ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ
Tuesday, Feb 21, 2023 - 04:55 PM (IST)
ਬੰਗਾ (ਚਮਨ/ਰਾਕੇਸ਼) : ਬੰਗਾ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਸਥਿਤ ਮਜਾਰੀ ਵਿਖੇ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਇਕ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਜ਼ੁਰਗ (70) ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਕਾਰ ਫਗਵਾੜਾ ਸਾਈਡ ਤੋਂ ਨਵਾਂਸ਼ਹਿਰ ਵੱਲ ਨੂੰ ਜਾ ਰਹੀ ਸੀ। ਜਿਵੇਂ ਹੀ ਉਕਤ ਕਾਰ ਪਿੰਡ ਮਜਾਰੀ ਨਜ਼ਦੀਕ ਪੁੱਜੀ ਤਾਂ ਸੜਕ ਨੂੰ ਪਾਰ ਕਰ ਰਹੇ ਇਕ 70-75 ਸਾਲਾ ਬਜ਼ੁਰਗ ਨਾਲ ਟਕਰਾ ਗਈ, ਜਿਸ ਕਾਰਨ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਮਜਾਰੀ ਨਿਵਾਸੀਆਂ ਦਾ ਕਹਿਣਾ ਸੀ ਕਿ ਉਕਤ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬਜ਼ੁਰਗ ਨੂੰ ਕਾਫੀ ਦੂਰ ਤੱਕ ਸੜਕ ’ਤੇ ਹੀ ਘੜੀਸਦੀ ਲੈ ਗਈ।
ਉਨ੍ਹਾਂ ਦੱਸਿਆ ਹਾਦਸੇ ਤੋ ਬਾਅਦ ਉਕਤ ਕਾਰ ਦੀ ਨੰਬਰ ਪਲੇਟ ਸੜਕ’ ਤੇ ਹੀ ਡਿੱਗ ਪਈ ਪਰ ਕਾਰ ਦਾ ਚਾਲਕ ਮੌਕੇ ਤੋਂ ਸਮੇਤ ਕਾਰ ਲੈ ਕੇ ਫ਼ਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਏ. ਐੱਸ. ਆਈ. ਵਿਜੇ ਕੁਮਾਰ ਅਤੇ ਸਿਕੰਦਰ ਸਿੰਘ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਬਜ਼ੁਰਗ ਦੀ ਦੇਹ ਨੂੰ ਕਬਜ਼ੇ ’ਚ ਲੈ ਕੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਬੰਗਾ ਪੁਹੰਚਾਇਆ। ਹਾਦਸੇ ’ਚ ਮਾਰੇ ਗਏ ਬਜ਼ੁਰਗ ਦੀ ਪਛਾਣ ਮਹਿੰਦਰ ਸ਼ਾਹ ਵੱਜੋ ਹੋਈ ਹੈ, ਜੋ ਪਿੰਡ ਮਜਾਰੀ ਦੇ ਹੀ ਧਾਰਮਿਕ ਸਥਾਨ ’ਤੇ ਸੇਵਾਦਾਰ ਸੀ। ਪੁਲਸ ਅਧਿਕਾਰੀ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਹਾਦਸੇ ਉਪਰੰਤ ਕਾਰ ਸਮੇਤ ਫ਼ਰਾਰ ਹੋਏ ਚਾਲਕ ਦੀ ਜਾਣਕਾਰੀ ਵਾਈਰਲੈੱਸ ਰਾਹੀ ਵੱਖ-ਵੱਖ ਨਾਕਿਆਂ ’ਤੇ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਉਕਤ ਕਾਰ ਚਾਲਕ ਨੂੰ ਸਮੇਤ ਕਾਰ ਕਾਬੂ ਕਰ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।