ਵਿਆਹਾਂ ''ਤੇ ਆ ਸਕਦੈ ਸੰਕਟ, 55 ''ਚੋਂ 44 ਮੈਰਿਜ ਪੈਲੇਸਾਂ ਦੇ ਵਾਟਰ-ਸੀਵਰ ਕੁਨੈਕਸ਼ਨ ਕੱਟਣ ਲਈ ਨੋਟਿਸ ਜਾਰੀ

Thursday, Mar 08, 2018 - 04:28 AM (IST)

ਜਲੰਧਰ, (ਖੁਰਾਣਾ)— ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਵਿਆਹਾਂ ਤੇ ਹੋਰ ਫੰਕਸ਼ਨਾਂ 'ਤੇ ਸੰਕਟ ਆਉਣ ਦੀ ਸੰਭਾਵਨਾ ਲੱਗ ਰਹੀ ਹੈ ਕਿਉਂਕਿ ਜਲੰਧਰ ਨਗਰ ਨਿਗਮ ਨੇ ਸ਼ਹਿਰ ਵਿਚ 55 ਮੈਰਿਜ ਪੈਲੇਸਾਂ ਵਿਚੋਂ 44 ਪੈਲੇਸਾਂ ਨੂੰ ਵਾਟਰ-ਸੀਵਰ ਕੁਨੈਕਸ਼ਨ ਕੱਟਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿਚ ਨਾਜਾਇਜ਼ ਤੌਰ 'ਤੇ ਬਣੇ ਮੈਰਿਜ ਪੈਲੇਸਾਂ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਮੈਰਿਜ ਪੈਲੇਸਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਨੂੰ ਪਾਲਿਸੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ।  
ਪਿਛਲੇ 4-5 ਸਾਲਾਂ ਦੌਰਾਨ ਪੰਜਾਬ ਸਰਕਾਰ ਤਿੰਨ ਵਾਰ ਮੈਰਿਜ ਪੈਲੇਸਾਂ ਲਈ ਪਾਲਿਸੀ ਬਣਾ ਚੁੱਕੀ ਹੈ ਪਰ ਫਿਰ ਵੀ ਜ਼ਿਆਦਾਤਰ ਮੈਰਿਜ ਪੈਲੇਸ ਪਾਲਿਸੀ ਦੇ ਤਹਿਤ ਰੈਗੂਲਰ ਨਹੀਂ ਹੋ ਰਹੇ। ਹਾਈ ਕੋਰਟ ਵਿਚ ਹੁਣ ਇਸ ਮਾਮਲੇ 'ਤੇ ਅਗਲੀ ਸੁਣਵਾਈ 28 ਮਾਰਚ ਨੂੰ ਹੋਣੀ ਹੈ ਤੇ ਉਸ ਤੋਂ ਪਹਿਲਾਂ ਜਲੰਧਰ ਨਗਰ ਨਿਗਮ ਨੇ ਆਪਣੇ ਏਰੀਏ ਵਿਚ ਪੈਂਦੇ ਮੈਰਿਜ ਪੈਲੇਸਾਂ ਬਾਰੇ ਸਟੇਟਸ ਰਿਪੋਰਟ ਪੇਸ਼ ਕਰਨੀ ਹੈ। ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੇ ਅਧਿਕਾਰੀ ਮੈਰਿਜ ਪੈਲੇਸਾਂ ਦਾ ਸਟੇਟਸ ਚੈੱਕ ਕਰਨ ਵਿਚ ਲੱਗੇ ਹਨ।
ਨਿਗਮ ਅਧਿਕਾਰੀਆਂ ਨੇ ਸ਼ਹਿਰ ਵਿਚ ਸਥਿਤ ਕੁਲ 55 ਮੈਰਿਜ ਪੈਲੇਸਾਂ ਬਾਰੇ ਜੋ ਰਿਪੋਰਟ ਤਿਆਰ ਕੀਤੀ ਹੈ, ਉਸ ਅਨੁਸਾਰ ਸਿਰਫ 11 ਪੈਲੇਸ ਪਾਲਿਸੀ ਦੇ ਤਹਿਤ ਯੋਗ ਪਾਏ ਗਏ ਹਨ ਤੇ ਬਾਕੀ 44 ਪੈਲੇਸਾਂ ਨੂੰ ਨਾਜਾਇਜ਼ ਕਰ ਦਿੱਤਾ ਗਿਆ ਹੈ। ਨਾਜਾਇਜ਼ ਪੈਲੇਸਾਂ ਨੂੰ ਨਿਗਮ ਨੇ ਕੁਨੈਕਸ਼ਨ ਕੱਟਣ ਲਈ ਨੋਟਿਸ ਸਰਵ ਕਰ ਦਿੱਤੇ ਹਨ,ਜਿਸ ਨਾਲ ਪੂਰੀ ਪੈਲੇਸ ਇੰਡਸਟਰੀ ਵਿਚ ਤਰਥੱਲੀ ਮਚ ਗਈ ਹੈ।
ਰਾਜਸੀ ਆਗੂਆਂ ਨਾਲ ਸੰਪਰਕ ਸਾਧਣ ਲੱਗੇ
55 ਵਿਚੋਂ 44 ਮੈਰਿਜ ਪੈਲੇਸਾਂ ਨੂੰ ਪਾਣੀ, ਸੀਵਰ ਕੁਨੈਕਸ਼ਨ ਕੱਟਣ ਲਈ ਨੋਟਿਸ ਮਿਲਦਿਆਂ ਹੀ ਜ਼ਿਆਦਾਤਰ ਮੈਰਿਜ ਪੈਲੇਸ ਮਾਲਕ ਰਾਜਸੀ ਆਗੂਆਂ ਦੀ ਸ਼ਰਨ ਵਿਚ ਪਹੁੰਚ ਗਏ ਹਨ। ਭਾਵੇਂ ਇਹ ਮਾਮਲਾ ਅਦਾਲਤ ਨਾਲ ਸਬੰਧਤ ਹੈ ਤੇ ਕੋਰਟ ਵਲੋਂ ਪੂਰੇ ਮਾਮਲੇ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਪਰ ਫਿਰ ਵੀ ਪੈਲੇਸ ਮਾਲਕਾਂ ਨੂੰ ਲੱਗਦਾ ਹੈ ਕਿ ਉਹ ਇੰਨੇ ਵੱਡੇ ਪੱਧਰ ਦੀ ਕਾਰਵਾਈ ਤੋਂ ਬਚ ਜਾਣਗੇ। ਨਿਗਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲਦੀ ਹੀ ਪੈਲੇਸ ਮਾਲਕਾਂ ਦੀ ਇਕ ਬੈਠਕ ਮੇਅਰ ਅਤੇ ਨਿਗਮ ਅਧਿਕਾਰੀਆਂ ਨਾਲ ਹੋ ਸਕਦੀ ਹੈ।
11 ਪੈਲੇਸ ਜੋ ਸਹੀ ਪਾਏ ਗਏ
ਵ੍ਹਾਈਟ ਡਾਇਮੰਡ, 
ਅਮਰ ਪੈਲੇਸ
ਨੰਦਨੀ ਰਿਜ਼ੋਰਟ
ਫੇਅਰ ਫਾਰਮ
ਬੱਲੇ-ਬੱਲੇ ਫਾਰਮ
ਧਾਮੀ ਕੈਸਲ
ਇੰਪੀਰੀਅਲ ਮੈਨਰ
ਵਿਕਟੋਰੀਆ ਗਾਰਡਨ
ਬਾਠ ਕੈਸਲ
ਮੰਦਾਕਿਨੀ ਰਿਜ਼ੋਰਟ, 
ਹੋਲੀ ਹੋਕ
4 ਪੈਲੇਸ, ਜਿਨ੍ਹਾਂ ਦੇ ਕੇਸ ਰੱਦ ਕੀਤੇ ਗਏ
ਨਰੂਲਾ ਪੈਲੇਸ
ਰੂਬੀ ਪੈਲੇਸ
ਪ੍ਰਭਾਕਰ ਪੈਲੇਸ
ਮੋਹਨ ਪੈਲੇਸ
6 ਪੈਲੇਸ, ਜੋ ਬੰਦ ਹੋ ਚੁੱਕੇ
ਕਰਤਾਰ ਪੈਲੇਸ
ਪ੍ਰਤਾਪ ਪੈਲੇਸ
ਰਾਏ ਪੈਲੇਸ
ਬਾਂਸਲ ਪੈਲੇਸ
ਸ਼ਿਮਲਾ ਪੈਲੇਸ
ਵੀ. ਪੀ.  ਕੰਪਲੈਕਸ


Related News