S&P ਨੇ ਭਾਰਤ ਲਈ ਆਊਟਲੁਕ ਬਦਲ ਕੇ ਕੀਤਾ ਪਾਜ਼ੇਟਿਵ

Thursday, May 30, 2024 - 12:46 PM (IST)

S&P ਨੇ ਭਾਰਤ ਲਈ ਆਊਟਲੁਕ ਬਦਲ ਕੇ ਕੀਤਾ ਪਾਜ਼ੇਟਿਵ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਅਰਥਵਿਵਸਥਾ ਲਈ ਚੰਗੀ ਖਬਰ ਹੈ। ਗਲੋਬਲ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ (ਐੱਸ. ਐਂਡ ਪੀ.) ਨੇ ਕਿਹਾ ਕਿ ਉਸ ਨੇ ਭਾਰਤ ਲਈ ਆਪਣੇ ਆਊਟਲੁਕ ਨੂੰ ਬਦਲ ਕੇ ਸਟੇਬਲ ਤੋਂ ਪਾਜ਼ੇਟਿਵ ਕਰ ਦਿੱਤਾ ਹੈ। ਭਾਰਤ ਦੇ ਮਜ਼ਬੂਤ ਵਿਕਾਸ ਅਤੇ ਸਰਕਾਰੀ ਖਰਚੇ ਦੀ ਵਧਦੀ ਗੁਣਵੱਤਾ ਦੀ ਵਜ੍ਹਾ ਨਾਲ ਇਹ ਫੈਸਲਾ ਲਿਆ ਗਿਆ ਹੈ।

ਇਸ ਦੇ ਨਾਲ ਹੀ ਰੇਟਿੰਗ ਏਜੰਸੀ ਨੇ ਦੇਸ਼ ਦੀ ‘ਬੀ. ਬੀ. ਬੀ.’ ਲਾਂਗ ਟਰਮ ਅਤੇ ‘ਏ-3’ ਸ਼ਾਰਟ ਟਰਮ ਅਣਚਾਹੀ ਫਾਰੇਨ ਅਤੇ ਲੋਕਲ ਕਰੰਸੀ ਸਾਵਰੇਨ ਕ੍ਰੈਡਿਟ ਰੇਟਿੰਗ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਐੱਸ. ਐਂਡ ਪੀ. ਨੇ ਇਕ ਬਿਆਨ ’ਚ ਕਿਹਾ ਕਿ ਅਗਲੇ 24 ਮਹੀਨਿਆਂ ’ਚ ਰੇਟਿੰਗ ਉੱਚੀ ਹੋ ਸਕਦੀ ਹੈ।

ਭਾਰਤ ਸਰਕਾਰ ਦਾ ਕਰਜ਼ੇ ਦਾ ਬੋਝ ਘੱਟ ਹੋਣ ਦੀ ਪ੍ਰਗਟਾਈ ਉਮੀਦ

ਗਲੋਬਲ ਰੇਟਿੰਗ ਫਰਮ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਮਜ਼ਬੂਤ ਆਰਥਿਕ ਬੁਨਿਆਦੀ ਗੱਲਾਂ ਅਗਲੇ ਦੋ ਤੋਂ ਤਿੰਨ ਸਾਲਾਂ ’ਚ ਵਿਕਾਸ ਦੀ ਰਫਤਾਰ ਨੂੰ ਮਜ਼ਬੂਤ ਕਰਨਗੀਆਂ।’’ ਪਾਜ਼ੇਟਿਵ ਆਊਟਲੁਕ ਦਰਸਾਉਂਦਾ ਹੈ ਕਿ ਲਗਾਤਾਰ ਪਾਲਿਸੀ ਦੇ ਮੋਰਚੇ ’ਤੇ ਸਥਿਰਤਾ, ਡੂੰਘੇ ਹੁੰਦੇ ਆਰਥਿਕ ਸੁਧਾਰ ਅਤੇ ਉੱਚ ਬੁਨਿਆਦੀ ਢਾਂਚਾ ਨਿਵੇਸ਼ ਲਾਂਗ ਟਰਮ ਲਈ ਇਸ ਦੇਸ਼ ਦੀਆਂ ਵਿਕਾਸ ਸੰਭਾਵਨਾਵਾਂ ਨੂੰ ਬਣਾਈ ਰੱਖਣਗੇ। ਚੌਕਸ ਵਿੱਤੀ ਅਤੇ ਮੁਦਰਾ ਨੀਤੀ ਦੇ ਨਾਲ-ਨਾਲ ਜੋ ਆਰਥਿਕ ਲਚਕੀਲਾਪਣ ਅਪਣਾਇਆ ਗਿਆ ਹੈ, ਉਹ ਅਰਥਵਿਵਸਥਾ ਨੂੰ ਮਜ਼ਬੂਤ ਕਰਦੇ ਹੋਏ ਸਰਕਾਰ ਦੇ ਵਧੇ ਹੋਏ ਕਰਜ਼ੇ ਅਤੇ ਵਿਆਜ ਦੇ ਬੋਝ ਨੂੰ ਘੱਟ ਕਰ ਸਕਦਾ ਹੈ।

ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵੀ ਐੱਸ. ਐਂਡ ਪੀ. ਨੇ ਦਿੱਤਾ ਆਊਟਲੁਕ

ਇਸ ਤੋਂ ਇਲਾਵਾ ਏਜੰਸੀ ਨੇ ਕਿਹਾ ਕਿ ਦੇਸ਼ ਸਭ ਤੋਂ ਵੱਡੀਆਂ ਲੋਕਤੰਤਰਿਕ ਚੋਣਾਂ ਦਾ ਗਵਾਹ ਬਣ ਰਿਹਾ ਹੈ। 1 ਜੂਨ ਨੂੰ 7ਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਚੋਣ ਦੇ ਨਤੀਜਿਆਂ ਦਾ ਐਲਾਨ ਹੋਵੇਗਾ। ਐੱਸ. ਐਂਡ ਪੀ. ਨੇ ਕਿਹਾ, ‘‘ਚੋਣ ਨਤੀਜਿਆਂ ਦੇ ਬਾਵਜੂਦ ਅਸੀਂ ਆਰਥਿਕ ਖੇਤਰ ’ਚ ਵਿਆਪਕ ਲਗਾਤਾਰਤਾ ਦੀ ਉਮੀਦ ਕਰਦੇ ਹਾਂ, ਜਿਸ ’ਚ ਵਿੱਤੀ ਸੁਧਾਰ ਅਤੇ ਮਾਲੀ ਨੀਤੀਆਂ ਸਾਰਿਆਂ ਦੇ ਫੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ।’’

ਵਿੱਤੀ ਘਾਟਾ ਘੱਟ ਹੋਣ ਨੂੰ ਲੈ ਕੇ ਆਸਵੰੰਦ

ਭਾਰਤ ਦੇ ਆਰਥਿਕ ਅੰਕੜਿਆਂ ’ਤੇ ਐੱਸ. ਐਂਡ ਪੀ. ਨੇ ਕਿਹਾ ਕਿ ਜੇ ਦੇਸ਼ ਦਾ ਵਿੱਤੀ ਘਾਟਾ ਸਾਰਥਕ ਰੂਪ ਨਾਲ ਘੱਟ ਹੋ ਜਾਂਦਾ ਹੈ, ਤਾਂ ਉਹ ਰੇਟਿੰਗ ਵਧਾ ਸਕਦੀ ਹੈ। ਜਿਵੇਂ ਕਿ ਜੇ ਸਾਧਾਰਣ ਸਰਕਾਰੀ ਕਰਜ਼ਿਆਂ ’ਚ ਸ਼ੁੱਧ ਬੁਨਿਆਦੀ ਢਾਂਚ ਦੇ ਆਧਾਰ ’ਤੇ ਕਰਜ਼ਾ ਭਾਰਤ ਦੀ ਜੀ. ਡੀ. ਪੀ. ਦੇ 7 ਫੀਸਦੀ ਤੋਂ ਘੱਟ ਹੋ ਜਾਂਦਾ ਹੈ ਤਾਂ ਇਸ ਨੂੰ ਚੰਗਾ ਸੰਕੇਤ ਮੰਨਿਆ ਜਾਏਗਾ।


author

Harinder Kaur

Content Editor

Related News