ਆਰ. ਸੀ. ਨਾਲ ਸਬੰਧਤ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਪੁਰਾਣਾ ਚਲਾਨ ਚੈੱਕ ਕਰਨਾ ਲਾਜ਼ਮੀ
Tuesday, Aug 21, 2018 - 06:09 AM (IST)
ਜਲੰਧਰ, (ਅਮਿਤ)- ਜੇ ਤੁਸੀਂ ਆਪਣੀ ਪੁਰਾਣੀ ਗੱਡੀ ਦੀ ਆਰ. ਸੀ. ਨਾਲ ਸਬੰਧਤ ਕੋਈ ਵੀ ਕੰਮ (ਜਿਵੇਂ ਕਿ ਡੁਪਲੀਕੇਟ ਪ੍ਰਿੰਟ, ਟ੍ਰਾਂਸਫਰ, ਹਾਈਪੌਥਿਕੇਸ਼ਨ ਕੈਂਸਲ, ਅੈਡਰੈੱਸ ਚੇਂਜ ਆਦਿ) ਕਰਵਾਉਣਾ ਹੈ ਤਾਂ ਪਹਿਲਾਂ ਇਸ ਗੱਲ ਨੂੰ ਯਕੀਨੀ ਕਰ ਲਓ ਕਿ ਤੁਹਾਡਾ ਕਦੇ ਚਲਾਨ ਤਾਂ ਨਹੀਂ ਹੋਇਆ। ਜੇ ਹੋਇਆ ਹੈ ਤਾਂ ਇਸ ਗੱਲ ਨੂੰ ਵੀ ਚੈੱਕ ਕਰ ਲਓ ਕਿ ਤੁਸੀਂ ਚਲਾਨ ਭਰਿਆ ਸੀ ਜਾਂ ਨਹੀਂ? ਅਤੇ ਜੇ ਭਰਿਆ ਸੀ ਤਾਂ ਉਸ ਦੇ ਜੁਰਮਾਨੇ ਦੀ ਰਸੀਦ ਤੁਹਾਡੇ ਕੋਲ ਹੈ ਜਾਂ ਨਹੀਂ? ਕਿਉਂਕਿ ਜੇ ਤੁਹਾਡਾ ਚਲਾਨ ਹੋਇਆ ਸੀ ਅਤੇ ਤੁਸੀਂ ਚਲਾਨ ਨਹੀਂ ਭਰਿਆ ਜਾਂ ਚਾਲਾਨ ਭਰਨ ਤੋਂ ਬਾਅਦ ਜੁਰਮਾਨੇ ਦੀ ਰਸੀਦ ਸੰਭਾਲ ਕੇ ਨਹੀਂ ਰੱਖੀ ਹੈ ਤਾਂ ਤੁਹਾਡੀ ਆਰ. ਸੀ. ਬਣਨ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ।
ਸਾਫਟਵੇਅਰ ਖੁਦ-ਬ-ਖੁਦ ਜਾਂਚ ਕਰਦਾ ਹੈ ਕਿ ਅਰਜ਼ੀ ਦੇ ਨਾਂ ’ਤੇ ਕਦੇ ਚਲਾਨ ਤਾਂ ਨਹੀਂ ਹੋਇਆ। ਕੁਝ ਹੀ ਦੇਰ ਪਹਿਲਾਂ ਟਰਾਂਸਪੋਰਟ ਵਿਭਾਗ ਵਿਚ ਸ਼ੁਰੂ ਹੋਏ ਵਾਹਨ 4.0 ਸਾਫਟਵੇਅਰ ਦੇ ਅੰਦਰ ਮੌਜੂਦ ਇਕ ਵਿਵਸਥਾ ਜਿਸ ਕਾਰਨ ਕਿਸੇ ਵੀ ਬੇਨਤੀਕਰਤਾ ਦੀ ਆਰ. ਸੀ. ਅਰਜ਼ੀ ਦੇ ਸਮੇਂ ਸਾਫਟਵੇਅਰ ਖੁਦ-ਬ-ਖੁਦ ਇਸ ਗੱਲ ਦੀ ਜਾਂਚ ਕਰ ਲੈਂਦਾ ਹੈ ਕਿ ਉਕਤ ਬੇਨਤੀਕਰਤਾ ਦੇ ਨਾਂ ’ਤੇ ਕਦੇ ਪੁਲਸ ਵਿਭਾਗ ਨੇ ਕੋਈ ਚਲਾਨ ਤਾਂ ਨਹੀਂ ਕੀਤਾ ਸੀ।
ਜੇ ਚਲਾਨ ਹੋਇਆ ਸੀ ਤਾਂ ਉਸ ਦੀ ਸਾਰੀ ਜਾਣਕਾਰੀ ਆਰ. ਸੀ. ਬਣਾਉਂਦੇ ਸਮੇਂ ਕੰਪਿਊਟਰ ਸਕਰੀਨ ’ਤੇ ਆ ਜਾਵੇਗੀ।
ਵਾਹਨ 3.0 ਤੋਂ ਵਾਹਨ 4.0 ਵਿਚ ਵੀ ਨਹੀਂ ਹੋਵੇਗੀ ਅਪਡੇਸ਼ਨ
ਜੇ ਕਿਸੇ ਗੱਡੀ ਦਾ ਚਲਾਨ ਹੋਇਆ ਹੈ ਅਤੇ ਉਸ ਨੂੰ ਪੁਲਸ ਕੋਲ ਅਪਡੇਟ ਨਹੀਂ ਕਰਵਾÎਇਆ ਗਿਆ ਹੈ ਤਾਂ ਉਸ ਸੂਰਤ ਵਿਚ ਟਰਾਂਸਪੋਰਟ ਵਿਭਾਗ ਦੇ ਅੰਦਰ ਜਾਰੀ ਵਾਹਨ 3.0 ਤੋਂ ਵਾਹਨ 4.0 ਵਿਚ ਅਪਡੇਟ ਦੇ ਕੰਮ ਵਿਚ ਵੀ ਸਮੱਸਿਆ ਆਵੇਗੀ ਕਿਉਂਕਿ ਜਦ ਤਕ ਚਲਾਨ ਦੀ ਅਪਡੇਸ਼ਨ ਨਹੀਂ ਹੋਵੇਗੀ, ਤਦ ਤਕ ਵਾਹਨ 4.0 ਵਿਚ ਆਰ. ਸੀ. ਅਪਡੇਟ ਹੀ ਨਹੀਂ ਹੋ ਸਕਦੀ।
