ਨਿਗਮ ਕੋਲ ਆਟੋ ''ਚ ਤੇਲ ਪੁਆਉਣ ਲਈ ਪੈਸੇ ਨਹੀਂ : ਜਗਦੀਸ਼ ਰਾਜਾ
Friday, Jan 26, 2018 - 07:13 AM (IST)
ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਨਵੇਂ ਮੇਅਰ ਜਗਦੀਸ਼ ਰਾਜ ਰਾਜਾ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਿਗਮ ਦੀ ਵਿੱਤੀ ਸਥਿਤੀ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਇਸ ਸਮੇਂ ਨਿਗਮ ਕੋਲ ਆਟੋ ਵਿਚ ਤੇਲ ਪੁਆਉਣ ਲਈ ਪੈਸੇ ਤੱਕ ਨਹੀਂ ਹਨ ਜਿਸ ਕਾਰਨ ਕਈ ਵਾਰ ਪੂਰਾ ਪੂਰਾ ਦਿਨ ਸ਼ਹਿਰ ਵਿਚ ਕੂੜਾ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਮੰਨਿਆ ਕਿ ਸਭ ਤੋਂ ਪਹਿਲੀ ਤਰਜੀਹ ਇਸ ਵਿੱਤੀ ਸਥਿਤੀ ਵਿਚੋਂ ਨਿਕਲਣ ਦੀ ਹੋਵੇਗੀ। ਉਨ੍ਹਾਂ ਇਸ ਦੇ ਉਪਾਅ ਤਾਂ ਨਹੀਂ ਦੱਸੇ ਪਰ ਕਿਹਾ ਕਿ ਸੰਸਦ ਮੈਂਬਰ, ਵਿਧਾਇਕਾਂ, ਮੰਤਰੀਆਂ ਤੇ ਹੋਰ ਸਾਰਿਆਂ ਦੇ ਸਹਿਯੋਗ ਨਾਲ ਨਿਗਮ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ।
ਪ੍ਰਮੁੱਖ ਪਹਿਲਾਂ ਬਾਰੇ ਪੁੱਛੇ ਜਾਣ 'ਤੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਦੇ ਕਈ ਵਾਰਡਾਂ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਾਫ ਪਾਣੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸੀਵਰੇਜ ਤੇ ਸਟਰੀਟ ਲਾਈਟ ਵਿਵਸਥਾ ਤੇ ਕੂੜੇ ਤੋਂ ਮੁਕਤੀ ਦਿਵਾਉਣਾ ਪਹਿਲਾ ਕੰਮ ਹੋਵੇਗਾ। ਨਿਗਮ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸਥਿਤੀ ਭਾਵੇਂ ਕਾਫੀ ਖਰਾਬ ਹੈ ਪਰ ਉਹ ਇਸ 'ਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਇਸ ਮਾਮਲੇ ਵਿਚ ਸਾਰਿਆਂ ਦਾ ਸਹਿਯੋਗ ਲੈਣਗੇ।

ਪਹਿਲਾਂ ਹੀ ਮੀਟਿੰਗ ਵਿਚ ਪਹੁੰਚ ਗਏ ਸਨ ਰਾਜਾ ਦੇ ਪਰਿਵਾਰਕ ਮੈਂਬਰ
ਭਾਵੇਂ ਬੈਠਕ ਦੌਰਾਨ ਜਗਦੀਸ਼ ਰਾਜਾ ਦੇ ਮੇਅਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਸਨ ਪਰ ਫਿਰ ਵੀ ਬੰਦ ਲਿਫਾਫੇ ਕਾਰਨ ਸਾਰਿਆਂ ਦੀ ਉਤਸੁਕਤਾ ਬਣੀ ਹੋਈ ਸੀ ਜੋ ਵਿਧਾਇਕ ਪਰਗਟ ਸਿੰਘ ਦੇ ਹੱਥਾਂ ਵਿਚ ਸੀ। ਮੇਅਰ ਦੇ ਨਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਜਦੋਂ ਜਗਦੀਸ਼ ਰਾਜਾ ਦੇ ਪਰਿਵਾਰਕ ਮੈਂਬਰ ਬੈਠਕ ਸਥਾਨ ਵਿਚ ਪਹੁੰਚ ਗਏ ਤਾਂ ਸਪੱਸ਼ਟ ਹੋ ਗਿਆ ਕਿ ਰਾਜਾ ਹੀ ਮੇਅਰ ਬਣਨਗੇ। ਰਾਜਾ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਨੀਤਾ ਰਾਜਾ, ਬੇਟੀ ਦੀਪਿਕਾ ਤੇ ਬੇਟੇ ਅਨੁਜ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਜਗਦੀਸ਼ ਰਾਜਾ ਦੇ ਭਤੀਜੇ ਅੰਕੁਸ਼ ਸੇਤੀਆ ਹਨੀ, ਕਰਨ, ਭਾਣਜੇ ਅਕਸ਼ੇ ਤੇ ਜਵਾਈ ਵਿਸ਼ੇਸ਼ ਤੇ ਇਕਬਾਲ ਆਦਿ ਨੇ ਵੀ ਮੇਅਰ ਰਾਜਾ ਨੂੰ ਗਲਵੱਕੜੀ ਪਾਈ ਤੇ ਖੁਸ਼ੀ ਪ੍ਰਗਟ ਕੀਤੀ।
ਸਵੀਪਿੰਗ ਮਸ਼ੀਨ ਸਣੇ ਸਾਰੇ ਘਪਲਿਆਂ ਦੀ ਜਾਂਚ ਹੋਵੇਗੀ
ਮੇਅਰ ਜਗਦੀਸ਼ ਰਾਜਾ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿਚ ਸਾਫ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਨਿਗਮ ਵਿਚ ਹੋਏ ਸਾਰੇ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਸ਼ਹਿਰ ਦੀ ਹਾਲਤ ਸੁਧਾਰਨ ਲਈ ਕੁਝ ਸਮਾਂ ਮੰਗਿਆ ਤੇ ਕਿਹਾ ਕਿ ਉਹ ਪਹਿਲਾਂ ਨਾਲੋਂ ਬਿਹਤਰ ਕੰਮ ਕਰਕੇ ਵਿਖਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ ਸਾਰੇ ਘਪਲੇ ਉਨ੍ਹਾਂ ਦੇ ਧਿਆਨ ਵਿਚ ਹਨ ਇਸ ਲਈ ਕੁਝ ਪ੍ਰਾਜੈਕਟਾਂ ਨੂੰ ਰੀਵਿਊ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਾਜਿੰਦਰ ਬੇਰੀ, ਚੌ. ਸੰਤੋਖ ਸਿੰਘ ਤੇ ਦਲਜੀਤ ਸਿੰਘ ਆਹਲੂਵਾਲੀਆ ਵੀ ਸਨ।
