26 ਨੂੰ ਦੇਸ਼ ਭਰ ਦੇ ਕਿਸਾਨ ਘਰਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਉਣ : ਟਿਕੈਤ

Monday, May 24, 2021 - 02:58 PM (IST)

26 ਨੂੰ ਦੇਸ਼ ਭਰ ਦੇ ਕਿਸਾਨ ਘਰਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਉਣ : ਟਿਕੈਤ

ਮੋਹਾਲੀ (ਨਿਆਮੀਆਂ) : 26 ਮਈ ਨੂੰ ਪੂਰੇ ਦੇਸ਼ਵਾਸੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਪੋ-ਆਪਣੀਆਂ ਗੱਡੀਆਂ ਤੇ ਘਰਾਂ ’ਤੇ ਕਾਲੇ ਝੰਡੇ ਲਾਉਣ ਅਤੇ ਕਾਲੇ ਕੱਪੜੇ ਪਹਿਨ ਰੋਸ ਪ੍ਰਗਟਾਉਣ। ਇਹ ਅਪੀਲ ਇੱਥੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਕੀਤੀ। ਉਹ ਇੱਥੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ 26 ਮਈ ਨੂੰ ਕਿਸਾਨਾਂ ਦੇ ਦਿੱਲੀ ’ਚ ਧਰਨੇ ਨੂੰ 6 ਮਹੀਨੇ ਪੂਰੇ ਹੋ ਜਾਣਗੇ। ਦੇਸ਼ ਭਰ ਦੇ ਕਿਸਾਨ ਜਿੱਥੇ ਵੀ 26 ਮਈ ਨੂੰ ਹੋਣ, ਉਸੇ ਥਾਂ ’ਤੇ ਆਪੋ-ਆਪਣੇ ਟਰੈਕਟਰਾਂ ਵਾਹਨਾਂ ਘਰਾਂ ਆਦਿ ’ਤੇ ਕਾਲੇ ਝੰਡੇ ਲਾ ਕੇ ਅਤੇ ਕਾਲੇ ਕੱਪੜੇ ਪਹਿਨ ਕੇ ਰੋਸ ਪ੍ਰਗਟ ਕਰਨ।

ਇਹ ਵੀ ਪੜ੍ਹੋ :  ਰੰਧਾਵਾ ਤੇ ਚੰਨੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੀ ਸਰਕਾਰ ’ਚ ਮੰਤਰੀ ਰਹਿਣ ਲਈ ਮੰਗਣ ਮੁਆਫ਼ੀ : ਚੀਮਾ

ਦੀਪ ਸਿੱਧੂ ਸਣੇ ਕਿਸਾਨ ਵੀ ਹਨ ਬੇਕਸੂਰ
ਬੰਗਾਲ ਚੋਣਾਂ ਵਿਚ ਹੋਈ ਤ੍ਰਿਣਮੂਲ ਕਾਂਗਰਸ ਦੀ ਜਿੱਤ ਸਬੰਧੀ ਕਿਸਾਨਾਂ ਦੇ ਰੋਲ ਬਾਰੇ ਪੁੱਛਣ ’ਤੇ ਟਿਕੈਤ ਨੇ ਕਿਹਾ ਕਿ ਬੰਗਾਲ ਦੇ ਲੋਕ ਪਹਿਲਾਂ ਸਰਕਾਰਾਂ ਕੋਲੋਂ ਮੁੱਠੀ ਭਰ ਚਾਵਲ ਮੰਗਦੇ ਸਨ ਪਰ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਕੋਲੋਂ ਐੱਮ. ਐੱਸ. ਪੀ. ਦੀ ਮੰਗ ਕਰੋ। ਲੋਕਾਂ ਨੇ ਗੱਲ ਸਮਝ ਲਈ ਅਤੇ ਭਾਜਪਾ ਨੂੰ ਮੂੰਹ ਦੀ ਖਾਣੀ ਪਈ। ਬਾਕੀ ਰਾਜਾਂ ਵਿਚ ਵੀ ਭਾਜਪਾ ਦਾ ਇਹੋ ਹਾਲ ਹੋਵੇਗਾ। ਦੀਪ ਸਿੱਧੂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਟਿਕੈਤ ਨੇ ਕਿਹਾ ਕਿ ਦੀਪ ਸਿੱਧੂ ਨੇ 25 ਜਨਵਰੀ ਨੂੰ ਸ਼ਾਮ 7 ਵਜੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਲਾਲ ਕਿਲੇ ’ਤੇ ਝੰਡਾ ਲਾਵੇਗਾ। ਉਹ 26 ਜਨਵਰੀ ਨੂੰ ਉੱਥੇ ਪਹੁੰਚ ਗਿਆ ਅਤੇ 9 ਵਜੇ ਇਕ ਧਾਰਮਿਕ ਝੰਡਾ ਕਿਲ੍ਹੇ ਉੱਤੇ ਲਹਿਰਾ ਦਿੱਤਾ। ਇਸ ਵਿਚ ਕੀ ਗਲਤ ਹੈ। ਦੇਸ਼ ਵਿਚ ਜੋ ਕੋਈ ਵੀ ਧਾਰਮਿਕ ਝੰਡੇ ਦੀ ਧਾਰਾ ਹੈ, ਉਸ ਦੇ ਅਧੀਨ ਕੇਸ ਦਾਇਰ ਕੀਤਾ ਜਾਣਾ ਚਾਹੀਦਾ ਸੀ। ਤਿਰੰਗੇ ਦਾ ਕਿਸੇ ਤਰ੍ਹਾਂ ਕੋਈ ਅਪਮਾਨ ਨਹੀਂ ਕੀਤਾ ਗਿਆ, ਸਗੋਂ 4 ਲੱਖ ਕਿਸਾਨ ਦਿੱਲੀ ਦੀਆਂ ਸੜਕਾਂ ਉੱਤੇ ਤਿਰੰਗਾ ਲੈ ਕੇ ਘੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹਾ ਸਰਕਾਰ ਦਾ ਨਹੀਂ ਹੈ, ਬਲਕਿ ਡਾਲਮੀਆ ਦਾ ਹੈ। ਇਸ ਲਈ ਡਾਲਮੀਆ ਨੂੰ ਕੋਈ ਅਜਿਹੀ ਮੰਗ ਕਰਨੀ ਚਾਹੀਦੀ ਸੀ। ਦੀਪ ਸਿੱਧੂ ਸਮੇਤ ਸਾਰੇ ਹੀ ਕਿਸਾਨ ਬੇਕਸੂਰ ਹਨ। ਕਿਸਾਨ ਪਿਛਲੇ 30 ਸਾਲਾਂ ਤੋਂ ਇਹ ਕਹਿੰਦੇ ਆ ਰਹੇ ਹਨ ਕਿ ਉਹ ਪਾਰਲੀਮੈਂਟ ’ਤੇ ਜਾਣਗੇ। ਅੱਜ ਤਕ ਕਦੇ ਵੀ ਕਿਸੇ ਕਿਸਾਨ ਨੂੰ ਸਰਕਾਰ ਨੇ ਪਾਰਲੀਮੈਂਟ ਨੇੜੇ ਤਕ ਵੀ ਢੁਕਣ ਦਿੱਤਾ? ਸਾਰਿਆਂ ਨੂੰ ਬਹਿਕਾ ਕੇ ਲਾਲ ਕਿਲ੍ਹੇ ਵੱਲ ਲਿਜਾਇਆ ਗਿਆ, ਇਹ ਸਰਕਾਰ ਦੀ ਗਿਣੀ-ਮਿੱਥੀ ਸਾਜ਼ਿਸ਼ ਸੀ।

ਇਹ ਵੀ ਪੜ੍ਹੋ : ਬਾਜਵਾ ਦਾ ਪ੍ਰਧਾਨ ਮੰਤਰੀ ਨੂੰ ਟਵੀਟ, ‘ਕਿਸਾਨਾਂ ਨੂੰ ਕੋਰੋਨਾ ਤੋਂ ਵੱਧ ਖੇਤੀ ਕਾਨੂੰਨਾਂ ਦਾ ਡਰ’

ਕਿਸਾਨ ਦਿੱਲੀ ’ਚੋ ਨਹੀਂ ਹਟਣਗੇ
ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਕੁਝ ਮੰਤਰੀਆਂ ਵੱਲੋਂ ਇਹ ਕਹੇ ਜਾਣ ਤੇ ਕਿ ਸੰਯੁਕਤ ਮੋਰਚੇ ਤੋਂ ਆਉਣ ਵਾਲੇ ਕਿਸਾਨ ਕੋਰੋਨਾ ਫੈਲਾਅ ਰਹੇ ਹਨ ਤਾਂ ਟਿਕੈਤ ਨੇ ਵਿਅੰਗਮਈ ਤਰੀਕੇ ਨਾਲ ਕਿਹਾ ਕਿ ਦੇਸ਼ ਵਿਚ ਜਿੰਨੇ ਵੀ ਅਧਿਕਾਰੀ, ਭਾਜਪਾ ਦੇ ਮੰਤਰੀ ਜਾਂ ਹੋਰ ਕਰਮਚਾਰੀ ਕੋਰੋਨਾ ਨਾਲ ਮਰ ਰਹੇ ਹਨ ਕੀ ਉਹ ਸਾਰੇ ਮੋਰਚੇ ’ਤੇ ਗਏ ਸਨ। ਕੋਰੋਨਾ ਇਕ ਬੀਮਾਰੀ ਹੈ, ਸਰਕਾਰ ਨੂੰ ਇਸ ਦਾ ਇਲਾਜ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨ ਕਿਸੇ ਵੀ ਤਰੀਕੇ ਨਾਲ ਦਿੱਲੀ ਤੋਂ ਨਹੀਂ ਹਟਣਗੇ। ਇਹ ਸ਼ਾਹੀਨ ਬਾਗ਼ ਦਾ ਅੰਦੋਲਨ ਨਹੀਂ ਹੈ, ਜਿਸ ਨੂੰ ਸਰਕਾਰ ਹਟਾ ਦੇਵੇਗੀ। ਟਿਕੈਤ ਨੂੰ ਵਿਦੇਸ਼ਾਂ ਤੋਂ ਆ ਰਹੀਆਂ ਧਮਕੀਆਂ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜੋ ਲੋਕ ਗੁੰਡੇ ਹਨ ਉਹ ਅਜਿਹਾ ਕੰਮ ਕਰਦੇ ਹਨ। ਮਹਾਤਮਾ ਗਾਂਧੀ ਸ਼ਾਂਤੀ ਦੇ ਪੁਜਾਰੀ ਸਨ ਉਨ੍ਹਾਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ। ਜਿਸ ਨੇ ਗੋਲੀ ਚਲਾਈ ਉਹ ਇਨ੍ਹਾਂ ਦਾ ਮਹਾਤਮਾ ਬਣਿਆ ਹੋਇਆ ਹੈ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News