ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਨਵ-ਵਿਆਹੁਤਾ ਨੇ ਲਿਆ ਫਾਹ

Monday, Aug 27, 2018 - 01:17 AM (IST)

ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਨਵ-ਵਿਆਹੁਤਾ ਨੇ ਲਿਆ ਫਾਹ

ਬਟਾਲਾ,  (ਖੋਖਰ)-  ਪੁਲਸ ਥਾਣਾ ਘੁਮਾਣ  ਅਧੀਨ ਆਉਂਦੇ ਪਿੰਡ ਮੱਲੋਵਾਲੀ ’ਚ 27 ਸਾਲਾ ਇਕ ਨਵ-ਵਿਆਹੁਤਾ ਨੇ ਆਤਮ-ਹੱਤਿਆ ਕਰ ਲਈ। ਮ੍ਰਿਤਕਾ ਦਾ ਭਰਾ ਸੈਨਿਕ ਹੈ ਅਤੇ ਛੁੱਟੀ ਨਾ ਮਿਲਣ ਕਰ ਕੇ ਰੱਖਡ਼ੀ ਦੇ ਤਿਉਹਾਰ ’ਤੇ ਘਰ ਨਹੀਂ ਆ ਸਕਿਆ। ਨਵ-ਵਿਆਹੁਤਾ ਐਤਵਾਰ ਨੂੰ ਆਪਣੇ ਚਚੇਰੇ ਭਰਾ ਨੂੰ ਰੱਖਡ਼ੀ ਬੰਨ੍ਹਣ ਉਸ ਦੇ ਘਰ ਗਈ ਤਾਂ ਚਚੇਰਾ ਭਰਾ ਵੀ ਘਰ ’ਚ ਨਹੀਂ ਸੀ ਤੇ ਇਸ ਕਾਰਨ ਉਹ ਘਰ ਵਾਪਸ ਆ ਗਈ। ਵਾਪਸ ਆ ਕੇ ਉਸਨੇ ਕਮਰੇ ’ਚ  ਫਾਹ ਲੈ ਲਿਅਾ।  ਮ੍ਰਿਤਕ ਅੌਰਤ ਨੇ ਆਪਣੀ ਬਾਂਹ ’ਤੇ ਸੁਸਾਈਡ  ਨੋਟ ਵੀ ਲਿਖਿਆ ਸੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲਡ਼ਕੀ ਨੇ ਆਪਣੇ ਸਹੁਰੇ  ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਹੋ  ਕੇ ਆਤਮ-ਹੱਤਿਆ ਕੀਤੀ ਹੈ।  ਮ੍ਰਿਤਕਾ  ਨਰਿੰਦਰ ਕੌਰ ਦੇ ਪਿਤਾ ਪ੍ਰੇਮ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ ਆਪਣੀ ਲਡ਼ਕੀ ਨਰਿੰਦਰ ਕੌਰ ਦਾ ਵਿਆਹ 4 ਮਹੀਨੇ ਪਹਿਲਾਂ ਮੁਕੇਰੀਆਂ ’ਚ ਕੀਤਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਲਡ਼ਕੀ ਨੂੰ ਸਹੁਰੇ ਪਰਿਵਾਰ ਵਾਲੇ ਪੈਸੇ ਲੈ ਕੇ ਆਉਣ ਲਈ ਤੰਗ-ਪ੍ਰੇਸ਼ਾਨ ਕਰਦੇ ਸਨ। ਕਰੀਬ ਦੋ ਮਹੀਨਿਆਂ ਤੋਂ  ਨਰਿੰਦਰ ਕੌਰ ਆਪਣੇ ਪਿੰਡ ਮੱਲੋਵਾਲੀ ’ਚ ਹੀ ਰਹਿ ਰਹੀ ਸੀ। ਇਸ ਸਬੰਧ ’ਚ ਥਾਣਾ ਘੁਮਾਣ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਅਗਲੇਰੀ ਕਾਰਵਾਈ ਕਰੇਗੀ।  
 


Related News