ਘਟੀਆ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਤੇ ਅਫਸਰਾਂ ਦੀ ਖੈਰ ਨਹੀਂ!
Wednesday, Jul 25, 2018 - 12:34 PM (IST)

ਚੰਡੀਗੜ੍ਹ : ਪਿਛਲੇ ਕੁਝ ਸਾਲਾਂ ਦੌਰਾਨ ਜਿਨ੍ਹਾਂ ਅਫਸਰਾਂ ਦੀ ਦੇਖ-ਰੇਖ ਦੌਰਾਨ ਘਟੀਆ ਸੜਕਾਂ ਬਣੀਆਂ ਹਨ, ਉਨ੍ਹਾਂ 'ਤੇ ਜਲਦ ਹੀ ਗਾਜ਼ ਡਿਗਣ ਵਾਲੀ ਹੈ ਕਿਉਂਕਿ ਸਰਕਾਰ ਨੇ ਪਿਛਲੇ ਸਾਲਾਂ 'ਚ ਬਣੀਆਂ ਸੜਕਾਂ ਦੇ ਕੰਮਾਂ ਦਾ ਆਡਿਟ ਕਰਾਉਣ ਦਾ ਫੈਸਲਾ ਕੀਤਾ ਹੈ। ਨਾਲ ਹੀ ਸੈਂਪਲ ਲੈ ਕੇ ਸੜਕਾਂ ਦੇ ਮਟੀਰੀਅਲ ਨੂੰ ਵੀ ਜਾਂਚਿਆ ਜਾਵੇਗਾ। ਕੁਆਲਿਟੀ ਘਟੀਆ ਪਾਏ ਜਾਣ ਦੀ ਸੂਰਤ 'ਚ ਸਬੰਧਿਤ ਅਫਸਰਾਂ ਤੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਠੇਕੇਦਾਰਾਂ 'ਤੇ ਵੀ ਸਖਤ ਕਾਰਵਾਈ ਹੋਵੇਗੀ।
ਇਹ ਫੈਸਲਾ ਲੋਕ ਨਿਰਮਾਣ ਵਿਭਾਗ ਨੇ ਸੜਕਾਂ ਦੇ ਘਟੀਆ ਮਟੀਰੀਅਲ ਦੇ ਇਸਤੇਮਾਲ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੀਤਾ ਹੈ। ਇਸ ਬਾਰੇ ਕਈ ਵਿਧਾਇਕ ਅਤੇ ਅਫਸਰ ਵੀ ਸ਼ਿਕਾਇਤਾਂ ਕਰ ਚੁੱਕੇ ਹਨ। ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਘਟੀਆ ਮਟੀਰੀਅਲ ਦਾ ਇਸਤੇਮਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਅਫਸਰ ਜਾਂ ਠੇਕੇਦਾਰ ਅਜਿਹਾ ਕਰੇਗਾ, ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਸੜਕਾਂ ਤੇ ਵੱਡੇ ਸੜਕ ਪ੍ਰਾਜੈਕਟਾਂ ਦੀ ਜਾਂਚ ਲਈ ਵੱਖ-ਵੱਖ ਥਾਂ ਜਾ ਕੇ ਅਫਸਰ ਅਚਨਚੇਤ ਚੈਕਿੰਗ ਕਰਨਗੇ। ਗੜਬੜੀ ਪਾਏ ਜਾਣ 'ਤੇ ਜਾਂਚ ਵਿਜੀਲੈਂਸ ਨੂੰ ਸੌਂਪੀ ਜਾਵੇਗੀ। ਜਾਂਚ ਟੀਮ ਨੂੰ ਉਨ੍ਹਾਂ ਅਫਸਰਾਂ ਦੇ ਨਾਂ ਵੀ ਦੱਸਣੇ ਪੈਣਗੇ, ਜਿਨ੍ਹਾਂ ਦੀ ਨਿਗਰਾਨੀ 'ਚ ਘਟੀਆ ਸੜਕ ਬਣਾਈ ਗਈ ਜਾਂ ਪ੍ਰਾਜੈਕਟ ਪੂਰਾ ਕੀਤਾ ਗਿਆ। ਹਰ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਉਸ ਦੀ ਇੰਸਪੈਕਸ਼ਨ ਕਰਕੇ ਸਰਟੀਫਿਕੇਟ ਜਾਰੀ ਕਰਨ ਦੀ ਜ਼ਿੰਮੇਵਾਰੀ ਉਸ ਕੰਮ ਦੀ ਦੇਖ-ਰੇਖ ਕਰ ਰਹੇ ਅਫਸਰ ਦੀ ਹੁੰਦੀ ਹੈ। ਇਸੇ ਰਿਪੋਰਟ 'ਤੇ ਹੀ ਠੇਕੇਦਾਰ ਦੀ ਪੈਮੇਂਟ ਹੁੰਦੀ ਹੈ।