NRI ਪਤੀ ਦੇ ਇਟਲੀ 'ਚ ਮਹਿਲਾ ਨਾਲ ਬਣੇ ਸੰਬੰਧ, ਇਤਰਾਜ਼ਯੋਗ ਤਸਵੀਰਾਂ ਰਾਹੀ ਹੋਇਆ ਖੁਲਾਸਾ

09/25/2018 5:22:45 PM

ਜਲੰਧਰ (ਸ.ਹ.)— ਸੁਖਜੀਤ ਕੌਰ ਵਾਸੀ ਪਿੰਡ ਪਧਿਆਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਐੱਨ. ਆਰ. ਆਈ. ਪਤੀ 'ਤੇ ਦੋਸ਼ ਲਗਾਇਆ ਕਿ ਉਸ ਦੇ ਇਟਲੀ 'ਚ ਦੂਜੀ ਮਹਿਲਾ ਨਾਲ ਸੰਬੰਧ ਹਨ। ਉਸ ਦਾ ਪਤੀ ਇਟਲੀ 'ਚ ਉਸ ਮਹਿਲਾ ਨਾਲ ਵਿਆਹ ਕਰਵਾ ਕੇ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਵੀ ਇਸ ਸੰਬੰਧ 'ਚ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਦਰਜ ਨਹੀਂ ਕੀਤਾ ਗਿਆ। 

ਇਤਰਾਜ਼ਯੋਗ ਤਸਵੀਰਾਂ ਦੇਖ ਹੋਇਆ ਖੁਲਾਸਾ
ਸੁਖਜੀਤ ਕੌਰ ਨੇ ਦੱਸਿਆ ਕਿ ਜਨਵਰੀ 2016 'ਚ ਉਸ ਦਾ ਵਿਆਹ ਦਿਓਲ ਨਗਰ ਦੇ ਰਹਿਣ ਵਾਲੇ ਅਵਿਨਾਸ਼ ਕੋਲਧਰ ਨਾਲ ਹੋਇਆ ਸੀ। ਉਹ ਇਟਲੀ 'ਚ ਰਹਿੰਦਾ ਹੈ। ਉਹ ਵਿਆਹ ਕਰਨ ਦੇ 20 ਦਿਨਾਂ ਬਾਅਦ ਇਟਲੀ ਵਾਪਸ ਚਲਾ ਗਿਆ ਸੀ। ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਦਾਜ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। 
ਸੁਖਜੀਤ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਇਸ ਦੌਰਾਨ ਅਵਿਨਾਸ਼ ਇੰਡੀਆ ਵਾਪਸ ਆਇਆ ਤਾਂ ਉਸ ਦੇ ਮੋਬਾਇਲ ਫੋਨ 'ਤੇ ਉਸ ਨੇ ਇਕ ਹੋਰ ਮਹਿਲਾ ਦੀਆਂ ਇਤਰਾਜ਼ਯੋਗ ਤਸਵੀਰਾਂ ਦੇਖ ਲਈਆਂ ਸਨ। ਇਸ ਤੋਂ ਬਾਅਦ ਉਸ ਨੇ ਪੁਲਸ ਕਮਿਸ਼ਨਰ ਨੂੰ ਆਪਣੇ ਪਤੀ ਖਿਲਾਫ ਮਹਿਲਾ ਨਾਲ ਸਬੰਧ ਹੋਣ ਬਾਰੇ ਸ਼ਿਕਾਇਤ ਦਿੱਤੀ। ਮਾਮਲੇ ਨੂੰ ਮਹਿਲਾ ਥਾਣੇ ਮਾਰਕ ਕੀਤਾ ਗਿਆ ਪਰ ਕੇਸ ਨੂੰ ਸ਼ੁਰੂਆਤ 'ਚ ਹੀ ਬੰਦ ਕਰ ਦਿੱਤਾ ਗਿਆ। ਸੁਖਜੀਤ ਨੇ ਜੁਲਾਈ 2018 'ਚ ਕੇਸ ਨੂੰ ਦੋਬਾਰਾ ਖੁੱਲ੍ਹਵਾਇਆ ਪਰ ਫਿਰ ਵੀ ਪੁਲਸ ਨੇ ਉਸ ਦੇ ਪਤੀ ਖਿਲਾਫ ਕੋਈ ਕਾਰਵਾਈ ਨਾ ਕੀਤੀ। ਉਥੇ ਹੀ ਇਸ ਬਾਰੇ ਸੀ. ਏ. ਐੱਸ. ਟੀ. ਦੇ ਇੰਚਾਰਜ ਦਵਿੰਦਰ ਪ੍ਰਸਾਦ ਨੇ ਦੱਸਿਆ ਕਿ ਮਾਮਲੇ 'ਚ ਆਈ. ਓ. ਬਲਬੀਰ ਚੰਦ ਦੀ ਮੌਤ ਹੋਣ ਕਾਰਨ ਕੇਸ ਦੀ ਜਾਂਚ ਰੁਕ ਗਈ ਸੀ। ਹੁਣ ਕੇਸ ਉਨ੍ਹਾਂ ਦੇ ਕੋਲ ਹੈ। ਦੋਸ਼ੀ ਪੱਖ ਦੇ ਬਿਆਨ ਲੈਣ ਤੋਂ ਬਾਅਦ ਉਹ ਮਾਮਲੇ 'ਚ ਬਣਦੀ ਕਾਰਵਾਈ ਕਰਨਗੇ। 

ਸੁਖਜੀਤ ਬੇਟੀ ਨੂੰ ਦਿੰਦੀ ਸੀ ਨੀਂਦ ਦੀਆਂ ਗੋਲੀਆਂ: ਅਵਿਨਾਸ਼
ਉਥੇ ਹੀ ਜਦੋਂ ਇਟਲੀ 'ਚ ਰਹਿੰਦੇ ਉਸ ਦੇ ਪਤੀ ਅਵਿਨਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਉਨ੍ਹਾਂ ਦੀ ਇਕ ਬੇਟੀ ਵੀ ਹੈ ਜੋ ਕਿ 6 ਸਾਲ ਦੀ ਹੈ। ਉਨ੍ਹਾਂ ਦਾ ਦੂਜਾ ਵਿਆਹ ਸੁਖਜੀਤ ਦੇ ਘਰ ਵਾਲਿਆਂ ਨੇ ਉਨ੍ਹਾਂ ਤੋਂ ਜ਼ਬਰਦਸਤੀ ਕਰਵਾਇਆ ਸੀ ਅਤੇ ਖੁਦ ਹੀ ਇਸ ਸਬੰਧਤ ਕਾਰਡ ਛਪਾ ਲਏ ਸਨ। ਸੁਖਜੀਤ ਉਨ੍ਹਾਂ ਦੀ 6 ਸਾਲਾ ਬੇਟੀ ਨੂੰ ਦੁੱਧ 'ਚ ਜ਼ਬਰਦਸਤੀ ਨੀਂਦ ਦੀਆਂ ਗੋਲੀਆਂ ਮਿਲਾ ਕੇ ਦੇਣ ਲੱਗੀ ਸੀ, ਜਿਸ ਦਾ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਡਾਂਟਿਆ ਵੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਸਾਰੇ ਝੂਠੇ ਹਨ।


Related News