ਸਮਾਂ ਆ ਗਿਆ ਹੈ, ਹੁਣ ਸਾਨੂੰ ਛੋਟੇ ਭਰਾ ਵਾਲੀ ਸੋਚ ਛੱਡਣੀ ਹੋਵੇਗੀ : ਜਾਖੜ
Wednesday, Jul 12, 2023 - 05:23 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਜਪਾ 23 ਸੀਟਾਂ ’ਤੇ ਲੜਦੀ ਰਹੀ, 3 ਲੋਕ ਸਭਾ ਸੀਟਾਂ ’ਤੇ ਚੋਣ ਲੜਦੀ ਰਹੀ ਪਰ ਇਸਨੂੰ ਲੰਬਾ ਅਰਸਾ ਹੋ ਗਿਆ ਹੈ। 1996-97 ’ਚ ਸਮਝੌਤਾ ਹੋਇਆ ਸੀ। ਇੱਕ ਸਮਾਂ ਆਉਂਦਾ ਹੈ ਜਦੋਂ ਸਕੂਲ ਛੱਡਕੇ ਕਾਲਜ ਜਾਂਦੇ ਹਾਂ, ਤੱਦ ਕਹਿੰਦੇ ਹਨ ਕਿ ਹੁਣ ਖੁਦਮੁਖਤਾਰ ਹੋ ਗਿਆ ਹੈ। ਸਮਾਂ ਆ ਗਿਆ ਹੈ, ਹੁਣ ਸਾਨੂੰ ਛੋਟੇ ਭਰਾ ਵਾਲੀ ਸੋਚ ਛੱਡਣੀ ਹੋਵੇਗੀ, ਛੋਟੇ ਭਰਾ ਵਾਲਾ ਸਿੰਡਰੋਮ ਖਤਮ ਕਰਨਾ ਹੋਵੇਗਾ। ਵਾਜਪਾਈ ਦੇ ਸਮੇਂ ਵਿਚ ਗਠਜੋੜ ਹੋਇਆ, ਉਨ੍ਹਾਂ ਨੇ ਗਠਜੋੜ ਧਰਮ ਦੀ ਗੱਲ ਕਹੀ ਸੀ। ਸੀਟਾਂ ਚਾਹੇ ਘੱਟ ਸੀ ਪਰ ਤਾਕਤ ਸਾਡੀ ਘੱਟ ਨਹੀਂ ਸੀ। ਜਾਖੜ ਨੇ ਪੰਜਾਬ ਭਾਜਪਾ ਦਫ਼ਤਰ ਵਿਚ ਅਹੁਦਾ ਸੰਭਾਲਣ ਮੌਕੇ ਆਯੋਜਿਤ ਸਮਾਰੋਹ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਸਾਡੀ ਹੱਸਦੀ ਖੇਡਦੀ ਜਵਾਨੀ ਸੀ, ਰੰਗਲਾ ਪੰਜਾਬ ਸੀ ਜੋ ਅੱਜ ਉਦਾਸ, ਨਿਰਾਸ਼ ਅਤੇ ਹਤਾਸ਼ ਪੰਜਾਬ ਬਣ ਗਿਆ ਹੈ। ਨਾ ਕਿਸਾਨ ਨੂੰ ਭਵਿੱਖ ਦਿਸ ਰਿਹਾ ਹੈ ਅਤੇ ਨਾ ਹੀ ਨੌਜਵਾਨਾਂ ਨੂੰ। ਕੋਈ ਨਸ਼ੇ ਨਾਲ ਮਰਿਆ ਪਿਆ ਹੈ, ਕੋਈ ਫਿਰੌਤੀਆਂ ਵਿਚ ਫਸਿਆ ਹੈ। ਪੰਜਾਬ ਨੰਬਰ ਇਕ ਸੂਬਾ ਸੀ, ਅੱਜ ਅਸੀਂ ਕਿੱਥੇ ਖੜ੍ਹੇ ਹਾਂ। ਹੁਣ ਸਾਨੂੰ ਇਹ ਸੋਚ ਬਦਲਣੀ ਹੋਵੇਗੀ ਕਿ ਅਸੀਂ ਤਾਂ ਛੋਟੇ ਹਿੱਸੇਦਾਰ ਹਾਂ। ਅੱਜ ਪੰਜਾਬ ਸਾਡਾ ਹੈ, ਅਸੀਂ ਪੰਜਾਬ ਦੇ ਨਾਲ ਖੜ੍ਹਾਂਗੇ, ਪੰਜਾਬ ਤਾਂ ਸਾਰਿਆਂ ਨੂੰ ਗਲੇ ਲਗਾਉਂਦਾ ਹੈ। ਨਿਗਾਹ ਬਦਲੋ, ਨਜ਼ਾਰੇ ਬਦਲ ਜਾਣਗੇ।
ਇਹ ਵੀ ਪੜ੍ਹੋ : ਅਧਿਆਪਕਾਂ ਲਈ ਚੰਗੀ ਖ਼ਬਰ : ਘਟੇਗਾ ਗੈਰ-ਵਿੱਦਿਅਕ ਕਾਰਜਾਂ ਦਾ ਬੋਝ
ਅਸੀਂ ਪੰਜਾਬੀਆਂ ਦੇ ਦਿਲ ਜਿੱਤਾਂਗੇ ਤਾਂ ਸੀਟਾਂ ਪਿੱਛੇ-ਪਿੱਛੇ ਆਉਣਗੀਆਂ
ਜਾਖੜ ਨੇ ਕਿਹਾ ਕਿ ਬਹੁਤ ਵੱਡਾ ਵਿਸ਼ਵਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਰੇ ਸਾਥੀਆਂ ਨੇ ਮੇਰੇ ’ਚ ਹੈ। ਲੋਕ ਕਹਿੰਦੇ ਹਨ ਕਿ ਜਾਖੜ ਵਿਚ ਭਰੋਸਾ ਜਤਾਇਆ, ਮੇਰਾ ਮੰਨਣਾ ਹੈ ਕਿ ਇਹ ਭਰੋਸਾ ਪਾਰਟੀ ਵਰਕਰ ਵਿਚ ਜਤਾਇਆ ਹੈ। ਇਨਾ ਬਹੁਤ ਫੈਸਲਾ ਉਨ੍ਹਾਂ ਨੇ ਸੁਨੀਲ ਦੀ ਸ਼ਕਲ ਵੇਖਕੇ ਨਹੀਂ ਲਿਆ ਹੈ। ਵਰਕਰ ਦੀ ਹਿੰਮਤ ਅਤੇ ਜਜ਼ਬੇ ਨੂੰ ਵੇਖਕੇ ਲਿਆ ਹੈ। ਮੇਰੀ ਜ਼ਿੰਮੇਵਾਰੀ ਹੈ ਤੁਹਾਨੂੰ ਆਪਣੀ ਤਾਕਤ ਯਾਦ ਦਿਵਾਉਣਾ। ਭਾਜਪਾ ਵਿਚ ਵਰਕਰ ਪੂਰੀ ਨਿਸ਼ਠਾ ਅਤੇ ਲਗਨ ਨਾਲ ਕੰਮ ਕਰਦੇ ਹਨ। ਇਨਾ ਵੱਡਾ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਕੇਂਦਰੀ ਲੀਡਰਸ਼ਿਪ ਨੇ ਮੇਰੇ ਵਿਚ ਪ੍ਰਗਟਾਇਆ ਹੈ। ਉਸਦੇ ਨਾਲ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਸਾਡੀ ਜ਼ਿੰਮੇਵਾਰੀ 13 ਜਾਂ 117 ਸੀਟਾਂ ਲਈ ਨਹੀਂ ਹੈ, ਪਹਿਲਾਂ ਸਾਡੀ ਜ਼ਿੰਮੇਵਾਰੀ ਸਾਡੇ ਰੰਗਲੇ ਪੰਜਾਬ ਨੂੰ ਜੋ ਨਜ਼ਰ ਲੱਗੀ ਹੈ, ਉਸ ਲਈ ਹੈ। ਦੇਸ਼ ਵਿਚ ਹਰ ਸੂਬੇ ਦਾ ਆਪਣਾ ਕਿਰਦਾਰ ਹੈ, ਸਾਰੀਆਂ ਜਗ੍ਹਾ ਲੋਕ ਆਪਣੇ ਦਿਮਾਗ ਨਾਲ ਕੰਮ ਕਰਦੇ ਹਨ ਪਰ ਅਸੀਂ ਪੰਜਾਬੀ ਦਿਲੋਂ ਕੰਮ ਕਰਦੇ ਹਾਂ। ਮੇਰਾ ਮੰਨਣਾ ਹੈ ਕਿ ਅਸੀਂ ਪੰਜਾਬੀਆਂ ਦੇ ਦਿਲ ਜਿੱਤੀਏ। ਅਸੀਂ ਪੰਜਾਬੀਆਂ ਦੇ ਦਿਲ ਜਿੱਤਾਂਗੇ ਤਾਂ ਸੀਟਾਂ ਪਿੱਛੇ-ਪਿੱਛੇ ਆਉਣਗੀਆਂ। ਪੰਜਾਬ ਨੂੰ ਅੱਜ ਨਜ਼ਰ ਲੱਗ ਗਈ ਹੈ, ਪੰਜਾਬ ਦੇ ਲੋਕਾਂ ਨੇ ਭਾਵੁਕ ਹੋ ਕੇ ਫੈਸਲਾ ਕਰ ਲਿਆ, ਉਸਦਾ ਖਾਮਿਆਜ਼ਾ ਭੁਗਤ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਲੰਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ। ਪੰਜਾਬ ਦੀ ਸਭ ਤੋਂ ਵਿਲੱਖਣ ਪਹਿਚਾਣ ਸਾਡੀ ਭਾਈਚਾਰਕ ਸਾਂਝ ਹੈ। ਹਿੰਦੁਸਤਾਨ ਸਭਤੋਂ ਵੱਡਾ ਧਰਮਨਿਰਪੱਖ ਦੇਸ਼ ਹੈ, ਉਸ ਵਿਚ ਸਭ ਤੋਂ ਵੱਡਾ ਧਰਮਨਿਰਪੱਖ ਰਾਜ ਪੰਜਾਬ ਹੈ।
ਇਹ ਵੀ ਪੜ੍ਹੋ : ਹੜ੍ਹ ’ਚ ਵਸੇ ਲੋਕਾਂ ਲਈ ਡਿਪਟੀ ਕਮਿਸ਼ਨਰ ਦੀ ਅਪੀਲ
ਅੱਜ ਪੰਜਾਬ ’ਚ ਕੋਈ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ
ਪੰਜਾਬੀਆਂ ਦੀ ਧਾਕ ਅੱਜ ਕੈਨੇਡਾ, ਆਸਟਰੇਲਿਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਹੈ ਕਿਉਂਕਿ ਉਹ ਵੱਡੇ ਦਿਲ ਵਾਲੇ ਹਨ। ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਪਰ ਅੱਜ ਪੰਜਾਬ ਵਿਚ ਕੋਈ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਸਿਰਫ਼ ਗੈਂਗਸਟਰ ਹੀ ਸੁਰੱਖਿਅਤ ਹਨ, ਜੋ ਜੇਲ੍ਹਾਂ ਵਿਚ ਬੈਠੇ ਹਨ। ਉੱਥੋਂ ਹੀ ਲੋਕਾਂ ਨੂੰ ਡਰਾ-ਧਮਕਾ ਰਹੇ ਹਨ। ਪੰਜਾਬ ਦੀ ਭਾਈਚਾਰਕ ਸਾਂਝ ’ਤੇ ਕੁਝ ਲੋਕ ਨਜ਼ਰ ਲਗਾਈ ਬੈਠੇ ਹਨ, ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਲੋਕ ਸੇਕਿਊਲਰਿਜ਼ਮ ਦਾ ਮਖੌਟਾ ਲਗਾਕੇ ਘੁੰਮਦੇ ਸਨ, ਅੱਜ ਉਹ ਮਖੌਟਾ ਚੀਰ-ਚੀਰ ਹੋ ਚੁੱਕਿਆ ਹੈ। ਉਹ ਪੰਜਾਬ ਵਿਚ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਬੇਨਕਾਬ ਕਰ ਕੇ ਇਸ ਸੂਬੇ ਦੀ ਭਾਈਚਾਰਕ ਸਾਂਝ ’ਤੇ ਸਾਨੂੰ ਪਹਿਰਾ ਦੇਣਾ ਹੈ। ਲੋਕਾਂ ਨੂੰ ਇਸ ਗੱਲ ਦਾ ਭਰੋਸਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਲਈ ਭਾਜਪਾ ਉਨ੍ਹਾਂ ਨਾਲ ਖੜ੍ਹੀ ਹੈ। ਪੰਜਾਬ ਦਾ ਤਾਂ ਚਰਿੱਤਰ ਹੀ ਕ੍ਰਾਂਤੀ ਰਿਹਾ ਹੈ। ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਨੇ ਆਪਣੀਆਂ ਕੁਰਬਾਨੀਆਂ ਨਾਲ ਦੇਸ਼ ਨੂੰ ਦਿਸ਼ਾ ਪ੍ਰਦਾਨ ਕੀਤੀ। ਜਾਖੜ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਵੱਡੀ ਚੁਣੌਤੀ ਹੈ ਪਰ ਇਸ ਵਿਚ ਸੰਭਾਵਨਾਵਾਂ ਵੀ ਹਨ। ਅਸੀਂ ਇਨ੍ਹਾਂ ਸੰਭਾਵਨਾਵਾਂ ਨੂੰ ਕਿਵੇਂ ਕੱਢਦੇ ਹਾਂ, ਇਹ ਸਾਡੀ ਮਿਹਨਤ, ਜਜ਼ਬੇ, ਸਮਰਪਣ ਅਤੇ ਪ੍ਰਤੀਬਧਤਾ ’ਤੇ ਨਿਰਭਰ ਕਰਦਾ ਹੈ। ਪੰਜਾਬ ਦੇ ਭਵਿੱਖ ਨੂੰ ਜੋ ਲੋਕ ਅੱਜ ਗਹਿਣੇ ਰੱਖ ਰਹੇ ਹਨ, ਉਸ ਬਾਰੇ ਪਿੰਡ-ਪਿੰਡ, ਗਲੀ-ਗਲੀ ਜਾ ਕੇ ਲੋਕਾਂ ਨੂੰ ਸਮਝਾਉਣਾ ਹੈ। ਉਨ੍ਹਾਂ ਨੇ ਵਰਕਰਾਂ ਵਿਚ ਜੋਸ਼ ਭਰਦੇ ਹੋਏ ਕਿਹਾ ਮੈਂ ਵਰਕਰ ਦੀ ਪਿੱਠ ਨਹੀਂ ਲੱਗਣ ਦੇਵਾਂਗਾ, ਮਿਲਕੇ ਤਗੜੇ ਹੋ ਕੇ ਲੜਾਈ ਲੜਾਂਗੇ। ਸਾਡੇ ਕੋਲ ਕੇਂਦਰ ਸਰਕਾਰ ਵਲੋਂ ਕੀਤੇ ਕੰਮ ਵੀ ਹਨ, ਜੋ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹਿੱਤ ਵਿਚ ਕੀਤੇ ਹਨ।
ਇਹ ਵੀ ਪੜ੍ਹੋ : ਦੋਸਤ ਨੂੰ ਛੱਡਣ ਦੌਰਾਨ ਨਹਿਰ ’ਚ ਰੁੜ੍ਹੇ ਦੋਸਤਾਂ ਦੀਆਂ ਤਿੰਨ ਦਿਨਾਂ ਬਾਅਦ ਮਿਲੀਆਂ ਲਾਸ਼ਾਂ
ਜਾਖੜ ਪੰਜਾਬ ਵਿਚ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਗੇ - ਰੂਪਾਣੀ
ਪ੍ਰਦੇਸ਼ ਭਾਜਪਾ ਇੰਚਾਰਜ ਵਿਜੈ ਰੂਪਾਣੀ ਨੇ ਇਸ ਮੌਕੇ ਕਿਹਾ ਕਿ ਭਾਜਪਾ ਨੂੰ ਪੰਜਾਬ ਵਿਚ ਸਰਵਵਿਆਪੀ ਬਣਾਉਣਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਜਾਖੜ ਪੰਜਾਬ ਵਿਚ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਗੇ, ਜੋ ਉਮੀਦ ਮੋਦੀ ਅਤੇ ਨੱਡਾ ਨੇ ਉਨ੍ਹਾਂ ਤੋਂ ਰੱਖੀ ਹੈ, ਉਸਨੂੰ ਪੂਰਾ ਕਰਨਗੇ। ਭਾਜਪਾ ਪਰਿਵਾਰ ਦੀ ਪਾਰਟੀ ਨਹੀਂ ਹੈ। ਇਹ ਵਰਕਰ ਦੀ ਪਾਰਟੀ ਹੈ। ਇੱਥੇ ਚਾਹ ਵੇਚਣ ਵਾਲਾ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ, ਬੂਥ ’ਤੇ ਕੰਮ ਕਰਨ ਵਾਲਾ ਰਾਸ਼ਟਰੀ ਪ੍ਰਧਾਨ ਬਣ ਸਕਦਾ ਹੈ। ਇਹ ਅਹੁਦਾ ਨਹੀਂ, ਫਰਜ਼ ਹੈ। ਇਹ ਪ੍ਰਤੀਸ਼ਠਾ ਨਹੀਂ, ਪ੍ਰੀਖਿਆ ਹੈ। ਸਮਾਰੋਹ ਨੂੰ ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼, ਕੌਮੀ ਕਾਜਰਕਾਰਣੀ ਦੇ ਮੈਂਬਰ ਮਨੋਰੰਜਨ ਕਾਲੀਆ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਹੜ੍ਹ ’ਚ ਫ਼ਸੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਸੁਸ਼ੀਲ ਰਿੰਕੂ, ਕਿਸ਼ਤੀਆਂ ਰਾਹੀਂ ਪਹੁੰਚਾਇਆ ਖਾਣ-ਪੀਣ ਦਾ ਸਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।