ਨਿਊ ਦੀਪ ਬੱਸ ਨੇ ਦਰੜਿਆ 27 ਸਾਲਾ ਨੌਜਵਾਨ, ਮੌਕੇ ''ਤੇ ਮੌਤ
Monday, Jul 08, 2019 - 04:25 PM (IST)
ਮਲੋਟ (ਜੁਨੇਜਾ) : ਸੋਮਵਾਰ ਸਵੇਰੇ ਮਲੋਟ ਬੱਸ ਅੱਡੇ ਨੇੜੇ ਨਿਊ ਦੀਪ ਬੱਸ ਸਰਵਿਸ ਵਾਲਿਆਂ ਦੀ ਬੱਸ ਦੇ ਚਾਲਕ ਨੇ ਇਕ 27 ਸਾਲਾ ਨੌਜਵਾਨ ਨੂੰ ਦਰੜ ਦਿੱਤਾ ਜਿਸ ਦੀ ਮੌਤ ਹੋ ਗਈ। ਉਧਰ ਪੁਲਸ ਵੱਲੋਂ ਕਾਰਵਾਈ ਵਿਚ ਕੀਤੀ ਜਾ ਰਹੀ ਦੇਰੀ ਅਤੇ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਦੇ ਪੋਸਟ ਮਾਰਟਮ ਪ੍ਰਤੀ ਵਰਤੀ ਢਿੱਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਫੁੱਟ ਪਿਆ ਅਤੇ ਲੋਕਾਂ ਨੇ ਕੌਮੀ ਸ਼ਾਹ ਮਾਰਗ 9 'ਤੇ ਜਾਮ ਲਗਾ ਦਿੱਤਾ।
ਸੋਮਵਾਰ ਸਵੇਰੇ ਕਰੀਬ 8.30 ਵਜੇ ਬਠਿੰਡਾ ਚੌਂਕ ਨੇੜੇ ਕੰਮ 'ਤੇ ਜਾ ਰਹੇ 27 ਸਾਲਾ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੱਚਾ ਸੌਦਾ ਰੋਡ ਮਲੋਟ ਨੂੰ ਨਿਊ ਦੀਪ ਕੰਪਨੀ ਦੀ ਬੱਸ ਨੰਬਰ ਪੀ. ਬੀ. 30 ਟੀ. ਆਰ 5778 ਦੇ ਚਾਲਕ ਨੇ ਸਰਵਿਸ ਰੋਡ 'ਤੇ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਨੂੰ ਮੌਕੇ ਤੋਂ ਭਜਾ ਕੇ ਲੈ ਗਿਆ ਅਤੇ ਕਰੀਬ 2 ਘੰਟਿਆਂ ਤੱਕ ਪੁਲਸ ਜਾਂ ਹਸਪਤਾਲ ਵਿਚ ਡਾਕਟਰਾਂ ਵੱਲੋਂ ਕਾਰਵਾਈ ਵਿਚ ਦੇਰੀ ਕਰਨ ਨੂੰ ਲੈ ਕੇ ਪਰਿਵਾਰ ਦਾ ਗੁੱਸਾ ਫੁੱਟ ਪਿਆ। ਜਿਸ ਤੋਂ ਬਾਅਦ ਆਮ ਆਮੀ ਪਾਰਟੀ ਦੇ ਪਰਮਜੀਤ ਗਿੱਲ, ਰਮੇਸ਼ ਅਰਨੀਵਾਲਾ ਤੋਂ ਇਲਾਵਾ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬੱਬੀ ਜੋ ਕਿ ਮ੍ਰਿਤਕ ਦਾ ਰਿਸ਼ਤੇਦਾਰ ਹੈ ਸਮੇਤ ਸੈਂਕੜੇ ਲੋਕਾਂ ਨੇ ਫਾਜ਼ਿਲਕਾ ਦਿੱਲੀ ਕੌਮੀ ਸ਼ਾਹ ਮਾਰਗ ਨੰਬਰ 9 ਤੇ ਸ਼ਹਿਰ ਅੰਦਰ ਧਰਨਾ ਲਗਾ ਕੇ ਹਾਈਵੇ ਜਾਮ ਕਰ ਦਿੱਤਾ।
ਇਸ ਮੌਕੇ ਧਰਨਾਕਾਰੀਆਂ ਨੇ ਪੁਲਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਪਰਿਵਾਰ ਦਾ ਦੋਸ਼ ਸੀ ਕਿ ਪੁਲਸ ਵੱਲੋਂ ਇਸ ਮਾਮਲੇ 'ਤੇ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਦੀ ਮੰਗ ਸੀ ਕਿ ਜਿੰਨੀਂ ਦੇਰ ਪੁਲਸ ਮਾਮਲਾ ਦਰਜ ਨਹੀਂ ਕਰਦੀ ਅਤੇ ਦੋਸ਼ੀ ਚਾਲਕ ਨੂੰ ਗ੍ਰਿਫਤਾਰ ਨਹੀਂ ਕਰਦੀ ਉਨੀ ਦੇਰ ਜਾਮ ਅਤੇ ਧਰਨਾ ਜਾਰੀ ਰੱਖਾਂਗੇ। ਉਧਰ ਇਸ ਮਾਮਲੇ 'ਤੇ ਮਾਮਲੇ ਦੀ ਪੜਤਾਲ ਕਰਕੇ ਰਹੇ ਏ. ਐਸ. ਆਈ. ਸ਼ਮਸ਼ੇਰ ਸਿੰਘ ਅਤੇ ਹੌਲਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਬੱਸ ਚਾਲਕ ਜਸਪਾਲ ਸਿੰਘ ਵਾਸੀ ਗੁਰੂਸਰ ਤਹਿਸੀਲ ਗਿੱਦੜਬਾਹਾ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਉਧਰ ਧਰਨੇ ਦੀ ਅਗਵਾਈ ਕਰ ਰਹੇ ਆਮ ਆਦਮੀ ਆਗੂ ਪਰਮਜੀਤ ਸਿੰਘ ਗਿੱਲ ਦਾ ਕਹਿਣਾ ਹੈ ਜੇਕਰ ਪੁਲਸ ਉਨ੍ਹਾਂ ਨੂੰ ਦਰਜ ਐੱਫ. ਆਈ. ਆਰ. ਵਿਖਾ ਦੇਵੇ ਤਾਂ ਉਹ ਧਰਨਾ ਖਤਮ ਕਰ ਦੇਣਗੇ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਇਕ ਛੋਟਾ ਜਿਹਾ ਬੱਚਾ ਹੈ ਅਤੇ ਪਤਨੀ ਗਰਭਵਤੀ ਹੈ।