ਭਤੀਜੇ ਨੇ ਹੀ ਲੁੱਟ ਲਿਆ ਚਾਚੇ ਦਾ ਘਰ, ਪਰਿਵਾਰ ਨੂੰ ਬੰਨ੍ਹ ਕੇ ਕਰ ਗਿਆ ਕਾਰਾ (ਵੀਡੀਓ)
Friday, Jun 09, 2023 - 12:59 AM (IST)
ਗਿੱਦੜਬਾਹਾ (ਚਾਵਲਾ) : ਹਲਕਾ ਗਿੱਦੜਬਾਹਾ ਦੇ ਪਿੰਡ ਸਾਹਿਬਚੰਦ ਵਿਖੇ 5-6 ਵਿਅਕਤੀਆਂ ਵੱਲੋਂ ਘਰ ਵਿਚ ਆਪਣੇ ਤਕਰੀਬਨ 7 ਸਾਲਾ ਬੱਚੇ ਨਾਲ ਮੌਜੂਦ ਇਕ ਔਰਤ ਦੇ ਹੱਥ-ਪੈਰ ਬੰਨ੍ਹ ਕੇ ਘਰ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਸੁਖਜਿੰਦਰ ਕੌਰ ਉਰਫ ਰਾਣੀ ਪਤਨੀ ਜਸਵਿੰਦਰ ਸਿੰਘ ਉਰਫ ਭੋਲਾ ਪ੍ਰਧਾਨ ਨੇ ਦੱਸਿਆ ਕਿ ਉਹ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਸੋਗਮਈ ਭੋਗ ’ਚ ਸ਼ਿਰਕਤ ਕਰਨ ਤੋਂ ਬਾਅਦ ਕਰੀਬ 1 ਵਜੇ ਆਪਣੇ ਜਨਰਲ ਧਰਮਸ਼ਾਲਾ ਦੇ ਨਜ਼ਦੀਕ ਸਥਿਤ ਘਰ ਵਿਚ ਵਾਪਿਸ ਆਈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ
ਇਸ ਦੌਰਾਨ ਉਸ ਨੇ ਚਾਹ ਬਣਾਈ ਅਤੇ ਜਦੋਂ ਉਹ ਆਪਣੇ 7 ਸਾਲਾ ਲੜਕੇ ਗੁਰਫਤਿਹ ਸਿੰਘ ਨੂੰ ਚਾਹ ਪਿਲਾ ਰਹੀ ਸੀ ਤਾਂ ਇਸ ਦੌਰਾਨ ਘਰ ਦੇ ਮੁੱਖ ਗੇਟ ਤੋਂ ਮੂੰਹ ਬੰਨ੍ਹੇ ਹੋਏ 5-6 ਵਿਅਕਤੀ ਘਰ ਵਿਚ ਦਾਖਲ ਹੋਏ, ਜਿਨ੍ਹਾਂ ’ਚੋਂ ਇਕ ਉਨ੍ਹਾਂ ਦਾ ਭਤੀਜਾ ਰਾਜਿੰਦਰ ਸਿੰਘ ਸੀ। ਉਕਤ ਵਿਅਕਤੀਆਂ ਨੇ ਉਸ ਨੂੰ ਘਰ ਵਿਚ ਰੱਖੇ ਰਿਵਾਲਵਰ, ਪੈਸੇ ਅਤੇ ਸੋਨੇ ਦੀ ਮੰਗ ਕੀਤੀ।
ਉਸ ਵੱਲੋਂ ਇਨਕਾਰ ਕਰਨ ’ਤੇ ਉਕਤ ਵਿਅਕਤੀਆਂ ਨੇ ਉਸ ਦੇ ਕੰਨ ’ਤੇ ਪਿਸਤੌਲ ਤਾਣ ਲਿਆ ਅਤੇ ਉਸ ਦੇ ਲੜਕੇ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਸੰਦੂਕ ਵਿਚ ਪਏ ਇਕ ਲੱਖ ਰੁਪਏ ਨਕਦ, ਇਕ ਰਿਵਾਲਵਰ ਅਤੇ ਉਸਦਾ ਮੋਬਾਇਲ ਆਪਣੇ ਨਾਲ ਲੈ ਗਏ ਅਤੇ ਜਾਂਦੇ ਹੋਏ ਉਸ ਦਾ ਮੂੰਹ ਕੱਪੜੇ ਨਾਲ ਬੰਨ੍ਹਣ ਤੋਂ ਬਾਅਦ ਗੇਟ ਨੂੰ ਬਾਹਰੋਂ ਬੰਦ ਕਰ ਗਏ। ਇਸ ਦੇ ਨਾਲ ਹੀ ਇਸ ਬਾਰੇ ਪੁਲਸ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਲੁਟੇਰਿਆਂ ਦੇ ਜਾਣ ਤੋਂ ਬਾਅਦ ਉਸ ਦੇ 7 ਸਾਲਾ ਲੜਕੇ ਗੁਰਫਤਿਹ ਸਿੰਘ ਨੇ ਉਸ ਨੂੰ ਖੋਲ੍ਹਿਆ ਅਤੇ ਉਹ ਡਰਦੇ ਹੋਏ ਗੁਆਂਢੀ ਦੇ ਘਰ ਪੁੱਜੇ, ਜਿੱਥੇ ਗੁਆਂਢੀ ਦੇ ਫੋਨ ਤੋਂ ਆਪਣੇ ਪਤੀ ਜਸਵਿੰਦਰ ਸਿੰਘ, ਜੋ ਖੇਤਾਂ ਵਿਚ ਕੰਮ ਕਰਨ ਗਿਆ ਹੋਇਆ ਸੀ, ਨੂੰ ਇਸ ਲੁੱਟ ਦੀ ਘਟਨਾ ਸੰਬੰਧੀ ਸੂਚਿਤ ਕੀਤਾ। ਉੱਧਰ ਸੂਚਨਾ ਮਿਲਣ ’ਤੇ ਗਿੱਦੜਬਾਹਾ ਦੇ ਡੀ. ਐੱਸ. ਪੀ. ਜਸਵੀਰ ਸਿੰਘ ਪੰਨੂੰ ਅਤੇ ਥਾਣਾ ਕੋਟਭਾਈ ਦੀ ਐੱਸ. ਐੱਚ. ਓ. ਹਰਪ੍ਰੀਤ ਕੌਰ ਮੌਕੇ ਪੁੱਜੇ ਤੇ ਆਪਣੀ ਜਾਂਚ ਸ਼ੁਰੂ ਕੀਤੀ। ਇਸ ਮੌਕੇ ਐੱਸ. ਐੱਚ. ਓ. ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਉਕਤ ਲੁੱਟ ਦੀ ਘਟਨਾ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਪੁਲਸ ਵੱਲੋਂ ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।