ਹੁਣ ਟੈਕਸ ਚੋਰੀ ਕਰਨਾ ਬਹੁਤ ਜੋਖਮ ਵਾਲਾ ਕੰਮ, ਕ੍ਰਿਮੀਨਲ ਕੇਸ ਵੀ ਹੋ ਸਕਦੈ ਦਰਜ

Wednesday, Jul 12, 2017 - 02:52 PM (IST)

ਰੂਪਨਗਰ(ਵਿਜੇ)— ਵਸਤਾਂ ਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਢਾਂਚਾ ਸਭ ਤੋਂ ਸਰਲ ਵਿਵਸਥਾ ਹੈ। ਇਹ ਪ੍ਰਗਟਾਵਾ ਕਰਦਿਆਂ ਅਨੁਰਾਗ ਅਗਰਵਾਲ ਵਿੱਤ ਕਮਿਸ਼ਨਰ (ਟੈਕਸੇਸ਼ਨ) ਨੇ ਕਿਹਾ ਕਿ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਇਸ ਨਵੇਂ ਕਰ ਢਾਂਚੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਜੀ. ਐੱਸ. ਟੀ. ਦੇ ਅਮਲ 'ਚ ਆਉਣ ਨਾਲ ਭਾਰਤ ਤੇ ਖਾਸ ਕਰਕੇ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। 
ਅਨੁਰਾਗ ਅਗਰਵਾਲ ਵਿੱਤ ਕਮਿਸ਼ਨਰ ਰੂਪਨਗਰ ਦੇ ਕਮੇਟੀ ਰੂਮ 'ਚ ਐੱਸ. ਬੀ. ਐੱਸ. ਨਗਰ ਅਤੇ ਰੂਪਨਗਰ ਜ਼ਿਲੇ ਦੇ ਉਦਯੋਗਪਤੀਆਂ, ਵਕੀਲਾਂ ਅਤੇ ਵਪਾਰੀਆਂ ਨੂੰ ਜੀ. ਐੱਸ. ਟੀ. ਸਬੰਧੀ ਜਾਗਰੂਕ ਕਰਨ ਅਤੇ ਇਸ ਕਾਨੂੰਨ ਤਹਿਤ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਾਗਰੂਕ ਕਰਨ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਸਤੇ ਆਏ ਸਨ। 
ਇਸ ਦੌਰਾਨ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ, ਹਰਿੰਦਰ ਬਰਾੜ ਡੀ. ਈ. ਟੀ. ਸੀ. ਰੂਪਨਗਰ ਅਤੇ ਬੀ. ਕੇ. ਵਿਰਦੀ ਡੀ. ਈ. ਟੀ. ਸੀ. ਜਲੰਧਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਵਿਵਸਥਾ ਨਾਲ ਬਹੁ-ਕਰ ਪ੍ਰਣਾਲੀ ਦਾ ਖਾਤਮਾ ਹੋਣ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਕ ਮੁਲਕ 'ਤੇ ਇਕ ਕਰ ਦੀ ਵਿਵਸਥਾ ਨਾਲ ਆਰਥਿਕਤਾ ਨੂੰ ਮਜ਼ਬੂਤੀ ਮਿਲਣ ਦੇ ਨਾਲ-ਨਾਲ ਨਵੀਂ ਕਰ ਵਿਵਸਥਾ ਨਾਲ ਬੈਰੀਅਰਾਂ ਤੋਂ ਨਿਜਾਤ ਮਿਲੇਗੀ। 
ਉਨ੍ਹਾਂ ਦੱਸਿਆ ਕਿ ਜੀ. ਐੱਸ. ਟੀ. ਨਾਲ ਹੋਣ ਵਾਲੀ ਇਸ ਉਸਾਰੂ ਤਬਦੀਲੀ ਸਦਕਾ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਵਸਤਾਂ ਦੀ ਟਰਾਂਸਪੋਰਟੇਸ਼ਨ, ਵਪਾਰਕ ਆਵਾਜਾਈ ਦੀਆਂ ਲਾਗਤਾਂ ਘਟਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਜਲਦੀ ਹੀ ਬੈਰੀਅਰ ਹਟਾਏ ਜਾ ਰਹੇ ਹਨ ਅਤੇ ਮੋਬਾਈਲ ਵਿੰਗ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਤਹਿਤ ਰਾਜ ਅਤੇ ਕੇਂਦਰ ਸਰਕਾਰ ਇਕੱਠੇ ਮਿਲ ਕੇ ਕੰਮ ਕਰਨਗੇ। ਉਨ੍ਹਾਂ ਵਪਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਪ੍ਰਣਾਲੀ ਦੇ ਲਾਗੂ ਹੋ ਜਾਣ ਨਾਲ ਹੁਣ ਟੈਕਸ ਚੋਰੀ ਕਰਨਾ ਬਹੁਤ ਜੋਖਿਮ ਵਾਲਾ ਕੰਮ ਹੈ, ਇਸ ਤਹਿਤ ਕ੍ਰਿਮੀਨਲ ਕੇਸ ਵੀ ਦਰਜ ਹੋ ਸਕਦਾ ਹੈ। 
ਇਸ ਮੌਕੇ ਆਏ ਵਪਾਰੀਆਂ ਅਤੇ ਉਦਯੋਗਪਤੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਕੋਈ ਵੀ ਵਪਾਰੀ ਆਪਣੇ ਵੱਲੋਂ ਜਮ੍ਹਾ ਕਰਵਾਏ ਵੈਟ ਦਾ ਨਿਰਧਾਰਿਤ ਫਾਰਮ ਭਰ ਕੇ ਕਲੇਮ ਲੈ ਸਕਦਾ ਹੈ। ਸਰਕਾਰ ਵੱਲੋਂ ਵੈਟ ਵਾਪਸੀ ਦੇ ਕੇਸ ਕਲੀਅਰ ਕੀਤੇ ਜਾ ਰਹੇ ਹਨ, ਇਨ੍ਹਾਂ 'ਚ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ। ਇਸ ਦੌਰਾਨ ਪਰਮਿੰਦਰਪਾਲ ਸਿੰਘ ਬਿੰਟਾ, ਸੁਖਦੀਪ ਸਿੰਘ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ, ਮੈਡਮ ਸੁਨੀਤਾ ਜਗਪਾਲ ਵਰਮਾ, ਸ਼੍ਰੀਮਤੀ ਅੰਮ੍ਰਿਤਦੀਪ, ਮੈਡਮ ਗੁਰਸਿਮਰਨ, ਮੈਡਮ ਪਰਮਜੀਤ ਕੌਰ ਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ।  


Related News