ਨਵਾਂਸ਼ਹਿਰ ਵਿਖੇ ਖੇਤਾਂ 'ਚ ਏਅਰਫੋਰਸ ਦਾ ਜਹਾਜ਼ ਹੋਇਆ ਕ੍ਰੈਸ਼ (ਵੀਡੀਓ)

Friday, May 08, 2020 - 05:27 PM (IST)

ਨਵਾਸ਼ਹਿਰ, ਗੜ੍ਹਸ਼ੰਕਰ (ਤ੍ਰਿਪਾਠੀ, ਵੈੱਬ ਡੈਸਕ, ਮਨੋਰੰਜਨ,ਜੋਬਨਪ੍ਰੀਤ)— ਇੰਡੀਅਨ ਏਅਰਫੋਰਸ ਦਾ ਇਕ ਮਿਗ 29 ਲੜਾਕੂ ਜਹਾਜ਼ ਸ਼ੁਕਰਵਾਰ ਸਵੇਰ ਸਾਢੇ ਦਸ ਵਜੇ ਦੇ ਕਰੀਬ ਪਿੰਡ ਚੂਹੜਪੁਰ ਦੇ ਖੇਤਾਂ 'ਚ ਹਾਦਸਾ ਗ੍ਰਸਤ ਹੋ ਗਿਆ। ਜਹਾਜ਼ ਨੂੰ ਚਲਾਉਣ ਵਾਲੇ ਪਾਇਲਟ ਵਿੰਗ ਕਮਾਂਡਰ ਐਮ. ਕੇ. ਪਾਂਡੇ ਨੇ ਪਹਿਲਾਂ ਹੀ ਪੈਰਾਸ਼ੂਟ ਰਾਹੀਂ ਖੁਦ ਨੂੰ ਜਹਾਜ਼ ਤੋਂ ਅਲੱਗ ਕਰ ਲਿਆ ਸੀ। ਜਹਾਜ਼ ਇੰਨੀ ਜ਼ੋਰ ਨਾਲ ਖੇਤਾਂ 'ਚ ਡਿਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸ ਦੇ ਚੀਥੜੇ ਉੱਡ ਗਏ ਅਤੇ ਉਹ ਅੱਗ ਦੀਆਂ ਲਪੇਟਾਂ 'ਚ ਸੜਨ ਲੱਗਾ। ਨਵਾਂਸ਼ਹਿਰ ਤੋਂ ਆਈਆਂ ਫਾਇਰ ਬਿਗ੍ਰੇਡ ਦੀਆ ਗੱਡੀਆ ਨੇ ਜਹਾਜ਼ ਨੂੰ ਲੱਗੀ ਅੱਗ 'ਤੇ ਮੁਸ਼ਕਲ ਨਾਲ ਕਾਬੂ ਪਾਇਆ। 

PunjabKesariਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਤੇ ਐਸ. ਐਸ. ਪੀ. ਅਲਕਾ ਮੀਨਾ ਨੇ ਘਟਨਾ ਸਥਾਨ 'ਤੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਆਦਮਪੁਰ ਏਅਰਫੋਰਸ ਬੇਸ ਤੋਂ ਇਕ ਮਿਗ 29 ਏਅਰਕ੍ਰਾਫਟ ਨੇ ਉਡਾਣ ਭਰੀ ਸੀ । ਕਰੀਬ ਸਾਢੇ ਦਸ ਵਜੇ ਜਹਾਜ਼ 'ਚ ਕੁਝ ਤਕਨੀਕੀ ਖਰਾਬੀ ਆਉਣ 'ਤੇ ਪਾਇਲਟ ਵਿੰਗ ਕਮਾਡਰ ਐਮ. ਕੇ. ਪਾਂਡੇ ਨੇ ਆਪਣੇ ਆਪ ਨੂੰ ਜਹਾਜ਼ ਤੋ ਅਲੱਗ ਕਰਦੇ ਹੋਏ ਪੈਰਾਸ਼ੂਟ ਨਾਲ ਖੇਤਾਂ 'ਚ ਉਤਾਰ ਲਿਆ, ਜਦੋਂ ਕਿ ਜਹਾਜ਼ ਪਿੰਡ ਚੂਹੜਪੁਰ ਦੇ ਇਕ ਖਾਲੀ ਖੇਤ 'ਚ ਜਾ ਡਿਗਿਆ।

PunjabKesari

ਮੌਕੇ 'ਤੇ ਪਹੁੰਚੇ ਲੋਕਾ ਅਨੁਸਾਰ ਜਹਾਜ਼ ਦੇ ਖੇਤਾਂ 'ਚ ਡਿੱਗਦੇ ਹੀ ਕਈ ਧਮਾਕੇ ਹੋਏ। ਜਿੱਥੇ ਜਹਾਜ਼ ਦੇ ਅੱਗੇ ਦਾ ਹਿੱਸਾ ਡਿਗਿਆ, ਉੱਥੋਂ ਕਰੀਬ 30-40 ਫੁੱਟ ਦਾ ਟੋਇਆ ਪੈ ਗਿਆ। ਦੱਸਿਆ ਜਾਦਾ ਹੈ ਕਿ ਏਅਰਫੋਰਸ ਦੇ ਅਧਿਕਾਰੀ ਪਾਇਲਟ ਵਿੰਗ ਕਮਾਂਡਰ ਐਮ. ਕੇ. ਪਾਂਡੇ ਨੂੰ ਆਪਣੇ ਨਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੂਸਰੇ ਪਾਸੇ ਏਅਰਫੋਰਸ ਵੱਲੋਂ ਇਸ ਹਾਦਸੇ ਦੀ ਜਾਂਚ ਦੇ ਲਈ ਕੋਰਟ ਆਫ ਇਨਕੁਆਰੀ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

PunjabKesari


author

shivani attri

Content Editor

Related News