ਪਹਾੜਾਂ ’ਚ ਬਰਫ਼ਬਾਰੀ: ਨਵੇਂ ਸਾਲ ਦੀ ਆਮਦ ਮੌਕੇ ਹਿਮਾਚਲ ਦਾ ਰੂਟ ਪੰਜਾਬ ਦੀਆਂ ਬੱਸਾਂ ਲਈ ਬਣਿਆ ‘ਹਾਟ’

Wednesday, Dec 29, 2021 - 11:32 AM (IST)

ਪਹਾੜਾਂ ’ਚ ਬਰਫ਼ਬਾਰੀ: ਨਵੇਂ ਸਾਲ ਦੀ ਆਮਦ ਮੌਕੇ ਹਿਮਾਚਲ ਦਾ ਰੂਟ ਪੰਜਾਬ ਦੀਆਂ ਬੱਸਾਂ ਲਈ ਬਣਿਆ ‘ਹਾਟ’

ਜਲੰਧਰ (ਪੁਨੀਤ)– ਸ਼ਿਮਲਾ, ਕੁਫ਼ਰੀ ਅਤੇ ਪਤਨੀਟਾਪ ਸਮੇਤ ਹੋਰ ਹਿੱਲ ਸਟੇਸ਼ਨਾਂ ਵਿਚ ਸੈਲਾਨੀ ਬਰਫ਼ਬਾਰੀ ਦਾ ਆਨੰਦ ਮਾਣ ਰਹੇ ਹਨ, ਜਿਸ ਕਾਰਨ ਨਵੇਂ ਸਾਲ ਦੀ ਹੱਡ-ਚੀਰਵੀਂ ਠੰਡ ਵਿਚ ਹਿਮਾਚਲ ਦਾ ਰੂਟ ਪੰਜਾਬ ਦੀਆਂ ਸਰਕਾਰੀ ਬੱਸਾਂ ਲਈ ‘ਹਾਟ’ ਬਣਿਆ ਹੋਇਆ ਹੈ। ਪੰਜਾਬ ਦੇ ਸਾਰੇ ਡਿਪੂਆਂ ਵੱਲੋਂ ਹਿਮਾਚਲ ਲਈ ਬੰਦ ਕੀਤੇ ਗਏ ਟਾਈਮ ਟੇਬਲ ਚਲਾ ਦਿੱਤੇ ਗਏ ਹਨ, ਇਸ ਕਾਰਨ ਪੰਜਾਬ ਤੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਬੱਸਾਂ ਹਿਮਾਚਲ ਲਈ ਰਵਾਨਾ ਹੋ ਰਹੀਆਂ ਹਨ।

ਇਨ੍ਹਾਂ ਬੱਸਾਂ ਵਿਚ ਹਿਮਾਚਲ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਤੋਂ ਆਉਣ ਵਾਲੀਆਂ ਬੱਸਾਂ ਵਿਚ ਵੀ ਹਿਮਾਚਲ ਲਈ ਜਾਣ ਵਾਲੇ ਯਾਤਰੀਆਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲ ਰਹੀ ਹੈ। ਹਿਮਾਚਲ ਟਰਾਂਸਪੋਰਟ ਵੱਲੋਂ ਪੰਜਾਬ ਦੇ ਯਾਤਰੀਆਂ ਦੀ ਸਹੂਲਤ ਨੂੰ ਵੇਖਦਿਆਂ ਆਪਣੀਆਂ ਬੱਸਾਂ ਦੀ ਆਵਾਜਾਈ ਵਿਚ ਪਿਛਲੇ ਦਿਨਾਂ ਦੇ ਮੁਕਾਬਲੇ ਵਾਧਾ ਕੀਤਾ ਗਿਆ ਹੈ ਤਾਂ ਕਿ ਉੱਥੇ ਵੱਧ ਤੋਂ ਵੱਧ ਸੈਲਾਨੀ ਪਹੁੰਚ ਸਕਣ ਅਤੇ ਸੂਬੇ ਨੂੰ ਆਰਥਿਕ ਰੂਪ ਨਾਲ ਲਾਭ ਹੋਵੇ।

ਇਹ ਵੀ ਪੜ੍ਹੋ:  ਹਰੀਸ਼ ਚੌਧਰੀ ਦੇ ਬੇਬਾਕ ਬੋਲ, ਕਾਂਗਰਸ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਨਹੀਂ ਕਰੇਗੀ ਐਲਾਨ

PunjabKesari

ਵੇਖਣ ਵਿਚ ਆ ਰਿਹਾ ਹੈ ਕਿ ਲਗਜ਼ਰੀ ਬੱਸਾਂ ਲਈ ਸੈਲਾਨੀ ਚੰਡੀਗੜ੍ਹ ਤੋਂ ਬੱਸਾਂ ਬਦਲ ਕੇ ਹਿਮਾਚਲ ਦੇ ਹਿੱਲ ਸਟੇਸ਼ਨਾਂ ਨੂੰ ਰਵਾਨਾ ਹੋ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੇਨਾਂ ਬੰਦ ਰਹਿਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਦੂਜੇ ਲੰਮੇ ਰੂਟ ਵੀ ਮਹਿਕਮੇ ਲਈ ਬਹੁਤ ਫਾਇਦੇਮੰਦ ਸਾਬਿਤ ਹੋਏ ਹਨ ਪਰ ਹੁਣ ਟਰੇਨਾਂ ਚੱਲ ਪੈਣ ਕਾਰਨ ਦਿੱਲੀ, ਜੰਮੂ, ਹਰਿਆਣਾ ਤੇ ਰਾਜਸਥਾਨ ਲਈ ਬੱਸਾਂ ਜ਼ਰੀਏ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦਰਜ ਹੋਵੇਗੀ। ਇਸ ਲਈ ਵਿਭਾਗ ਦੂਜੇ ਰੂਟਾਂ ਦੇ ਮੁਕਾਬਲੇ ਹੁਣ ਹਿਮਾਚਲ ਜਾਣ ਵਾਲੀਆਂ ਬੱਸਾਂ ’ਤੇ ਧਿਆਨ ਕੇਂਦਰਿਤ ਰੱਖੇਗਾ। ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਦੇ ਨਾਲ-ਨਾਲ ਮਹਿਕਮੇ ਨੂੰ ਆਮਦਨੀ ਲਈ ਵੱਧ ਤੋਂ ਵੱਧ ਟਾਈਮ ਚਲਾਏ ਜਾ ਰਹੇ ਹਨ। ਪਿਛਲੇ ਸਮੇਂ ਦੌਰਾਨ ਹਿਮਾਚਲ ਵਿਚ ਬੱਸਾਂ ਭੇਜਣ ਨਾਲ ਨੁਕਸਾਨ ਹੋ ਰਿਹਾ ਸੀ ਪਰ ਨਵਾਂ ਸਾਲ ਮਨਾਉਣ ਵਾਲੇ ਲੋਕਾਂ ਦੇ ਹਿਮਾਚਲ ਵੱਲ ਜਾਣ ਨਾਲ ਘਾਟਾ ਲਾਭ ਵਿਚ ਤਬਦੀਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਛੇਤੀ ਹੀ ਤੋਹਫ਼ੇ ਲੈ ਕੇ ਆ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹੰਸ ਰਾਜ ਹੰਸ

PunjabKesari

ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਿਮਲਾ ਬਾਰੇ ਜਾਣਕਾਰੀ ਲੈ ਕੇ ਹੀ ਰਵਾਨਾ ਹੋ ਰਹੇ ਹਨ। ਸ਼ਿਮਲਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਜਾਣ ਕਾਰਨ ਰਸਤਿਆਂ ਵਿਚ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਹਿਮਾਚਲ ਲਈ ਬੱਸ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ, ਉਥੇ ਹੀ, ਜਗ੍ਹਾ-ਜਗ੍ਹਾ ਰਸਤੇ ਤੋਂ ਬਰਫ ਹਟਾਉਣ ਵਾਲੀਆਂ ਗੱਡੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰਾਹਗੀਰ ਦੱਸਦੇ ਹਨ ਕਿ ਕਈ ਥਾਵਾਂ ’ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਆਇੰਟ ਬਣਾਏ ਗਏ ਹਨ।

ਕਾਊਂਟਰਾਂ ਤੋਂ ਉੱਤਰ ਕੇ ਰਸਤੇ ’ਚ ਬੱਸਾਂ ਫੜ ਰਹੇ ਯਾਤਰੀ
ਟਰੇਨਾਂ ਦੇ ਚੱਲਣ ਬਾਰੇ ਸ਼ਾਮ ਨੂੰ ਸਪੱਸ਼ਟ ਹੋ ਸਕਿਆ, ਜਿਸ ਕਾਰਨ ਬੱਸ ਅੱਡੇ ਵਿਚ ਸਾਰਾ ਦਿਨ ਯਾਤਰੀਆਂ ਦੀ ਭਰਮਾਰ ਵੇਖਣ ਨੂੰ ਮਿਲੀ। ਦਿੱਲੀ ਅਤੇ ਜੰਮੂ ਲਈ ਸਭ ਤੋਂ ਵੱਧ ਡਿਮਾਂਡ ਰਹੀ ਪਰ ਬੱਸਾਂ ਦੀ ਆਵਾਜਾਈ ਯਾਤਰੀਆਂ ਲਈ ਨਾਕਾਫ਼ੀ ਸਾਬਿਤ ਹੋਈ। ਪੰਜਾਬ ਲਈ ਚੱਲਣ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਆਦਿ ਸਟੇਸ਼ਨਾਂ ਲਈ ਯਾਤਰੀਆਂ ਦੀ ਗਿਣਤੀ ਕਾਫ਼ੀ ਵੱਧ ਰਹੀ ਅਤੇ ਲੋਕਾਂ ਨੂੰ ਬੱਸਾਂ ਲਈ ਉਡੀਕ ਕਰਨੀ ਪਈ। ਬੱਸਾਂ ਵਿਚ ਭੀੜ ਹੋਣ ਕਾਰਨ ਲੋਕ ਕਾਊਂਟਰਾਂ ਤੋਂ ਉਤਰ ਕੇ ਬੱਸਾਂ ਦੇ ਰਸਤੇ ਵਿਚ ਖੜ੍ਹੇ ਹੋ ਰਹੇ ਸਨ ਤਾਂ ਕਿ ਬੈਠਣ ਲਈ ਉਨ੍ਹਾਂ ਨੂੰ ਸੀਟਾਂ ਮਿਲ ਸਕਣ।

ਇਹ ਵੀ ਪੜ੍ਹੋ: Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News