ਪਾਰਟੀ ਲੀਡਰਸ਼ਿਪ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ, ਹੁਣ ਮੈਂ ਜਨਤਾ ’ਚ ਭਰੋਸਾ ਜਗਾਉਣਾ ਹੈ : ਜਾਖੜ

Wednesday, Jul 05, 2023 - 06:04 PM (IST)

ਪਾਰਟੀ ਲੀਡਰਸ਼ਿਪ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ, ਹੁਣ ਮੈਂ ਜਨਤਾ ’ਚ ਭਰੋਸਾ ਜਗਾਉਣਾ ਹੈ : ਜਾਖੜ

ਚੰਡੀਗੜ੍ਹ : ਕਾਂਗਰਸ ਤੋਂ ਭਾਜਪਾ ’ਚ ਆਉਣ ਤੋਂ ਇਕ ਸਾਲ ਬਾਅਦ ਹੀ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਬੇਦਾਗ ਅਕਸ ਅਤੇ ਹਰ ਮੁੱਦੇ ’ਤੇ ਬਿਹਤਰ ਪਕੜ ਰੱਖਣ ਵਾਲੇ ਤੇਜ਼-ਤਰਾਰ ਸਪੀਕਰ ਮੰਨੇ ਜਾਂਦੇ ਜਾਖੜ ਨੂੰ ਭਾਜਪਾ ਵਿਚ ਅਚਾਨਕ ਸੰਗਠਨ ਦੀ ਇੰਨੀ ਵੱਡੀ ਜ਼ਿੰਮੇਵਾਰੀ ਇੰਝ ਹੀ ਨਹੀਂ ਸੌਂਪੀ ਗਈ। ਇਸ ਦੇ ਪਿੱਛੇ ਉਨ੍ਹਾਂ ਦਾ ਸਿਆਸੀ ਕੱਦ ਅਤੇ ਕਿਰਦਾਰ ਅਹਿਮ ਰਿਹਾ ਹੈ। ਜਾਖੜ ਦੇ ਪੰਜਾਬ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ‘ਜਗ ਬਾਣੀ’ ਦੇ ਹਰੀਸ਼ਚੰਦਰ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਪ੍ਰਮੁੱਖ ਅੰਸ਼–

ਸਵਾਲ : ਭਾਜਪਾ ਵਰਗੀ ਕੌਮੀ ਪਾਰਟੀ ਜੋ 9 ਸਾਲ ਤੋਂ ਕੇਂਦਰ ਦੀ ਸੱਤਾ ਵਿਚ ਹੋਵੇ, ਉਸ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣਾ ਯਕੀਨੀ ਤੌਰ ’ਤੇ ਸਨਮਾਨ ਦੀ ਗੱਲ ਹੈ। ਕੀ ਇਸ ਦਾ ਕੋਈ ਦਬਾਅ ਵੀ ਰਹੇਗਾ?
ਜਵਾਬ : ਸਿਆਸਤ ਵਿਚ ਦਬਾਅ ਕੋਈ ਨਵੀਂ ਗੱਲ ਨਹੀਂ ਅਤੇ ਇਕ ਸਮੇਂ ਤੋਂ ਬਾਅਦ ਅਜਿਹਾ ਦਬਾਅ ਮਾਇਨੇ ਨਹੀਂ ਰੱਖਦਾ। ਮੇਰੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਨੇ ਭਰੋਸਾ ਪ੍ਰਟਾਇਅਾ ਹੈ। ਦੇਸ਼ ਦੀ ਏਕਤਾ, ਅਖੰਡਤਾ ਲਈ ਕੰਮ ਕਰਨ ਵਾਲੀ ਰਾਸ਼ਟਰਵਾਦੀ ਭਾਜਪਾ ਦਾ ਪੰਜਾਬ ਪ੍ਰਧਾਨ ਬਣਨਾ ਮੇਰੇ ਲਈ ਨਿੱਜੀ ਤੌਰ ’ਤੇ ਬੜੇ ਮਾਣ ਦੀ ਗੱਲ ਹੈ। ਪਾਰਟੀ ਲੀਡਰਸ਼ਿਪ ਨੇ ਤਾਂ ਮੇਰੇ ’ਤੇ ਭਰੋਸਾ ਪ੍ਰਗਟਾਇਅਾ ਹੈ, ਹੁਣ ਮੈਂ ਪੰਜਾਬ ਦੀ ਜਨਤਾ ਵਿਚ ਭਰੋਸਾ ਜਗਾਉਣਾ ਹੈ ਕਿ ਉਨ੍ਹਾਂ ਦੀ ਅਵਾਜ਼ ਉਠਾਉਣ ਵਾਲਾ, ਉਨ੍ਹਾਂ ਦੀ ਬਾਂਹ ਫੜਨ ਵਾਲਾ ਵੀ ਕੋਈ ਹੈ। ਸੂਬੇ ਦੀ ਵਿਧਾਨ ਸਭਾ ਵਿਚ ਜੋ ਵਿਰੋਧੀ ਪਾਰਟੀ ਹੈ, ਉਹ ਤਾਂ ਸੱਤਾ ਦੇ ਅੱਗੇ ਗੋਡੇ ਟੇਕ ਚੁੱਕੀ ਹੈ। ਹੁਣ ਭਾਜਪਾ ਵਿਰੋਧੀ ਧਿਰ ਦੀ ਅਵਾਜ਼ ਬਣੇਗੀ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵੈਟ ਦੀਆਂ ਪੈਂਡਿੰਗ ਰਿਟਰਨਾਂ ਦਾ ਮਾਮਲਾ ਉਠਾਇਆ

ਸਵਾਲ : ਪੰਜਾਬ ’ਚ ਭਾਜਪਾ ਦੇ ਨਜ਼ਰੀਏ ਤੋਂ ਤੁਹਾਡੀ ਤਰਜੀਹ ਕੀ ਰਹੇਗੀ?
ਜਵਾਬ : ਮੇਰਾ ਕੰਮ ਪੰਜਾਬ ਤੇ ਪੰਜਾਬੀਅਤ ਦੀ ਬਿਹਤਰੀ ਲਈ ਕੰਮ ਕਰਨਾ ਹੈ। ਮੈਂ ਕਿਸੇ ਵੀ ਪਾਰਟੀ ’ਚ ਰਿਹਾ, ਮੇਰੀ ਸਿਆਸਤ ਦਾ ਫੋਕਸ ਸਪਸ਼ਟ ਹੈ ਕਿ ਆਪਣੇ ਪੰਜਾਬ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਅਤੇ ਇੱਥੇ ਭਾਈਚਾਰੇ ਨੂੰ ਕਿਵੇਂ ਕਾਇਮ ਰੱਖਣ ਵਿਚ ਆਪਣੀ ਭੂਮਿਕਾ ਅਦਾ ਕਰ ਸਕਾਂ। ਸੰਗਠਨ ਨੂੰ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਹੋਰ ਮਜ਼ਬੂਤ ਬਣਾ ਕੇ ਨਵੀਆਂ ਬੁਲੰਦੀਆਂ ਤਕ ਪਹੁੰਚਾਉਣਾ ਮੇਰੀ ਤਰਜੀਹ ਰਹੇਗੀ।

ਸਵਾਲ : ਕੀ ਭਾਜਪਾ ਪਿੰਡਾਂ ਵਿਚ ਪਕੜ ਬਣਾਉਣ ’ਚ ਕੁਝ ਕਾਮਯਾਬ ਹੋਈ ਹੈ? ਕਿਸਾਨਾਂ ਦੀ ਨਾਰਾਜ਼ਗੀ ਦੂਰ ਹੋਈ ਜਾਂ ਨਹੀਂ?
ਜਵਾਬ : ਮੈਂ ਇਕ ਸਾਲ ’ਚ ਭਾਜਪਾ ਨੂੰ ਜਿੰਨਾ ਨੇੜਿਓ ਵੇਖਿਆ ਹੈ, ਉਸ ਦੇ ਆਧਾਰ ’ਤੇ ਕਹਿ ਸਕਦਾ ਹਾਂ ਕਿ ਮੇਰੀ ਪਾਰਟੀ ਪੰਜਾਬ ਦੇ ਹਰ ਪਿੰਡ ਵਿਚ ਬੂਥ ਪੱਧਰ ਤਕ ਪਹੁੰਚ ਚੁੱਕੀ ਹੈ। ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਚਰਚਾ ਪਿੰਡ ਦੀ ਸੱਥ ’ਤੇ ਦੇਖਣ ਨੂੰ ਮਿਲਦੀ ਹੈ। ਰਹੀ ਗੱਲ ਕਿਸਾਨਾਂ ਦੀ ਨਾਰਾਜ਼ਗੀ ਦੀ ਤਾਂ ਜਿਨ੍ਹਾਂ ਕਾਨੂੰਨਾਂ ਨੂੰ ਲੈ ਕੇ ਕਿਸਾਨ ਥੋੜ੍ਹਾ ਨਾਰਾਜ਼ ਸਨ, ਉਹ ਪ੍ਰਧਾਨ ਮੰਤਰੀ ਮੋਦੀ ਨੇ ਵਾਪਸ ਲੈ ਲਏ। ਜਦੋਂ ਮੁੱਦਾ ਹੀ ਨਹੀਂ ਬਚਿਆ ਤਾਂ ਨਾਰਾਜ਼ਗੀ ਵੀ ਮੁੱਦੇ ਦੇ ਨਾਲ ਖਤਮ ਹੋ ਗਈ।

ਇਹ ਵੀ ਪੜ੍ਹੋ :  ਮੁੰਡੇ ਤੇ ਕੁੜੀ ਦੀ ਮਾਂ ਦਾ ਦਖਲ ਵੀ ਘਰ ਵਸਣ ’ਚ ਪੈਦਾ ਕਰ ਰਿਹਾ ਰੁਕਾਵਟ

ਸਵਾਲ : ਤੁਹਾਡੇ ਅਕਾਲੀ ਆਗੂਆਂ ਨਾਲ ਵੀ ਵਧੀਆ ਸੰਬੰਧ ਰਹੇ ਹਨ। ਕੀ ਅਕਾਲੀ ਦਲ ਨਾਲ ਮੁੜ ਗਠਜੋੜ ਵਿਚ ਤੁਸੀਂ ਕੋਈ ਪਹਿਲ ਕਰੋਗੇ?
ਜਵਾਬ : ਸੂਬਾ ਪ੍ਰਧਾਨ ਹੋਣ ਦੇ ਨਾਤੇ ਮੇਰਾ ਕੰਮ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣਾ ਹੈ। ਮੇਰੇ ਹਰ ਵਰਕਰ ਦਾ ਮਾਣ-ਸਨਮਾਨ ਹੋਵੇ, ਮੈਂ ਇਹ ਵੇਖਣਾ ਹੈ। ਜਨਤਾ ਨਾਲ ਜੁਡ਼ੇ ਮੁੱਦਿਆਂ ’ਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨਾ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ ਵੀ ਮੇਰੇ ਕੰਮ ਦਾ ਹਿੱਸਾ ਹੈ। ਬਤੌਰ ਪ੍ਰਧਾਨ ਅਗਲੀ ਲੋਕ ਸਭਾ ਚੋਣ ਲਈ ਮੈਂ ਸਾਰੇ 13 ਲੋਕ ਸਭਾ ਹਲਕਿਆਂ ਵਿਚ ਪਾਰਟੀ ਦੀਆਂ ਚੋਣ ਲੜਨ ਦੀਆਂ ਤਿਆਰੀਆਂ ਪੂਰੀਆਂ ਕਰਨੀਆਂ ਚਾਹੁੰਦਾ ਹਾਂ। ਜਿੱਥੋਂ ਤਕ ਗਠਜੋੜ ਦੀ ਗੱਲ ਹੈ, ਫਿਲਹਾਲ ਤਾਂ ਅਜਿਹੀ ਗੱਲ ਕਿਸੇ ਪੱਧਰ ’ਤੇ ਨਹੀਂ ਆਈ। ਗਠਜੋੜ ਦਾ ਫੈਸਲਾ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਕਰਨਾ ਹੈ। ਸਾਡੇ ਇੱਥੇ ਸਾਰੇ ਫੈਸਲੇ ਸਮੂਹਿਕ ਤੌਰ ’ਤੇ ਚੋਟੀ ਦੀ ਲੀਡਰਸ਼ਿਪ ਕਰਦੀ ਹੈ।

ਸਵਾਲ : ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਾਉਣ ਵਿਚ ਤੁਹਾਡਾ ਖਾਸ ਰੋਲ ਰਿਹਾ ਸੀ। ਕੀ ਅੱਗੇ ਵੀ ਕੁਝ ਹੋਰ ਕਾਂਗਰਸੀ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਹਨ?
ਜਵਾਬ : ਕਈ ਚੰਗੇ ਨੇਤਾ ਸਿਰਫ ਕਾਂਗਰਸ ਹੀ ਨਹੀਂ, ਹੋਰਨਾਂ ਪਾਰਟੀਆਂ ਵਿਚ ਵੀ ਹਨ। ਜਿਸ ਨੂੰ ਵੀ ਭਾਜਪਾ ਦਾ ਏਜੰਡਾ ਠੀਕ ਲੱਗਦਾ ਹੈ, ਜੋ ਵੀ ਰਾਸ਼ਟਰਵਾਦ ਦਾ ਸਮਰਥਨ ਕਰਦਾ ਹੈ, ਉਸ ਦੇ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਹਾਲਾਂਕਿ ਵਿਰੋਧੀ ਪਾਰਟੀਆਂ ਦੇ ਕਈ ਨੇਤਾ ਸੰਪਰਕ ਵਿਚ ਹਨ ਪਰ ਉਨ੍ਹਾਂ ਦਾ ਅਤੀਤ ਤੇ ਸਿਅਾਸੀ ਪਕੜ ਵੇਖ ਕੇ ਹੀ ਉਨ੍ਹਾਂ ਨੂੰ ਭਾਜਪਾ ਵਿਚ ਲਿਆਉਣ ਬਾਰੇ ਵਿਚਾਰ ਕੀਤਾ ਜਾਵੇਗਾ। ਤੁਸੀਂ ਵੇਖਣਾ, ਲੋਕ ਸਭਾ ਚੋਣ ਤਕ ਕਾਂਗਰਸ ਕੋਲ ਸ਼ਾਇਦ ਹੀ ਕੋਈ ਮੌਜੂਦਾ ਸੰਸਦ ਮੈਂਬਰ ਹੋਵੇ , ਜੋ ਉਸ ਦੀ ਟਿਕਟ ’ਤੇ ਚੋਣ ਲੜੇ। ਮੈਂ ਲੰਮੇ ਅਰਸੇ ਤੋਂ ਸਿਆਸੀ ਜੀਵਨ ਵਿਚ ਹਾਂ। ਭਾਜਪਾ ਦੇ ਲੋਕ ਵੀ ਮੈਨੂੰ ਜਾਣਦੇ ਹਨ। ਹੁਣ ਤਾਂ ਮੈਨੂੰ ਵੀ ਭਾਜਪਾ ਵਿਚ ਸਾਲ ਤੋਂ ਵੱਧ ਹੋ ਚੁੱਕਾ ਹੈ। ਮੈਂ ਉਨ੍ਹਾਂ ਦੀਆਂ ਕਈ ਬੈਠਕਾਂ, ਰੈਲੀਆਂ ਵਿਚ ਸ਼ਾਮਲ ਹੋ ਚੁੱਕਾ ਹਾਂ। ਤਾਲਮੇਲ ਤਾਂ ਪਹਿਲਾਂ ਤੋਂ ਹੀ ਬਣ ਚੁੱਕਾ ਹੈ। ਬਸ ਹੁਣ ਨਾਲ ਮਿਲ ਕੇ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ। ਮੈਂ ਨਾਂ ਲਈ ਹੀ ਪ੍ਰਧਾਨ ਹਾਂ, ਮੇਰੇ ਲਈ ਪਾਰਟੀ ਦਾ ਹਰ ਵਰਕਰ ਪ੍ਰਧਾਨ ਹੈ।

ਇਹ ਵੀ ਪੜ੍ਹੋ : ਸਾਵਧਾਨ! ਅਣਜਾਣ ਵੀਡੀਓ ਕਾਲ ਨੂੰ ਨਾ ਕਰੋ ਰਿਸੀਵ, ਨਹੀਂ ਤਾਂ ਹੋ ਸਕਦੇ ਹੋ ਹਨੀ ਟ੍ਰੈਪ ਦਾ ਸ਼ਿਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News