ਹੁਣ ਟੈਨਸ਼ਨ ਫ੍ਰੀ ਹੋਵੇਗਾ ''ਟ੍ਰੈਫਿਕ''

02/06/2016 2:06:03 PM

ਜ਼ੀਰਕਪੁਰ ਤੋਂ ਚੰਡੀਗੜ੍ਹ ਆਉਣ-ਜਾਣ ਵਾਲਿਆਂ ਨੂੰ ਮਿਲੇਗੀ ਟ੍ਰੈਫਿਕ ਜਾਮ ਤੋਂ ਨਿਜ਼ਾਤ 

ਚੰਡੀਗੜ੍ਹ (ਵਿਵੇਕ)- ਸਿਟੀ ਬਿਊਟੀਫੁੱਲ ''ਚ ਦਾਖਲ ਹੋਣ ਸਮੇਂ ਟਰੱਕਾਂ ਦੀਆਂ ਕਤਾਰਾਂ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀਆਂ ਸਣੇ ਜ਼ੀਰਕਪੁਰ ਵਲੋਂ ਆਉਣ ਵਾਲੇ ਲੋਕਾਂ ਨੂੰ ਵੀ ਜਲਦੀ ਹੀ ਨਿਜ਼ਾਤ ਮਿਲਣ ਵਾਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ''ਤੇ ਹੁਣ ਪੰਜਾਬ ਸਰਕਾਰ ਚੰਡੀਗੜ੍ਹ ਦੇ ਬਾਰਡਰ ''ਤੇ ਬਣੇ ਪੰਜਾਬ ਦੇ ਇਨਫਾਰਮੇਸ਼ਨ ਕੁਲੈਕਸ਼ਨ ਸੈਂਟਰ ਨੂੰ ਜ਼ੀਰਕਪੁਰ ਤੋਂ ਪਹਿਲਾਂ ਪਿੰਡ ਭਬਾਤ ਵਿਚ ਸਥਾਪਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਹਲਫ਼ਨਾਮਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਡੇਰਾਬੱਸੀ ਦੇ ਐੱਸ. ਡੀ. ਐੱਮ. ਨੇ ਦਾਖਲ ਕੀਤਾ ਹੈ।

ਚੰਡੀਗੜ੍ਹ ''ਚ ਦਾਖਲ ਹੋਣ ਦੌਰਾਨ ਜ਼ੀਰਕਪੁਰ ਤੋਂ ਚੰਡੀਗੜ੍ਹ ਤਕ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਟਰੱਕਾਂ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਹੈ। ਇਨ੍ਹਾਂ ਟਰੱਕਾਂ ਨੂੰ ਪੰਜਾਬ ਸਰਕਾਰ ਦੇ ਇਨਫਾਰਮੇਸ਼ਨ ਕੁਲੈਕਸ਼ਨ ਸੈੱਲ ''ਚ ਆਉਣਾ ਪੈਂਦਾ ਹੈ। ਇਹ ਸੈਂਟਰ ਚੰਡੀਗੜ੍ਹ ਦੇ ਬਾਰਡਰ ''ਤੇ ਸਥਿਤ ਹੈ। ਅਜਿਹੇ ਵਿਚ ਇਨ੍ਹਾਂ ਟਰੱਕਾਂ ਨੂੰ ਸੈਂਟਰ ਵਿਚ ਹੋ ਕੇ ਵਾਪਿਸ ਜਾਣ ਲਈ ਚੰਡੀਗੜ੍ਹ ਵਿਚ ਦਾਖਲ ਹੋਣਾ ਪੈਂਦਾ ਸੀ। ਇਨ੍ਹਾਂ ਟਰੱਕਾਂ ਦੇ ਚੰਡੀਗੜ੍ਹ ਵਿਚ ਦਾਖਲ ਹੋਣ ਤੋਂ ਬਾਅਦ ਟ੍ਰੈਫਿਕ ਦੀ ਸਮੱਸਿਆ ਸਾਹਮਣੇ ਆਉਂਦੀ ਸੀ, ਦੂਸਰੇ ਪਾਸੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਕਈ ਕੰਪਨੀਆਂ ਤੇ ਇਮਾਰਤਾਂ ਦੇ ਸਾਹਮਣੇ ਆਉਣ-ਜਾਣ ਦਾ ਰਸਤਾ ਵੀ ਨਹੀਂ ਬਚਦਾ ਸੀ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਪੰਜਾਬ ਸਰਕਾਰ ਤੋਂ ਇਸ ਸੈਂਟਰ ਨੂੰ ਸਿਫ਼ਟ ਕਰਨ ਸਬੰਧੀ ਜਵਾਬ ਮੰਗਿਆ ਸੀ।

ਸ਼ੁੱਕਰਵਾਰ ਨੂੰ ਜਿਵੇਂ ਹੀ ਟ੍ਰੈਫਿਕ ਮਾਮਲਿਆਂ ਦੀ ਸੁਣਵਾਈ ਆਰੰਭ ਹੋਈ, ਹਾਈਕੋਰਟ ਨੇ ਚੰਡੀਗੜ੍ਹ ਦੇ ਬਾਰਡਰ ''ਤੇ ਸਥਿਤ ਪੰਜਾਬ ਦੇ ਇਨਫਾਰਮੇਸ਼ਨ ਕੁਲੈਕਸ਼ਨ ਸੈਂਟਰ ਸਬੰਧੀ ਜਵਾਬ ਮੰਗਿਆ। ਇਸ ''ਤੇ ਪੰਜਾਬ ਸਰਕਾਰ ਵੱਲੋਂ ਮੌਜੂਦ ਕੌਂਸਲ ਰਾਜਿੰਦਰ ਗੋਇਲ ਨੇ ਐੱਸ. ਡੀ. ਐੱਮ. ਡੇਰਾਬੱਸੀ ਦਾ ਹਲਫ਼ਨਾਮਾ ਪੇਸ਼ ਕੀਤਾ। ਇਸ ਵਿਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਚੰਡੀਗੜ੍ਹ ਦੇ ਬਾਰਡਰ ''ਤੇ ਮੌਜੂਦ ਇਸ ਸੈਂਟਰ ਨੂੰ ਜ਼ੀਰਕਪੁਰ ਫਲਾਈਓਵਰ ਤੋਂ ਪਹਿਲਾਂ ਪੈਣ ਵਾਲੇ ਪਿੰਡ ਭਬਾਤ ਵਿਚ ਸ਼ਿਫਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਜ਼ਮੀਨ ਐਕਵਾਇਰ ਕਰਨ ਦੀ ਪ੍ਰੀਕਿਰਿਆ ਆਰੰਭ ਕਰ ਦਿੱਤੀ ਗਈ ਹੈ, ਜਿਸ ਮਗਰੋਂ ਸੈਂਟਰ ਇਥੇ ਸਿਫ਼ਟ ਕਰ ਦਿੱਤਾ ਜਾਵੇਗਾ।


Anuradha Sharma

News Editor

Related News