ਪਾਰਟੀਆਂ ਕੋਲ ਇਸ ਵਾਰ ਨਹੀਂ ਪਹੁੰਚਿਆ ਫੰਡ

Monday, Sep 04, 2017 - 08:12 AM (IST)

ਚੰਡੀਗੜ੍ਹ  (ਰਸ਼ਮੀ) - ਵੱਖ-ਵੱਖ ਵਿਦਿਆਰਥੀ ਸੰਗਠਨਾਂ ਨਾਲ ਜੁੜੇ ਆਗੂ ਪੰਜਾਬ ਯੂਨੀਵਰਸਿਟੀ ਵਿਚ ਆ ਕੇ ਆਪਣੀ-ਆਪਣੀ ਪਾਰਟੀ ਲਈ ਕੰਪੇਨਿੰਗ ਕਰਦੇ ਸਨ ਪਰ ਇਸ ਵਾਰ ਸੰਗਠਨਾਂ ਨਾਲ ਜੁੜੇ ਆਗੂ ਕੈਂਪਸ ਵਿਚ ਨਜ਼ਰ ਹੀ ਨਹੀਂ ਆ ਰਹੇ ਹਨ। ਇਨ੍ਹਾਂ ਆਗੂਆਂ ਦਾ ਕੰਮ ਕੈਂਪਸ ਵਿਚ ਆ ਕੇ ਵਿਦਿਆਰਥੀ ਸੰਗਠਨਾਂ ਨਾਲ ਜੁੜੇ ਵਰਕਰਾਂ ਦਾ ਆਤਮ-ਵਿਸ਼ਵਾਸ ਵਧਾਉਣਾ ਸੀ। ਨਾਲ ਹੀ ਚੋਣਾਂ ਜਿੱਤਣ ਦੀ ਰਣਨੀਤੀ ਵੀ ਬਣਾਉਂਦੇ ਸਨ। ਸੂਤਰਾਂ ਮੁਤਾਬਿਕ ਇਸ ਵਾਰ ਸੋਈ ਤੇ ਐੱਨ. ਐੱਸ. ਯੂ. ਆਈ. ਨੂੰ ਚੋਣ ਲੜਨ ਲਈ ਫੰਡ ਵੀ ਨਹੀਂ ਪਹੁੰਚੇ। ਅਜਿਹੇ ਵਿਚ ਵਿਦਿਆਰਥੀ ਵਰਕਰ ਖਰਚ ਨਹੀਂ ਕਰ ਪਾ ਰਹੇ ਹਨ।
ਐੱਨ. ਐੱਸ. ਯੂ. ਆਈ. ਨਾਲ ਜੁੜੇ ਆਗੂ ਆਉਂਦੇ ਰਹੇ ਹਨ ਕੈਂਪਸ 'ਚ
ਸਟੂਡੈਂਟ ਕਾਊਂਸਲ ਚੋਣਾਂ ਦੌਰਾਨ ਐੈੱਨ. ਐੈੱਸ. ਯੂ. ਆਈ. ਦੀ ਸਪੋਰਟ ਲਈ ਕਾਂਗਰਸੀ ਆਗੂ ਰਾਜਾ ਵੜਿੰਗ ਹਰ ਵਾਰ ਕੈਂਪਸ ਵਿਚ ਆਉਂਦੇ ਰਹੇ ਹਨ, ਉਥੇ ਹੀ 2015 ਵਿਚ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਕੈਂਪਸ ਵਿਚ ਆਏ ਸਨ।
ਇਨ੍ਹਾਂ ਤੋਂ ਇਲਾਵਾ ਵਿਧਾਇਕ ਕੁਲਜੀਤ ਨਾਗਰਾ, ਐੱਨ. ਐੱਸ. ਯੂ. ਆਈ. ਦੇ ਨੈਸ਼ਨਲ ਪ੍ਰੈਜ਼ੀਡੈਂਟ ਫਿਰੋਜ਼ ਖਾਨ, ਵਿਧਾਇਕ ਦਲਵੀਰ ਸਿੰਘ ਗੋਲਡੀ ਕੈਂਪਸ ਵਿਚ ਪਹੁੰਚੇ ਸਨ, ਉਥੇ ਹੀ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਕੈਂਪਸ ਵਿਚ ਆਉਂਦੇ ਰਹਿੰਦੇ ਹਨ।
ਸੋਈ ਨਾਲ ਜੁੜੇ ਇਹ ਆਗੂ ਆਉਂਦੇ ਰਹੇ ਹਨ ਕੈਂਪਸ 'ਚ
ਸੋਈ ਪਾਰਟੀ 2014 ਵਿਚ ਬਣੀ ਸੀ ਤੇ ਇਸ ਨੇ ਸੈਸ਼ਨ 2015 ਵਿਚ ਚੋਣ ਜਿੱਤੀ ਸੀ। ਸੈਸ਼ਨ 2015 ਵਿਚ ਸੋਈ ਦੀ ਜਿੱਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕੈਂਪਸ ਵਿਚ ਆਏ ਸਨ। ਉਨ੍ਹਾਂ ਨੇ ਲੜਕੇ-ਲੜਕੀਆਂ ਦੇ ਹੋਸਟਲਾਂ ਲਈ 4.75 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਨੈਲੋ ਨਾਲ ਜੁੜੇ ਆਗੂ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਵੀ ਕੈਂਪਸ ਵਿਚ ਆਉਂਦੇ ਰਹੇ ਹਨ।
ਨਹੀਂ ਖਰਚ ਹੋ ਰਿਹਾ ਚੋਣਾਂ 'ਤੇ
ਪੀ. ਯੂ. ਦੀ ਕੋਈ ਵੀ ਸਿਆਸੀ ਪਾਰਟੀ ਇਸ ਵਾਰ ਚੋਣਾਂ 'ਤੇ ਖਰਚ ਕਰਦੀ ਨਹੀਂ ਦਿਖ ਰਹੀ ਹੈ। ਭਾਵੇਂ ਐੈੱਨ. ਐੱਸ. ਯੂ. ਆਈ. ਹੋਵੇ, ਸੋਈ ਜਾਂ ਕੋਈ ਹੋਰ ਪਾਰਟੀ, ਐੱਨ. ਐੱਸ. ਯੂ. ਆਈ. ਤੇ ਸੋਈ ਨੂੰ ਹਰ ਸਾਲ ਕਾਂਗਰਸ ਦੇ ਅਕਾਲੀ ਦਲ ਵਲੋਂ ਫੰਡ ਆਉਂਦੇ ਸਨ, ਜਿਸ ਨਾਲ ਉਹ ਵਿਦਿਆਰਥੀਆਂ ਨੂੰ ਟ੍ਰਿਪ 'ਤੇ ਲਿਜਾਣਾ, ਉਨ੍ਹਾਂ ਨੂੰ ਗਿਫਟ ਕੂਪਨ ਦੇਣਾ, ਦੋ ਲੜਕੀਆਂ ਨੂੰ ਬਿਊਟੀ ਪਾਰਲਰ ਦੇ ਕੂਪਨ ਦੇਣਾ ਆਦਿ ਵਰਗੇ ਕੰਮ ਕਰਦੇ ਹਨ। ਹਾਲਾਂਕਿ ਇਸ ਵਾਰ ਚੋਣਾਂ ਵਿਚ ਸਿਰਫ਼ ਤਿੰਨ ਦਿਨ ਹੀ ਬਚੇ ਹਨ ਤੇ ਅਜਿਹੀ ਕੋਈ ਵੀ ਖ਼ਬਰ ਨਹੀਂ ਆਈ ਹੈ।
ਨਹੀਂ ਆਏ ਹਨ ਫੰਡ
ਜਾਣਕਾਰੀ ਮੁਤਾਬਿਕ ਵਿਦਿਆਰਥੀ ਸੰਗਠਨਾਂ ਕੋਲ ਇਸ ਵਾਰ ਫੰਡ ਹੀ ਨਹੀਂ ਪਹੁੰਚੇ ਹਨ। ਸੰਗਠਨ ਪੈਂਫਲੇਟ ਤੇ ਸਟਿੱਕਰਾਂ 'ਤੇ ਵੀ ਜ਼ਿਆਦਾ ਖਰਚ ਨਹੀਂ ਕਰ ਰਹੇ ਹਨ। ਇਕ ਸਿਆਸੀ ਪਾਰਟੀ ਦੂਸਰੀ ਪਾਰਟੀ 'ਤੇ ਨਿਰਭਰ ਹੈ।
ਨਾ ਫੰਡ ਮਿਲ ਰਹੇ ਹਨ ਤੇ ਨਾ ਹੀ ਆਗੂ ਆਉਣ ਦੀ ਸੰਭਾਵਨਾ
ਐੱਨ. ਐੱਸ. ਯੂ. ਆਈ. ਵਿਚ ਫੁੱਟ ਪੈਣ ਕਾਰਨ ਇਸ ਵਾਰ ਨਾ ਤਾਂ ਪਾਰਟੀ ਨੂੰ ਫੰਡ ਮਿਲ ਰਿਹਾ ਹੈ ਤੇ ਨਾ ਹੀ ਕੋਈ ਆਗੂ ਕੈਂਪਸ ਵਿਚ ਆਉਣ ਦੀ ਸੰਭਾਵਨਾ ਹੈ। ਸੈਸ਼ਨ-2013 ਵਿਚ ਐੱਨ. ਐੱਸ. ਯੂ. ਆਈ. ਨੂੰ ਚੋਣਾਂ ਲਈ 40 ਤੋਂ 45 ਲੱਖ ਰੁਪਏ ਤਕ ਦਾ ਫੰਡ ਮਿਲਿਆ ਸੀ, ਹਾਲਾਂਕਿ ਸੈਸ਼ਨ-2014 ਵਿਚ ਇਹ ਫੰਡ ਕੁਝ ਘੱਟ ਹੋ ਗਿਆ ਸੀ। 2015 ਵਿਚ ਵੀ ਐੱਨ. ਐੱਸ. ਯੂ. ਆਈ. ਨੂੰ ਫੰਡ ਮਿਲਿਆ। ਇਸ ਤੋਂ ਬਾਅਦ 2016 ਵਿਚ ਐੱਨ. ਐੱਸ. ਯੂ. ਆਈ. ਤੇ ਸੋਈ ਨੂੰ ਚੋਣਾਂ ਲਈ ਫੰਡ ਮਿਲਿਆ ਸੀ।


Related News