NIA ਨੇ ਅੱਤਵਾਦੀ ਗੋਲਡੀ ਬਰਾੜ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਇਰ
Sunday, Jul 21, 2024 - 12:12 PM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-5 ਦੇ ਇੱਕ ਕਾਰੋਬਾਰੀ ਦੀ ਕੋਠੀ ’ਤੇ ਗੋਲੀ ਚਲਾਉਣ ਅਤੇ 2 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਐੱਨ.ਆਈ. ਏ. ਨੇ ਅੱਤਵਾਦੀ ਗੋਲਡੀ ਬਰਾੜ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ 'ਚ ਵਿਸ਼ੇਸ਼ ਐੱਨ. ਆਈ. ਏ. ਅਦਾਲਤ ’ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਐੱਨ. ਆਈ. ਏ. ਨੇ ਚਾਰਜਸ਼ੀਟ ਯੂ. ਏ.(ਪੀ) ਐਕਟ, ਆਰਮਜ਼ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਗੋਲਡੀ ਬਰਾੜ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਉਰਫ਼ ਗੋਲਡੀ ਰਾਜਪੁਰਾ ਤੋਂ ਇਲਾਵਾ ਕਾਸ਼ੀ ਸਿੰਘ ਉਰਫ਼ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ਼ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਨੂੰ ਮੁਲਜ਼ਮ ਬਣਾਇਆ ਹੈ।
ਇਸ ਮਾਮਲੇ ’ਚ ਵਿਦੇਸ਼ ’ਚ ਬੈਠਾ ਅੱਤਵਾਦੀ ਗੋਲਡੀ ਬਰਾੜ ਫ਼ਰਾਰ ਹੈ। ਐੱਨ. ਆਈ. ਏ. ਨੇ ਦੱਸਿਆ ਕਿ 19 ਜਨਵਰੀ 2024 ਨੂੰ ਸੈਕਟਰ-5 ਦੇ ਰਹਿਣ ਵਾਲੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੀ ਕੋਠੀ ’ਤੇ ਬਾਈਕ ਸਵਾਰ ਨੌਜਵਾਨ ਫਾਇਰਿੰਗ ਕਰਕੇ ਫ਼ਰਾਰ ਹੋ ਗਏ ਸੀ। ਗੋਲੀ ਕਾਰੋਬਾਰੀ ਦੀ ਕਾਰ ’ਤੇ ਲੱਗੀ ਸੀ। ਮਾਮਲੇ ਦੀ ਜਾਂਚ ਕਰਦਿਆਂ ਸੈਕਟਰ-3 ਥਾਣਾ ਪੁਲਸ ਨੇ ਰੰਗਦਾਰੀ ਮੰਗਣ, ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਾਇਆ ਸੀ। ਜਾਂਚ ਤੋਂ ਬਾਅਦ ਪੁਲਸ ਨੇ ਸਭ ਤੋਂ ਪਹਿਲਾਂ ਮੁੱਲਾਂਪੁਰ ਦੇ ਨੇੜੇ ਪੈਂਦੇ ਪਿੰਡ ਕਰਤਾਰਪੁਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸ਼ੁਭਮ ਕੁਮਾਰ ਗਿਰੀ ਉਰਫ਼ ਪੰਡਿਤ, ਸਰਬਜੀਤ ਉਰਫ਼ ਸ਼ਰਭੂ, ਅੰਮ੍ਰਿਤਪਾਲ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਕਾਸ਼ੀ ਸਿੰਘ ਉਰਫ਼ ਹੈਪੀ, ਪ੍ਰੇਮ ਸਿੰਘ ਅਤੇ ਗਗਨਦੀਪ ਸਿੰਘ ਉਰਫ਼ ਗੋਲਡੀ ਨੂੰ ਗ੍ਰਿਫ਼ਤਾਰ ਕੀਤਾ ਸੀ। ਚੰਡੀਗੜ੍ਹ ਪੁਲਸ ਤੋਂ 8 ਮਾਰਚ, 2024 ਨੂੰ ਮਾਮਲਾ ਐੱਨ. ਆਈ. ਏ. ਨੂੰ ਟਰਾਂਸਫਰ ਹੋ ਗਿਆ ਸੀ। ਮਾਮਲਾ ਅੱਤਵਾਦੀ ਗੋਲਡੀ ਬਰਾੜ ਨਾਲ ਜੁੜ ਗਿਆ ਸੀ।
ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ
ਐੱਨ. ਆਈ. ਏ. ਨੇ ਜਾਂਚ 'ਚ ਪਾਇਆ ਗਿਆ ਸੀ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਨੇ ਗ੍ਰਿਫ਼ਤਾਰ ਮੁਲਜ਼ਮ ਵਿਅਕਤੀਆਂ ਨੂੰ ਆਪਣੇ ਅੱਤਵਾਦੀ ਗਿਰੋਹ 'ਚ ਭਰਤੀ ਕੀਤਾ ਸੀ, ਜਿਸ ’ਚ ਪਾਇਆ ਗਿਆ ਕਿ ਬਰਾੜ ਆਪਣੇ ਭਾਰਤ ਸਥਿਤ ਸਾਥੀਆਂ ਜ਼ਰੀਏ ਇੱਕ ਵੱਡਾ ਅੱਤਵਾਦ-ਜ਼ਬਰਨ ਵਸੂਲੀ-ਨਾਰਕੋ ਨੈੱਟਵਰਕ ਚਲਾ ਰਿਹਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਾਥੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖ਼ਰੀਦ/ਤਸਕਰੀ, ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਖਰੀਦ, ਨਸ਼ੀਲੇ ਪਦਾਰਥਾਂ ਦੀ ਆਮਦਨ ਦਾ ਚੈਨਲਾਈਜ਼ੇਸ਼ਨ, ਗੋਲਡੀ ਬਰਾੜ ਦੇ ਟਿਕਾਣਿਆਂ ’ਤੇ ਰੈਕੀ ਕਰਨਾ ਅਤੇ ਉਸ ਤੋਂ ਬਾਅਦ ਦੇ ਹਮਲੇ ਕਰਨ ਆਦਿ ਵਿਚ ਸ਼ਾਮਲ ਸਨ। ਐੱਨ. ਆਈ. ਏ. ਨੇ ਜਾਂਚ 'ਚ ਪਾਇਆ ਕਿ ਮੁਲਜ਼ਮਾਂ ਨੇ ਪੰਜਾਬ, ਚੰਡੀਗੜ੍ਹ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਅਮੀਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ।