ਬਿਜਲੀ ਕੁਨੈਕਸ਼ਨ ਕੱਟਣ ਕਰ ਕੇ 9 ਦਿਨ ਤੋਂ ਨਹੀਂ ਮਿਲਿਆ ਪੀਣ ਵਾਲਾ ਪਾਣੀ

Friday, Sep 29, 2017 - 02:33 AM (IST)

ਹੁਸ਼ਿਆਰਪੁਰ, (ਘੁੰਮਣ)- ਚੌਕੀ ਪਟਿਆੜੀ ਵਾਟਰ ਸਪਲਾਈ ਸਕੀਮ ਦਾ ਬਿਜਲੀ ਕੁਨੈਕਸ਼ਨ ਕੱਟਣ ਕਾਰਨ ਪਿੰਡ ਦੇ ਲੋਕਾਂ ਨੂੰ ਪਿਛਲੇ 9 ਦਿਨ ਤੋਂ ਪੀਣ ਵਾਲਾ ਪਾਣੀ ਉਪਲਬੱਧ ਨਹੀਂ ਹੋਇਆ। ਪਿੰਡ ਵਾਸੀਆਂ ਤੇ ਬੱਚਿਆਂ ਨੇ ਇਸ ਖਿਲਾਫ਼ ਰੋਸ ਪ੍ਰਗਟ ਕਰਨ ਲਈ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਪਿੰਡ ਤੱਖਣੀ ਵਿਖੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ। 
ਇਸ ਮੌਕੇ ਧੀਮਾਨ ਨੇ ਕਿਹਾ ਕਿ ਬਹੁਤ ਸਾਰੀਆਂ ਹੋਰ ਵੀ ਵਾਟਰ ਸਪਲਾਈ ਸਕੀਮਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਜਨ ਸਿਹਤ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਹੀਂ ਕੀਤੀ ਗਈ। ਪੰਜਾਬ ਸਟੇਟ ਪਾਵਰਕਾਮ ਨਿਗਮ ਦੇ ਅਧਿਕਾਰੀ 10-15 ਦਿਨ ਬਾਅਦ ਆਪਣਾ ਕਟਰ ਚੌਕੀ ਪਟਿਆੜੀ ਵਾਟਰ ਸਪਲਾਈ ਸਕੀਮ 'ਤੇ ਹੀ ਕਿਉਂ ਚਲਾ ਕੇ ਲੋਕਾਂ ਨੂੰ ਮੁਸੀਬਤ ਵਿਚ ਪਾਇਆ ਜਾ ਰਿਹਾ ਹੈ। 
ਕੀ ਇਹੀ ਹੈ ਗੁੱਡ ਗਵਰਨੈਂਸ : ਇਸ ਸਮੇਂ ਬਲਵੀਰ ਸਿੰਘ, ਸਤਪਾਲ ਸਿੰਘ, ਸੁਰਜੀਤ ਮਿਨਹਾਸ, ਰਿੰਕੂ, ਅੰਜੂ, ਸਰਬਜੀਤ ਸਿੰਘ ਤੇ ਮਨਿੰਦਰਜੀਤ ਸਿੰਘ ਆਦਿ ਨੇ ਕਿਹਾ ਕਿ ਕੀ ਲੋਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਤੋਂ ਵਾਂਝੇ ਰੱਖਣਾ ਤੇ ਲੋਕਾਂ ਨੂੰ ਪ੍ਰਦੂਸ਼ਿਤ/ਗੰਦਾ ਪਾਣੀ ਪੀਣ ਲਈ ਪ੍ਰੇਰਿਤ ਕਰਨਾ ਹੀ ਗੁੱਡ ਗਵਰਨੈਂਸ ਦੀ ਨਿਸ਼ਾਨੀ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਤੁਰੰਤ ਪੀਣ ਵਾਲਾ ਪਾਣੀ ਮੁਹੱਈਆ ਨਾ ਕਰਵਾਇਆ ਗਿਆ ਤਾਂ ਪਿੰਡ ਦੇ ਲੋਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦੇਣਗੇ। 


Related News