ਫਾਰਚੂਨਰ ਪਿੱਛੇ NRI ਪਰਿਵਾਰ ਵੱਲੋਂ ਵਿਆਹ ਤੋਂ ਇਨਕਾਰ ਕਰਨ ''ਤੇ ਪੁਲਸ ਦਾ ਸਖ਼ਤ ਐਕਸ਼ਨ
Saturday, Feb 25, 2023 - 06:26 PM (IST)
ਕਪੂਰਥਲਾ (ਭੂਸ਼ਣ)- ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਸਖ਼ਤ ਸਟੈਂਡ ਦੀ ਬਦੌਲਤ ਵਿਦੇਸ਼ ਤੋਂ ਆਏ ਇਕ ਪਰਿਵਾਰ ਵੱਲੋਂ ਵਿਆਹ ਦੇ ਨਾਂ ’ਤੇ ਠੱਗੀ ਦਾ ਸ਼ਿਕਾਰ ਹੋਈ ਇਕ ਕੁੜੀ ਨੂੰ ਜ਼ਿਲ੍ਹਾ ਪੁਲਸ ਨੇ ਕੁਝ ਹੀ ਘੰਟਿਆਂ ’ਚ ਇਨਸਾਫ਼ ਦੇ ਕੇ ਜਿੱਥੇ ਇਕ ਨਵੀਂ ਸ਼ੁਰੂਆਤ ਕੀਤੀ ਹੈ, ਉੱਥੇ ਹੀ ਜ਼ਿਲ੍ਹਾ ਪੁਲਸ ਦੀ ਇਸ ਸਖ਼ਤ ਕਾਰਵਾਈ ਨਾਲ ਉਨ੍ਹਾਂ ਪੀੜਤ ਪਰਿਵਾਰਾਂ ’ਚ ਉਮੀਦ ਦੀ ਨਵੀਂ ਕਿਰਨ ਜਾਗੀ ਹੈ, ਜਿਨ੍ਹਾਂ ਦੀਆਂ ਕੁੜੀਆਂ ਦਾ ਵਿਦੇਸ਼ਾਂ ’ਚ ਵਿਆਹ ਜਾਂ ਮੰਗਣੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵਿਦੇਸ਼ ਜਾਣ ਦੇ ਲਈ ਕਈ ਸਾਲਾਂ ਦਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿੰਡ ਸੈਦੋ ਭੁਲਾਣਾ ਸੁਲਤਾਨਪੁਰ ਲੋਧੀ ਵਾਸੀ ਸਤਨਾਮ ਸਿੰਘ ਪੁੱਤਰ ਪ੍ਰਤਾਪ ਸਿੰਘ ਦੀ ਕੁੜੀ ਦਾ ਰਿਸ਼ਤਾ 8 ਜਨਵਰੀ 2023 ਤੈਅ ਕੀਤਾ ਗਿਆ ਸੀ ਪਰ ਕੈਨੇਡਾ ’ਚ ਮੁਲਜ਼ਮ ਧਿਰ ਨੇ 10 ਲੱਖ ਰੁਪਏ ਅਤੇ ਫਾਰਚੂਨਰ ਗੱਡੀ ਦੀ ਮੰਗ ਪੂਰੀ ਨਾ ਹੋਣ ਨੂੰ ਲੈ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਲੈ ਕੇ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੋਏ ਕੁੜੀ ਦੇ ਪਿਤਾ ਸਤਨਾਮ ਸਿੰਘ ਨੇ ਜਦੋਂ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਤੋਂ ਇਨਸਾਫ਼ ਦੀ ਗੁਹਾਰ ਲਗਾਈ ਤਾਂ ਉਨ੍ਹਾਂ ਇਸ ਪੂਰੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਹੀ ਘੰਟਿਆਂ ’ਚ ਕੈਨੇਡਾ ਤੋਂ ਆਏ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਆਪਣੀ ਸਖ਼ਤ ਕਾਰਜਸ਼ੈਲੀ ਦਾ ਸਬੂਤ ਦਿੱਤਾ ਅਤੇ ਉਨ੍ਹਾਂ ਵਿਦੇਸ਼ੀ ਪਰਿਵਾਰਾਂ ਨੂੰ ਇਕ ਵੱਡਾ ਸੰਦੇਸ਼ ਦਿੰਦੇ ਹੋਏ ਜ਼ਿਲ੍ਹਾ ਪੁਲਸ ਨੇ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਕਰਨ ਦੀ ਸ਼ੁਰੂਆਤ ਕੀਤੀ ਹੈ।
ਗੌਰ ਹੋਵੇ ਕਿ ਐੱਨ. ਆਰ. ਆਈ. ਦੇ ਵੱਡੇ ਗੜ੍ਹ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਹਜ਼ਾਰਾਂ ਪਰਿਵਾਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰੋਪ ਦੇ ਦੇਸ਼ਾਂ ’ਚ ਰਹਿ ਰਹੇ ਹਨ। ਵਿਦੇਸ਼ਾਂ ’ਚ ਜਾਣ ਦੇ ਲਗਾਤਰ ਵੱਧ ਰਹੇ ਕ੍ਰੇਜ ਨੂੰ ਵੇਖਦੇ ਹੋਏ ਅਜਿਹੇ ਪਰਿਵਾਰ ਜਦੋਂ ਆਪਣੇ ਐੱਨ. ਆਰ. ਆਈ. ਮੁੰਡੇ ਲਈ ਪੰਜਾਬ ’ਚ ਸੰਪਰਕ ਕਰਦੇ ਹਨ ਤਾਂ ਵੱਡੀ ਗਿਣਤੀ ’ਚ ਪਰਿਵਾਰ ਸ਼ਾਦੀ ਦੇ ਲਈ ਅੱਗੇ ਆ ਜਾਂਦੇ ਹਨ ਪਰ ਕਈ ਵਾਰ ਅਜਿਹੇ ਮਾਮਲਿਆਂ ’ਚ ਕੁੜੀ ਦਾ ਧਿਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਵਿਆਹ ਜਾਂ ਮੰਗਣੀ ਹੋਣ ਦੇ ਬਾਅਦ ਵੀ ਵਿਦੇਸ਼ ਜਾ ਕੇ ਅਜਿਹੇ ਕਈ ਐੱਨ. ਆਰ. ਆਈ. ਪਰਿਵਾਰ ਕੁੜੀਆਂ ਨਾਲ ਜਾਂ ਨਾਤਾ ਤੋੜ ਲੈਂਦੇ ਹਨ ਜਾਂ ਫਿਰ ਉਨ੍ਹਾਂ ਨਾਲ ਸੰਪਰਕ ਕਰਨਾ ਛੱਡ ਦਿੰਦੇ ਹਨ।
ਇਹ ਵੀ ਪੜ੍ਹੋ : ਵਿਆਹ ਦੀਆਂ ਸਾਈਆਂ-ਵਧਾਈਆਂ ਲਾ ਕੇ ਐਨ ਮੌਕੇ ਮੁੱਕਰਿਆ NRI ਪਰਿਵਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਅਜਿਹੇ ਕਈ ਮਾਮਲਿਆਂ ’ਚ ਤਾਂ ਵੱਡੀ ਗਿਣਤੀ ’ਚ ਕੁੜੀਆਂ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਚੁੱਕੀਆਂ ਹਨ। ਉੱਥੇ ਹੀ ਕਈ ਪਰਿਵਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਰ ਅਜਿਹੇ ਕਈ ਮਾਮਲਿਆਂ ’ਚ ਮਹੀਨਿਆਂ ਤੱਕ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਪੀੜਤ ਪੱਖ ਦਾ ਹੌਂਸਲਾ ਟੁੱਟ ਜਾਂਦਾ ਹੈ ਅਤੇ ਜ਼ਿਆਦਾਤਰ ਪਰਿਵਾਰਾਂ ’ਚ ਇਨਸਾਫ਼ ਦੀ ਆਸ ਵੀ ਖ਼ਤਮ ਹੋ ਜਾਂਦੀ ਹੈ ਪਰ ਬੀਤੇ ਸਾਲ ਮਾਰਚ ਮਹੀਨੇ ’ਚ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹੇ ਮਾਮਲਿਆਂ ’ਚ ਜਿੱਥੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ, ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੀਆਂ ਪੀੜਤ ਕੁੜੀਆਂ ਨੂੰ ਜਲਦ ਤੋਂ ਜਲਦ ਇਨਸਾਫ਼ ਦੇਣ ਦੀ ਗੱਲ ਕਹੀ ਸੀ ਤਾਂ ਜੋ ਕੋਈ ਵੀ ਐੱਨ. ਆਰ. ਆਈ. ਪਰਿਵਾਰ ਭਵਿੱਖ ’ਚ ਸੂਬੇ ਨਾਲ ਸਬੰਧਤ ਕਿਸੇ ਵੀ ਕੁੜੀ ਨਾਲ ਧੋਖਾਧੜੀ ਨਾ ਕਰ ਸਕੇ। ਉੱਥੇ ਹੀ ਆਪਣੇ ਸਖ਼ਤ ਅਕਸ ਲਈ ਜਾਣੇ ਜਾਂਦੇ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨੇ ਇਸ ਪੂਰੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਜਿਸ ਤਰ੍ਹਾਂ ਨਾਲ ਸਖ਼ਤ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਹੈ, ਉਸ ਨਾਲ ਆਮ ਲੋਕਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਿਸ਼ਵਾਸ ਦੀ ਭਾਵਨਾ ਨਵੀਆਂ ਉੱਚਾਈਆਂ ’ਤੇ ਪਹੁੰਚ ਗਈ ਹੈ ਅਤੇ ਲੋਕਾ ’ਚ ਪੁਲਸ ਦਾ ਅਕਸ ਵੀ ਕਾਫ਼ੀ ਬਿਹਤਰ ਹੋਇਆ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ’ਚ ਜਦੋਂ ਕਪੂਰਥਲਾ ਰਾਜਪਾਲ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਇਨਸਾਫ਼ ਦੇਣਾ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਤਾਂ ਜੋ ਕਿਸੇ ਦੀ ਵੀ ਬੇਟੀ ਦੇ ਨਾਲ ਧੋਖਾਧੜੀ ਨਾ ਹੋਵੇ।
ਇਹ ਵੀ ਪੜ੍ਹੋ :ਪੁਲਸ ਮੁਕਾਬਲੇ ’ਚ ਮਰਿਆ ਗੋਰਾਇਆ ਦਾ ਨਿਕਲਿਆ ਤੀਜਾ ਗੈਂਗਸਟਰ, ਪਰਿਵਾਰ ਨੇ ਪੁਲਸ 'ਤੇ ਚੁੱਕੇ ਸਵਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।