ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਅਸੀਂ ਨਹੀਂ ਸੁਧਰਾਂਗੇ !

07/28/2018 6:30:46 AM

ਜਲੰਧਰ, (ਅਮਿਤ)— ਪਿਛਲੇ ਕਈ ਸਾਲਾਂ ਤੋਂ ਆਪਣਾ ਕਾਲਾ ਸਾਮਰਾਜ ਕਾਇਮ ਕਰ ਕੇ ਬੈਠੇ  ਨਿੱਜੀ ਕੰਪਨੀ ਸਮਾਰਟ ਚਿੱਪ ਦੇ ਕੁਝ ਕਰਮਚਾਰੀਆਂ ਉਪਰ ਇਹ ਕਹਾਵਤ ਬਿਲਕੁਲ ਫਿੱਟ ਬੈਠਦੀ ਹੈ  ਕਿ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਅਸੀਂ ਨਹੀਂ ਸੁਧਰਾਂਗੇ। ਉਦਾਹਰਣ  ਸ਼ੁੱਕਰਵਾਰ  ਨੂੰ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਆਪਣੇ ਗਲਤ ਕੰਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵਿਚ  ਕੁਝ ਸ਼ਰਾਰਤੀ ਕਿਸਮ ਦੇ ਕਰਮਚਾਰੀਆਂ ਨੇ ਟਰੈਕ ’ਤੇ ਬੀਤੇ ਦਿਨੀਂ ਚਾਲੂ ਕੀਤਾ ਗਿਆ  ਇੰਟਰਨੈੱਟ ਕੁਨੈਕਸ਼ਨ ਜਾਣਬੁਝ ਕੇ ਬੰਦ ਕਰ ਦਿੱਤਾ ਤਾਂ ਜੋ ਆਰ. ਟੀ. ਏ. ਦੇ ਮੋਬਾਇਲ ਫੋਨ ’ਤੇ ਟਰੈਕ ਦੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਵਿਊ ਜਾ ਹੀ ਨਾ ਸਕੇ। ਨਿੱਜੀ ਕੰਪਨੀ ਦੇ  ਕਰਮਚਾਰੀ ਉਕਤ ਹਰਕਤ ਆਰ. ਟੀ. ਏ. ਦੀ ਤਿੱਖੀ ਨਜ਼ਰ ਤੋਂ ਬਚਣ ਲਈ ਲਗਾਏ ਜਾ ਰਹੇ ਜੁਗਾੜ  ਦੇ ਤਹਿਤ ਕਰ ਰਹੇ ਸਨ ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਉਸ ਸਮੇਂ  ਧਰੀਆਂ  ਰਹਿ ਗਈਆਂ ਜਦੋਂ ਪੂਰੀ ਤਰ੍ਹਾਂ ਚੌਕਸ ਆਰ. ਟੀ. ਏ. ਨੇ  ਸਵੇਰੇ ਆਪਣੇ ਮੋਬਾਇਲ ’ਤੇ ਕੈਮਰੇ ਤੇ  ਡਿਵਾਈਸ ਆਫ ਲਾਈਨ ਦਾ ਮੈਸੇਜ ਨਜ਼ਰ ਆਉਂਦੇ ਹੀ ਟਰੈਕ ’ਤੇ ਮੌਜੂਦ ਕਰਮਚਾਰੀਆਂ ਨੂੰ ਮਾਮਲੇ  ਦੀ ਜਾਂਚ ਕਰਨ ਦਾ ਹੁਕਮ ਦਿੱਤਾ। 
ਆਰ. ਟੀ. ਏ. ਵਲੋਂ ਹੁਕਮ ਦੇਣ ਤੋਂ ਬਾਅਦ ਕੀਤੀ  ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਟਰੈਕ ’ਤੇ ਇੰਸਟਾਲ ਕੀਤਾ ਗਿਆ ਇੰਟਰਨੈੱਟ ਕੁਨੈਕਸ਼ਨ  ਜੋ ਕਿ ਇਕ ਮਾਡਲ ਵਲੋਂ ਚਲਦਾ ਹੈ। ਉਸਦੀ ਪਾਵਰ ਨੂੰ ਹੀ ਆਫ ਕਰ ਦਿੱਤਾ ਗਿਆ ਸੀ। ਆਰ. ਟੀ.  ਏ. ਦੇ ਕਹਿਣ ’ਤੇ ਪਾਵਰ ਦੁਬਾਰਾ ਚਾਲੂ ਕੀਤੀ ਗਈ, ਜਿਸ ਤੋਂ ਬਾਅਦ ਮੋਬਾਇਲ ਫੋਨ ’ਤੇ ਇਕ  ਵਾਰ ਦੁਬਾਰਾ ਤੋਂ ਵਿਊ ਆਉਣਾ ਸ਼ੁਰੂ ਹੋ ਗਿਆ ।  ਜ਼ਿਕਰਯੋਗ ਹੈ ਕਿ ਸੈਕਰੇਟਰੀ ਆਰ.  ਟੀ. ਏ. ਕਮਲਜੀਤ ਸਿੰਘ ਨੇ ਬੀਤੇ ਦਿਨੀਂ ਟਰੈਕ ’ਤੇ ਲੱਗੇ 8 ਸੀ. ਸੀ. ਟੀ. ਵੀ.  ਕੈਮਰਿਆਂ ਦਾ ਵਿਊ ਆਪਣੇ ਮੋਬਾਇਲ ਫੋਨ ’ਤੇ ਲੈ ਲਿਆ ਸੀ ਤਾਂ ਜੋ ਪੰਜਾਬ ਰੋਡਵੇਜ਼ ਦੀ  ਵਰਕਸ਼ਾਪ ਦੇ ਅੰਦਰ ਬਣੇ ਆਧੁਨਿਕ ਡਰਾਈਵਿੰਗ ਟੈਸਟ ਟਰੈਕ ’ਤੇ ਕੋਈ ਗਲਤ ਕੰਮ ਲੁਕ ਨਾ ਸਕੇ  ਅਤੇ ਇਸਦੇ ਨਾਲ ਹੀ ਇਥੇ ਆਉਣ ਵਾਲੇ ਏਜੰਟਾਂ ’ਤੇ ਲਗਾਮ ਲਗਾਈ ਜਾ ਸਕੇ। 
ਪਾਵਰ ਕੁਨੈਕਸ਼ਨ ਕੀਤਾ ਡਾਇਰੈਕਟ, ਨਹੀਂ ਹੋਵੇਗਾ ਸਵਿੱਚ ਆਫ
ਆਰ.  ਟੀ. ਏ. ਨੂੰ ਜਿਵੇਂ ਹੀ ਨਿੱਜੀ ਕੰਪਨੀ ਦੇ ਕਰਮਚਾਰੀਆਂ ਦੀ ਸ਼ਰਾਰਤ ਦਾ ਪਤਾ ਲੱਗਾ ਤਾਂ  ਉਨ੍ਹਾਂ ਨੇ ਤੁਰੰਤ ਟੈਕਨੀਕਲ ਐਕਸਪਰਟ ਨੂੰ ਆਪਣੇ ਕੋਲ ਬੁਲਾ ਕੇ ਟਰੈਕ  ਉਪਰ ਮੌਜੂਦ  ਇੰਟਰਨੈੱਟ ਡਿਵਾਈਸ ਨੂੰ ਬਕਸੇ ਵਿਚ ਲਾਕ ਕਰਵਾਉਣ ਦੇ ਨਾਲ-ਨਾਲ ਪਾਵਰ ਕੁਨੈਕਸ਼ਨ ਨੂੰ ਵੀ  ਡਾਇਰੈਕਟ ਕਰਵਾ ਦਿੱਤਾ ਤਾਂ ਜੋ ਕੋਈ ਵੀ ਵਿਅਕਤੀ ਜਾਣਬੁੱਝ ਕੇ ਉਸਨੂੰ ਸਵਿੱਚ ਆਫ ਨਾ ਕਰ  ਸਕੇ।
ਮੋਬਾਇਲ ਫੋਨ ’ਤੇ ਲਏ ਗਏ ਵਿਊ ਦਾ ਦਿਸਿਆ ਸਾਫ ਅਸਰ
ਮੋਬਾਇਲ ਫੋਨ ’ਤੇ  ਕੈਮਰੇ ਦਾ ਵਿਊ ਲੈਣ ਦਾ ਅਸਰ ਸ਼ੁੱਕਰਵਾਰ ਨੂੰ ਸਾਫ ਤੌਰ ’ਤੇ ਦੇਖਣ ਨੂੰ ਮਿਲਿਆ। ਆਮ  ਦਿਨਾਂ ਵਿਚ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਡੀ ਗਿਣਤੀ ਵਿਚ ਏਜੰਟ ਟਰੈਕ ਦੇ  ਅੰਦਰ-ਬਾਹਰ ਮੰਡਰਾਉਂਦੇ ਅਤੇ ਆਪਣੇ ਕੰਮ ਕਰਵਾਉਂਦੇ ਹੋਏ ਦੇਖੇ ਜਾਂਦੇ ਸਨ। ਉਥੇ  ਸ਼ੁੱਕਰਵਾਰ ਨੂੰ ਕਾਫੀ ਘੱਟ ਏਜੰਟ  ਟਰੈਕ ’ਤੇ ਆਏ ਕਿਉਂਕਿ ਹਰ ਕਿਸੇ ਨੂੰ ਇਸ ਗੱਲ ਦਾ ਡਰ  ਸਤਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੀ ਫੋਟੋ ਆਰ. ਟੀ. ਏ. ਦੇ ਕੋਲ ਨਾ ਆ ਜਾਏ। 


Related News