ਸਮਾਰਟ ਸਿਟੀ : ਪ੍ਰਾਜੈਕਟ ਵਿਜ਼ੀਬਲ ਨਾ ਹੋਣ ''ਤੇ ਕੇਂਦਰ ਅਤੇ ਸਿੱਧੂ ਨੇ ਜਤਾਈ ਨਾਰਾਜ਼ਗੀ

01/10/2018 6:27:43 AM

ਲੁਧਿਆਣਾ(ਹਿਤੇਸ਼)-ਮਹਾਨਗਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲਿਆ ਨੂੰ 2 ਸਾਲਾਂ ਤੋਂ ਵੀ ਜ਼ਿਆਦਾ ਦਾ ਸਮਾਂ ਬੀਤਣ ਦੇ ਬਾਵਜੂਦ ਗਰਾਊਂਡ 'ਤੇ ਇਕ ਵੀ ਪ੍ਰਾਜੈਕਟ ਸ਼ੁਰੂ ਨਾ ਹੋਣ ਕਾਰਨ ਕੇਂਦਰ ਸਰਕਾਰ ਤੋਂ ਇਲਾਵਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਨਗਰ ਨਿਗਮ ਨੂੰ ਫਟਕਾਰ ਲਾਈ ਹੈ, ਜਿਸ ਤਹਿਤ ਪ੍ਰਾਜੈਕਟਾਂ ਨੂੰ ਵਿਜ਼ੀਬਲ ਬਣਾਉਣ ਦੀ ਨਸੀਹਤ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਦੇ ਅੰਮ੍ਰਿਤਸਰ ਦੌਰੇ ਦੌਰਾਨ ਲੁਧਿਆਣਾ ਤੇ ਜਲੰਧਰ 'ਚ ਸਮਾਰਟ ਸਿਟੀ ਤਹਿਤ ਹੁਣ ਤੱਕ ਹੋਏ ਕੰਮ ਦਾ ਵੀ ਰੀਵਿਊ ਕੀਤਾ ਗਿਆ। ਉਸ 'ਚ ਲੁਧਿਆਣਾ ਨਾਲ ਸਬੰਧਤ ਜ਼ਿਆਦਾਤਰ ਪ੍ਰਾਜੈਕਟ ਡੀ. ਪੀ. ਆਰ. ਦੀ ਸਟੇਜ 'ਤੇ ਹੀ ਹੋਣ ਦੀ ਰਿਪੋਰਟ ਦਿੱਤੀ ਗਈ, ਜਿਨ੍ਹਾਂ 'ਤੇ ਟੈਂਡਰ ਲਾਉਣ ਲਈ ਸਟੇਟ ਪੱਧਰ ਟੈਕਨੀਕਲ ਤੇ ਐਗਜ਼ੀਕਿਊਟਿਵ ਕਮੇਟੀ ਦੀ ਹਰੀ ਝੰਡੀ ਮਿਲਣ ਦੀ ਉਡੀਕ ਹੈ। ਇਸੇ ਤਰ੍ਹਾਂ ਜਿਨ੍ਹਾਂ ਪ੍ਰਾਜੈਕਟਾਂ ਦੇ ਟੈਂਡਰ ਲਾ ਦਿੱਤੇ ਗਏ, ਉਨ੍ਹਾਂ ਦੇ ਵਰਕ ਆਰਡਰ ਜਾਰੀ ਕਰਨ 'ਚ ਪੇਚ ਫਸਿਆ ਹੋਇਆ ਹੈ ਅਤੇ ਅਲਾਟਮੈਂਟ ਨਾਲ ਜੋੜ ਕੇ ਦੱਸੇ ਗਏ ਕਿਸੇ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋਣ ਦੀ ਡਿਟੇਲ ਨਗਰ ਨਿਗਮ ਅਫਸਰਾਂ ਦੇ ਕੋਲ ਮੌਜੂਦ ਨਹੀਂ ਸੀ।
ਇਸ 'ਤੇ ਕੇਂਦਰੀ ਸਕੱਤਰ ਤੋਂ ਇਲਾਵਾ ਸਿੱਧੂ ਨੇ ਵੀ ਕਾਫੀ ਨਾਰਾਜ਼ਗੀ ਜਤਾਈ, ਜਿਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਦੇ ਪ੍ਰਾਜੈਕਟ ਲੋਕਾਂ ਨੂੰ ਨਜ਼ਰ ਆਉਣ ਦੀ ਦਿਸ਼ਾ 'ਚ ਕੰਮ ਕੀਤਾ ਜਾਵੇ। ਇਸ ਲਈ ਸਾਰੇ ਪ੍ਰਾਜੈਕਟਾਂ ਨੂੰ ਲੈ ਕੇ ਇਕ ਐਕਸ਼ਨ ਪਲਾਨ ਬਣਾਇਆ ਜਾਵੇ ਤੇ ਉਨ੍ਹਾਂ ਲਈ ਸਟੇਜ ਵਾਈਜ਼ ਟਾਈਮ ਸ਼ਡਿਊਲ ਵੀ ਤੈਅ ਕੀਤਾ ਜਾਵੇ। ਕੇਂਦਰੀ ਸਕੱਤਰ ਨੇ ਵਿਸ਼ਵਾਸ ਦੁਆਇਆ ਕਿ ਗ੍ਰਾਂਟ ਜਾਰੀ ਕਰਨ ਨੂੰ ਲੈ ਕੇ ਕੋਈ ਦਿੱਕਤ ਨਹੀਂ ਆਵੇਗੀ। ਜਦੋਂਕਿ ਸਿੱਧੂ ਨੇ ਕਿਹਾ ਕਿ ਉਹ ਜਲਦ ਹੀ ਜ਼ਿਲਾ ਵਾਰ ਸਮਾਰਟ ਸਿਟੀ ਪ੍ਰਾਜੈਕਟਾਂ ਦਾ ਰੀਵਿਊ ਕਰਨਗੇ ਤੇ ਉਨ੍ਹਾਂ 'ਤੇ ਕੰਮ ਸ਼ੁਰੂ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਦੂਰ ਕਰਵਾਈਆਂ ਜਾਣਗੀਆਂ।
ਪਾਵਰਕਾਮ ਤੋਂ ਮਿਲਿਆ ਐੱਨ. ਓ. ਸੀ., ਅਗਲੇ ਹਫਤੇ ਲੱਗ ਜਾਣਗੇ ਰੋਡ ਦੇ ਟੈਂਡਰ
ਨਗਰ ਨਿਗਮ ਵਲੋਂ ਸਮਾਰਟ ਸਿਟੀ ਮਿਸ਼ਨ ਤਹਿਤ ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣ ਦੀ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਖੰਭੇ ਤੇ ਟਰਾਂਸਫਾਰਮਰ ਸ਼ਿਫਟ ਕਰਨ ਨੂੰ ਲੈ ਕੇ ਪਾਵਰਕਾਮ ਤੋਂ ਐੱਨ. ਓ. ਸੀ. ਲੈਣ ਦਾ ਮਾਮਲਾ ਕਾਫੀ ਦੇਰ ਤੋਂ ਲਟਕਿਆ ਹੋਇਆ ਸੀ। ਹੁਣ ਪਾਵਰਕਾਮ ਵਲੋਂ ਪ੍ਰਾਜੈਕਟ ਲਈ ਵਰਤੇ ਜਾਣ ਵਾਲੇ ਮਟੀਰੀਅਲ ਦੀ ਸਪੈਸੀਫਿਕੇਸ਼ਨ ਤੈਅ ਕਰਨ 'ਤੇ ਇਹ ਝਗੜਾ ਹੱਲ ਹੋਣ ਤੋਂ ਬਾਅਦ ਸਮਾਰਟ ਰੋਡ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਕਾਰਨ ਅਗਲੇ ਹਫਤੇ ਤੱਕ ਟੈਂਡਰ ਲਾਉਣ ਦੀ ਜਾਣਕਾਰੀ ਨਗਰ ਨਿਗਮ ਨੇ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਦੌਰਾਨ ਕੇਂਦਰੀ ਸ਼ਹਿਰੀ ਵਿਕਾਸ ਸਕੱਤਰ ਤੇ ਲੋਕਲ ਬਾਡੀਜ਼ ਮੰਤਰੀ ਨੂੰ ਦਿੱਤੀ ਹੈ।
ਇਥੇ ਫਸਿਆ ਹੋਇਆ ਸੀ ਪੇਚ
ਇਸ ਯੋਜਨਾ 'ਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰ ਕੇ ਕੰਪੈਕਟ ਟਰਾਂਸਫਾਰਮਰ ਲਾਏ ਜਾਣ ਦਾ ਪ੍ਰਸਤਾਵ ਹੈ, ਜਿਸ ਬਾਰੇ ਪਾਵਰਕਾਮ ਨੇ ਅੰਡਰਗਰਾਊਂਡ ਤਾਰਾਂ ਪਾਉਣ ਲਈ ਗਹਿਰਾਈ ਤੈਅ ਕਰਨ ਤੋਂ ਇਲਾਵਾ ਪੰਜਾਬ 'ਚ ਪਹਿਲੀ ਵਾਰ ਵਰਤੋਂ ਹੋਣ ਵਾਲੇ ਕੰਪੈਕਟ ਟਰਾਂਸਫਾਰਮਰਾਂ ਦੀ ਮੇਨਟੀਨੈਂਸ ਵਿਚ ਦਿੱਕਤ ਆਉਣ ਕਾਰਨ ਸਵਾਲ ਖੜ੍ਹੇ ਕੀਤੇ ਸਨ।


Related News