਸਮਝੌਤਾ ਕਰਵਾ ਦਿੱਤਾ। ਸ਼ਨੀਵਾਰ ਨੂੰ ਵੀ ਭੈਣ ਨਾਲ ਕੁੱਟਮਾਰ ਹੋਈ ਸੀ।
 ਰੱਖੜੀ ਬੰਨ੍ਹ ਕੇ ਲਾਈ ਅੱਗ
ਮ੍ਰਿਤਕਾ ਦੇ ਭਰਾ ਸੋਨੂੰ ਨੇ ਦੱਸਿਆ ਕਿ ਐਤਵਾਰ ਨੂੰ ਭੈਣ ਪਹਿਲਾਂ ਉਨ੍ਹਾਂ ਦੇ ਘਰ ਆਈ ਸੀ ਅਤੇ ਰੱਖੜੀ ਬੰਨ੍ਹ ਕੇ ਚਲੀ ਗਈ। ਪਤੀ ਵਲੋਂ ਕੁੱਟ-ਮਾਰ ਕਰਨ ਦਾ ਪਤਾ ਲੱਗਣ ’ਤੇ ਉਹ ਵੀ ਪੁਲਸ ਸਟੇਸ਼ਨ ਗਏ ਸਨ ਪਰ ਉਨ੍ਹਾਂ ਨੂੰ ਵੋਮੈਨ ਸੈੱਲ ਜਾਣ ਲਈ ਕਿਹਾ ਗਿਆ ਘਰ ਵਾਪਸ ਪੁੱਜਣ ’ਤੇ ਫਿਰ ਸਹੁਰੇ ਪਰਿਵਾਰ ਵਾਲਿਅਾਂ ਨੇ ਉਸ ਨਾਲ ਕੁੱਟ-ਮਾਰ ਕੀਤੀ, ਜਿਸ ਤੋਂ ਤੰਗ ਆ ਕੇ ਉਸ ਨੇ ਖੁਦ ਨੂੰ ਅੱਗ ਲਾ ਲਈ।
ਔਰਤ ਵਲੋਂ ਅੱਗ ਲਾਉਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨੇ ਪਟਿਆਲਾ ਦੇ ਸਰਕਾਰੀ ਹਸਪਤਾਲ ’ਚ ਦਮ ਤੋੜ ਦਿੱਤਾ, ਪੁਲਸ ’ਤੇ ਲਗਾਏ ਸਾਰੇ ਦੋਸ਼ ਬੇਬੁਨਿਆਦ ਹਨ। ਰਿਸ਼ਤੇਦਾਰਾਂ ਦੇ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਐੱਸ. ਐੱਚ. ਓ. ਹਰਜਿੰਦਰ ਸਿੰਘ ਭੱਟੀ, ਥਾਣਾ ਡਵੀਜ਼ਨ ਨੰ. 7


Related News