ਬਠਿੰਡਾ ''ਚ ਅੱਗ ਵਰ੍ਹਾਊ ਗਰਮੀ ਦਾ ਕਹਿਰ, ਬਜ਼ੁਰਗ ਨੇ ਤੋੜਿਆ ਦਮ
Thursday, May 22, 2025 - 11:32 AM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ 'ਚ ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਤਾਪਮਾਨ ਵੱਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਪਤਾ ਲੱਗਾ ਕਿ ਸਥਾਨਕ ਰੇਲਵੇ ਗਰਾਊਂਡ ’ਚ ਇਕ ਬਜ਼ੁਰਗ ਵਿਅਕਤੀ ਗਰਮੀ ਕਾਰਨ ਬੁਖ਼ਾਰ ਤੋਂ ਪੀੜਤ ਸੀ, ਜਿਸ ਨੂੰ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਨੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਕੋਲੋਂ ਕੋਈ ਵੀ ਦਸਤਾਵੇਜ਼ ਆਦਿ ਨਹੀਂ ਮਿਲਿਆ, ਜੋ ਉਸ ਦੀ ਪਛਾਣ ’ਚ ਮਦਦ ਕਰ ਸਕੇ। ਸੰਸਥਾ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਰਹਿਣ ਵਾਲੇ ਇਕ ਮਜ਼ਦੂਰ ਨਾਰਾਇਣ ਦੀ ਹਾਲਤ ਗਰਮੀ ਕਾਰਨ ਵਿਗੜ ਗਈ ਅਤੇ ਉਸ ਨੂੰ ਵੀ ਸੰਸਥਾ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ।