ਪੁਲਸ ਨੂੰ ਛੱਡ ਕੇ ਟ੍ਰੈਫਿਕ ਨਿਯਮ ਸਾਰਿਆਂ ''ਤੇ ਲਾਗੂ

Thursday, Feb 22, 2018 - 07:23 AM (IST)

ਮੋਹਾਲੀ (ਰਾਣਾ) - ਬੁੱਧਵਾਰ ਨੂੰ ਫੇਜ਼-1 ਥਾਣਾ ਤੋਂ ਬਾਹਰ ਲਾਏ ਗਏ ਨਾਕੇ 'ਤੇ ਪੁਲਸ ਦਾ ਦੋ ਪੱਖੀ ਰਵੱਈਆ ਸਾਹਮਣੇ ਆਇਆ, ਜਿਥੇ ਪੁਲਸ ਦੇ ਵਾਹਨਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਸੀ । ਇਸ ਤੋਂ ਇਕ ਗੱਲ ਤਾਂ ਸਪੱਸ਼ਟ ਹੁੰਦੀ ਹੈ ਕਿ ਟ੍ਰੈਫਿਕ ਨਿਯਮ ਸਿਰਫ ਆਮ ਲੋਕਾਂ ਲਈ ਹੀ ਬਣੇ ਹਨ ਤੇ ਇਹ ਪੁਲਸ ਵਾਲਿਆਂ 'ਤੇ ਲਾਗੂ ਹੀ ਨਹੀਂ ਹੁੰਦੇ ਹਨ । ਇਸ ਨਾਕੇ ਤੋਂ ਲੰਘਣ ਵਾਲੇ ਕਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਵੀ ਝੱਲਣੀ ਪਈ ।  
ਜੇ ਲੱਗਾ ਹੈ ਪੁਲਸ ਦਾ ਸਟਿੱਕਰ ਤਾਂ ਜਾਓ
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਫੇਜ਼-1 ਥਾਣਾ ਪੁਲਸ ਨੇ ਥਾਣੇ ਦੇ ਸਾਹਮਣੇ ਵਾਲੀ ਸੜਕ 'ਤੇ ਨਾਕਾ ਲਾਇਆ ਹੋਇਆ ਸੀ । ਨਾਕਾ 12 ਤੋਂ 3 ਵਜੇ ਤਕ ਲੱਗਾ ਰਿਹਾ, ਜਿਸ ਦੌਰਾਨ ਉਥੋਂ ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਸਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਨਾਕੇ 'ਤੇ ਸਿਰਫ ਆਮ ਲੋਕਾਂ ਨੂੰ ਹੀ ਰੋਕਿਆ ਜਾ ਰਿਹਾ ਸੀ । ਨਾਕੇ ਦੌਰਾਨ ਉਥੋਂ ਕਈ ਪ੍ਰਾਈਵੇਟ ਵਾਹਨ ਅਜਿਹੇ ਵੀ ਲੰਘੇ, ਜਿਨ੍ਹਾਂ 'ਤੇ ਸਿਰਫ ਪੁਲਸ ਦਾ ਸਟਿੱਕਰ ਲੱਗਾ ਹੋਇਆ ਸੀ । ਉਨ੍ਹਾਂ ਵਾਹਨਾਂ ਨੂੰ ਰੋਕਣ ਲਈ ਨਾਕੇ 'ਤੇ ਖੜ੍ਹੇ ਮੁਲਾਜ਼ਮ ਨੇ ਹੱਥ ਤਾਂ ਅੱਗੇ ਕੀਤਾ ਪਰ ਜਿਵੇਂ ਹੀ ਉਸ ਦੀ ਨਜ਼ਰ ਵਾਹਨ 'ਤੇ ਲੱਗੇ ਪੁਲਸ ਦੇ ਸਟਿੱਕਰ 'ਤੇ ਪਈ ਤਾਂ ਉਸ ਨੇ ਤੁਰੰਤ ਵਾਹਨ ਨੂੰ ਰੋਕਣ ਦੀ ਬਜਾਏ ਜਾਣ ਦਾ ਇਸ਼ਾਰਾ ਕਰ ਦਿੱਤਾ। ਜਿਥੇ ਨਾਕਾ ਲੱਗਾ ਹੋਇਆ ਸੀ ਉਸ ਦੇ ਸਾਹਮਣੇ ਸਿਰਫ 5 ਕਦਮ ਦੀ ਦੂਰੀ 'ਤੇ ਗਲਤ ਪਾਸਿਓਂ ਐਂਟਰੀ ਕਰਕੇ ਦੋ ਪਹੀਆ ਵਾਹਨ ਪੁਲਸ ਥਾਣੇ ਵਿਚ ਜਾ ਰਹੇ ਸਨ । ਉਨ੍ਹਾਂ ਵਾਹਨਾਂ 'ਤੇ ਸਵਾਰ ਚਾਲਕ ਬਿਨਾਂ ਹੈਲਮੇਟ ਦੇ ਸਨ । ਇਨ੍ਹਾਂ ਵਿਚੋਂ ਕਿਸੇ ਨੂੰ ਵੀ ਨਾਕੇ 'ਤੇ ਨਹੀਂ ਰੋਕਿਆ ਗਿਆ ।  
ਪਹਿਲਾਂ ਥਾਣੇ 'ਚ ਹੀ ਸਨ ਤਾਇਨਾਤ
ਪੁਲਸ ਦੇ ਸਟਿੱਕਰ ਲੱਗੇ ਵਾਹਨਾਂ ਨੂੰ ਨਾ ਰੋਕਣ 'ਤੇ ਨਾਕੇ 'ਤੇ ਖੜ੍ਹੇ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਵਾਹਨਾਂ ਨੂੰ ਇਸ ਲਈ ਨਹੀਂ ਰੋਕਿਆ ਕਿਉਂਕਿ ਉਸ ਵਾਹਨ ਵਿਚ ਬੈਠਾ ਵਿਅਕਤੀ ਮੁਲਾਜ਼ਮ ਸੀ ਤੇ ਉਹ ਪਹਿਲਾਂ ਫੇਜ਼-1 ਥਾਣੇ ਵਿਚ ਤਾਇਨਾਤ ਸੀ । ਇਸ ਤੋਂ ਇਲਾਵਾ ਜੋ ਬਿਨਾਂ ਹੈਲਮੇਟ ਦੇ ਚਾਲਕ ਗਲਤ ਸਾਈਡ ਤੋਂ ਥਾਣੇ ਵਿਚ ਜਾ ਰਹੇ ਸਨ, ਉਨ੍ਹਾਂ ਸਬੰਧੀ ਮੁਲਾਜ਼ਮ ਤੇ ਨਾਕਾ ਇੰਚਾਰਜ ਨੇ ਚੁੱਪ ਧਾਰ ਲਈ ।  
ਬਿਨਾਂ ਬੈਰੀਕੇਡ ਲੱਗਾ ਸੀ ਨਾਕਾ
ਨਿਯਮਾਂ ਮੁਤਾਬਕ ਜੇਕਰ ਪੁਲਸ ਵਲੋਂ ਕੋਈ ਨਾਕਾ ਲਾਇਆ ਜਾਂਦਾ ਹੈ ਤਾਂ ਉਸ ਦੌਰਾਨ ਸੜਕ 'ਤੇ ਬੈਰੀਕੇਡ ਵੀ ਲਾਉਣਾ ਜ਼ਰੂਰੀ ਹੁੰਦਾ ਹੈ, ਤਾਂ ਕਿ ਦੂਰੋਂ ਆ ਰਹੇ ਚਾਲਕ ਨੂੰ ਨਾਕਾ ਵਿਖਾਈ ਦੇ ਸਕੇ ਤੇ ਉਸ ਨੂੰ ਨਾਕੇ 'ਤੇ ਰੁਕਣ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ । ਕਈ ਸ਼ਰਾਰਤੀ ਅਨਸਰ ਅਜਿਹੇ ਹੁੰਦੇ ਹਨ ਜੋ ਨਾਕਾ ਵੇਖਦਿਆਂ ਹੀ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤੇ ਜੋ ਨਾਕਾ ਫੇਜ਼-1 ਪੁਲਸ ਵਲੋਂ ਲਾਇਆ ਗਿਆ ਸੀ, ਉਸ ਵਿਚ ਵੀ ਬੈਰੀਕੇਡ ਨਹੀਂ ਲਾਏ ਗਏ ਸਨ ।  


Related News