ਕੀ ਹੁਣ ਕਮਲਨਾਥ ਨੂੰ ਵੀ ਹੋਵੇਗੀ ਸਜ਼ਾ !

Tuesday, Dec 18, 2018 - 06:04 PM (IST)

ਕੀ ਹੁਣ ਕਮਲਨਾਥ ਨੂੰ ਵੀ ਹੋਵੇਗੀ ਸਜ਼ਾ !

ਜਲੰਧਰ (ਜਸਬੀਰ ਵਾਟਾਂ ਵਾਲੀ) 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ 34 ਸਾਲ ਦੇ ਲੰਮੇ ਵਕਫੇ ਦੇ ਬਾਅਦ ਦੋਸ਼ੀ ਕਰਾਰ ਦਿੱਤਾ। ਇਸ ਫੈਸਲੇ 'ਚ ਅਦਾਲਤ ਨੇ ਸੱਜਣ ਕਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ । ਇਸ ਦੇ ਨਾਲ-ਨਾਲ ਚਾਰ ਹੋਰ ਦੋਸ਼ੀਆਂ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਨ੍ਹਾਂ ਦੋਸ਼ੀਆਂ ਦਾ ਹੱਥ ਦਿੱਲੀ ਛਾਉਣੀ ਦੇ ਰਾਜਨਗਰ ਵਿਚ 5 ਸਿੱਖਾਂ ਦੀ ਹੱਤਿਆ ਮਾਮਲੇ ਵਿਚ ਸਨ । ਇਸ ਤੋਂ ਪਹਿਲਾਂ ਅਪ੍ਰੈਲ 2013 ਵਿੱਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰਾਰ ਦਿੱਤਾ ਸੀ। ਸਾਲ 2002 'ਚ 84 ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਜੀ. ਟੀ. ਨਾਨਾਵਟੀ ਕਮਿਸ਼ਨ ਦਾ ਗਠਿਤ ਕੀਤਾ ਗਿਆ।  ਇਸ ਕਮਿਸ਼ਨ ਦੀ ਸਿਫਾਰਸ਼ 'ਤੇ 24 ਅਕਤੂਬਰ 2005 ਨੂੰ ਸੀ. ਬੀ. ਆਈ. ਨੇ ਦੁਬਾਰਾ ਮਾਮਲਾ ਦਰਜ ਕੀਤਾ ਸੀ।

PunjabKesari

ਇਸ ਫੈਸਲੇ ਤੋਂ ਬਾਅਦ ਵੱਖ-ਵੱਖ ਸਿੱਖ ਆਗੂਆਂ ਵੱਲੋਂ ਕਾਂਗਰਸ ਖਿਲਾਫ਼ ਤਿੱਖੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਮੁੱਖ ਆਗੂ ਅਤੇ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲ ਨਾਥ ਖਿਲਾਫ ਕਾਰਵਾਈ ਕੀਤੇ ਜਾਣ ਦੀ ਚਰਚਾ ਨੇ ਵੀ ਜ਼ੋਰ ਫੜ ਲਿਆ ਹੈ।ਇਸ ਤੋਂ ਪਹਿਲਾਂ ਵੀ ਸਿੱਖ ਜਥੇਬੰਦੀਆਂ ਵੱਲੋਂ ਕਮਲਨਾਥ ਦੇ ਖਿਲਾਫ ਕਰਵਾਈ ਕਰਨ ਦੀ ਮੰਗ ਸਮੇਂ-ਸਮੇਂ 'ਤੇ ਕੀਤੀ ਜਾਂਦੀ ਰਹੀ ਹੈ।  
ਕਮਲ ਨਾਥ ਦੀ ਗੱਲ ਕਰੀਏ ਤਾਂ '84 ਸਿੱਖ ਕਤਲੇਆਮ ਮਾਮਲੇ 'ਚ ਉਨ੍ਹਾਂ ਦੇ ਨਾਂ ਦਾ ਜਿਕਰ ਸਭ ਤੋਂ ਪਹਿਲਾਂ 2 ਨਵੰਬਰ 1984 ਨੂੰ ‘ਇੰਡੀਅਨ ਐਕਸਪ੍ਰੈੱਸ’ ਅਖਬਾਰ ਨੇ ਕੀਤਾ ਸੀ। ਇਸ ਤੋਂ ਦੂਜੇ ਦਿਨ 3 ਨਵੰਬਰ 1984 ਨੂੰ ‘ਸਟੇਟਸਮੈਨ’ ਅਖਬਾਰ ਨੇ ਵੀ ਕਮਲਨਾਥ ਦਾ ਨਾਂ ਇਸ ਮਾਮਲੇ ਨਾਲ ਜੋੜਿਆ ਸੀ। 'ਇੰਡੀਅਨ ਐਕਸਪ੍ਰੈਸ' ਦੇ ਪੱਤਰਕਾਰ ਸੰਜੇ ਸੂਰੀ ਤਾਂ ਇਸ ਮਾਮਲੇ ’ਚ ਪ੍ਰਤੱਖਦਰਸ਼ੀ ਦੇ ਤੌਰ 'ਤੇ ਬਿਆਨ ਵੀ ਦਰਜ ਕਰਵਾ ਚੁੱਕੇ ਹਨ। ਸੂਰੀ ਨੇ ਇਹ ਬਿਆਨ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਹਲਫਨਾਮਾ ਦੇ ਕੇ ਅਤੇ ਨਾਨਾਵਤੀ ਕਮਿਸ਼ਨ ਦੇ ਅੱਗੇ ਜ਼ੁਬਾਨੀ ਕਲਮਬੰਦ ਕਰਵਾਏ ਸਨ। ਬਿਆਨਾਂ 'ਚ ਕਿਹਾ ਸੀ ਕਿ ਇੱਕ ਨਵੰਬਰ 1984 ਨੂੰ ਕਮਲ ਨਾਥ ਗੁਰਦੁਆਰਾ ਰਕਾਬਗੰਜ ਦੇ ਸਾਹਮਣੇ ਦੋ ਘੰਟਿਆਂ ਤੱਕ ਦੰਗਾਕਾਰੀਆਂ ਦੀ ਭੀੜ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਰਹੇ ਅਤੇ ਭੜਕਾਉਂਦੇ ਰਹੇ। ਇਸ ਦੇ ਉਲਟ ਕਮਲਨਾਥ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਕਹਿਣ 'ਤੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਭੀੜ ਨੂੰ ਸਮਝਾਉਣ ਗਏ ਸਨ, ਨਾ ਕਿ ਭੜਕਾਉਣ। ਇਸ ਸਬੰਧੀ ਕਮਲ ਨਾਥ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਉੱਤੇ ਲਗਾਏ ਗਏ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ।

PunjabKesari


ਇਸ ਸਬੰਧੀ ਐੱਚ. ਐੱਸ. ਫੂਲਕਾ ਵੀ ਕਮਲਨਾਥ ਨੂੰ ਸਿੱਖ ਕਤਲੇਆਮ ਮਾਮਲੇ 'ਚ ਦੋਸ਼ੀ ਮੰਨਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਮਲ ਨਾਥ ਦੇ ਮਾਮਲੇ 'ਚ ਅਦਾਲਤ ਦਾ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ। ਇਸ ਸਬੰਧੀ ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਮਲਨਾਥ ਖਿਲਾਫ ਪੁਖਤਾ ਸਬੂਤ ਹਨ, ਜਿੰਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਭ ਦੇ ਮੱਦੇਨਜ਼ਰ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਵੱਡੇ ਚਿਹਰੇ ਕਮਲ ਨਾਥ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਵੇਗੀ ਜਾਂ ਫਿਰ ਉਹ ਸਬੂਤਾਂ ਦੇ ਬਲਬੂਤੇ ’ਤੇ ਬਾਇੱਜ਼ਤ ਬਰੀ ਹੋ ਜਾਣਗੇ।


Related News