ਪੁਰਾਣੀਆਂ ਸਕੀਮਾਂ ਬੰਦ ਕਰ ਕੇ ਨਵੀਆਂ ਲਈ ਕੀਤਾ ਜਾ ਰਿਹੈ ਕੰਮ

04/19/2018 3:14:22 AM

 ਅੰਮ੍ਰਿਤਸਰ,   (ਦਲਜੀਤ)-  ਸਿਹਤ ਵਿਭਾਗ ਦਾ ਹਾਲ ਅੱਗਾ ਦੌੜ ਤੇ ਪਿੱਛਾ ਚੌੜ ਵਾਲਾ ਹੈ। ਵਿਭਾਗ ਵੱਲੋਂ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਪੁਰਾਣੀਆਂ ਟੀਕਾਕਰਨ ਸਕੀਮਾਂ ਬੰਦ ਕਰ ਕੇ ਨਵੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਜੀਅ-ਤੋੜ ਮਿਹਨਤ ਕੀਤੀ ਜਾ ਰਹੀ ਹੈ। ਵਿਭਾਗ ਦੀ ਨਾਲਾਇਕੀ ਕਾਰਨ ਅੱਜ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਛੋਟੇ ਬੱਚਿਆਂ ਨੂੰ ਬੁੱਧਵਾਰ ਨੂੰ ਲੱਗਣ ਵਾਲੇ ਟੀਕੇ ਨਹੀਂ ਲੱਗ ਸਕੇ। ਤਿੱਖੀ ਧੁੱਪ ਤੇ ਗਰਮੀ ਦੇ ਬਾਵਜੂਦ ਮਾਪੇ ਬੱਚਿਆਂ ਨੂੰ ਟੀਕੇ ਲਵਾਉਣ ਲਈ ਸਾਰਾ ਦਿਨ ਖੱਜਲ-ਖੁਆਰ ਹੁੰਦੇ ਰਹੇ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਟੀਕਾਕਰਨ ਲਈ ਬੁੱਧਵਾਰ ਦਾ ਦਿਨ ਸਿਹਤ ਵਿਭਾਗ ਵੱਲੋਂ ਨਿਰਧਾਰਤ ਕੀਤਾ ਗਿਆ ਹੈ। ਅੱਜ ਟੀਕੇ ਲਵਾਉਣ ਲਈ 2 ਦਰਜਨ ਤੋਂ ਵੱਧ ਬੱਚਿਆਂ ਦੇ ਵਾਰਿਸ ਹਸਪਤਾਲ ਪੁੱਜੇ ਹੋਏ ਸਨ। ਟੀਕਾਕਰਨ ਵਾਲੇ ਕਮਰੇ ਦਾ ਸਟਾਫ ਸਿਵਲ ਸਰਜਨ ਦਫਤਰ ਵੱਲੋਂ ਐੱਮ. ਆਰ. ਰੁਬੈਲਾ ਮੁਹਿੰਮ ਨੂੰ ਸਾਰਥਿਕ ਬਣਾਉਣ ਲਈ ਤਾਇਨਾਤ ਕੀਤਾ ਗਿਆ ਸੀ, ਜਿਸ ਕਰ ਕੇ ਕਮਰਾ ਬੰਦ ਸੀ। ਮਾਪੇ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਜਿੰਦਰ ਅਰੋੜਾ ਕੋਲ ਟੀਕੇ ਨਾ ਲੱਗਣ ਸਬੰਧੀ ਆਪਣੀ ਸ਼ਿਕਾਇਤ ਲੈ ਕੇ ਪੁੱਜੇ ਪਰ ਡਾਕਟਰ ਸਾਹਿਬ ਜ਼ਿਲਾ ਹੈਲਥ ਸੋਸਾਇਟੀ ਦੀ ਮੀਟਿੰਗ ਵਿਚ ਰੁੱਝੇ ਹੋਣ ਕਾਰਨ ਮਾਪਿਆਂ ਦੀ ਸੁਣਵਾਈ ਨਹੀਂ ਹੋ ਸਕੀ। ਬੱਚਿਆਂ ਸਮੇਤ ਮਾਪੇ ਪ੍ਰੇਸ਼ਾਨ ਹੁੰਦੇ ਰਹੇ ਪਰ ਕਿਸੇ ਵੀ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਕਹਿਣ ਨੂੰ ਉਕਤ ਹਸਪਤਾਲ ਪੰਜਾਬ ਦੇ ਬਾਕੀ ਹਸਪਤਾਲਾਂ ਲਈ ਆਦਰਸ਼ ਕਹਾਉਂਦਾ ਹੈ ਪਰ ਰੋਜ਼ਾਨਾ ਹੀ ਇਥੇ ਮਰੀਜ਼ਾਂ ਦੇ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸਿਹਤ ਵਿਭਾਗ ਵੱਲੋਂ ਭਾਰਤ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਪੁਰਾਣੀਆਂ ਸਕੀਮਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਨਵੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਜੀਅ-ਤੋੜ ਮਿਹਨਤ ਦਾ ਦਾਅਵਾ ਕਰਦਿਆਂ ਆਪਣੇ ਨੰਬਰ ਬਣਾਏ ਜਾ ਰਹੇ ਹਨ।ਅੱਜ ਸਟਾਫ ਨਵੀਂ ਸਕੀਮ ਦੀ ਕੰਪੇਨਿੰਗ ਲਈ ਗਿਆ ਹੋਇਆ ਸੀ, ਜਿਸ ਕਰ ਕੇ ਬੱਚਿਆਂ ਨੂੰ ਟੀਕੇ ਨਹੀਂ ਲੱਗ ਸਕੇ। ਪੱਕੇ ਤੌਰ 'ਤੇ ਟੀਕਾਕਰਨ ਦਾ ਸਟਾਫ ਹਸਪਤਾਲ ਵਿਚ ਤਾਇਨਾਤ ਕਰਵਾਉਣ ਸਬੰਧੀ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨਾਲ ਗੱਲਬਾਤ ਵੀ ਹੋਈ ਹੈ। ਉਮੀਦ ਹੈ ਕਿ ਜਲਦ ਹੀ ਨਵਾਂ ਸਟਾਫ ਹਸਪਤਾਲ ਵਿਚ ਤਾਇਨਾਤ ਹੋ ਜਾਵੇਗਾ।


Related News