ਕਿਵੇਂ ਪਤਾ ਲੱਗੇਗਾ ਨਾਜਾਇਜ਼ ਰੂਪ ਨਾਲ ਪਾਈ ਗਈ ਅੰਡਰਗਰਾਊਂਡ ਕੇਬਲ ਦਾ ਅੰਕੜਾ

07/20/2017 2:59:49 AM

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵੱਲੋਂ ਫਾਸਟਵੇਅ ਕੰਪਨੀ 'ਤੇ ਲਾਏ ਗਏ ਕਰੋੜਾਂ ਦੀ ਟੈਕਸ ਚੋਰੀ ਦੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਨਗਰ ਨਿਗਮ ਨੇ ਰਿਕਾਰਡ ਤਾਂ ਜੁਟਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਕਿਸੇ ਦੇ ਕੋਲ ਇਹ ਜਵਾਬ ਨਹੀਂ ਹੈ ਕਿ ਨਾਜਾਇਜ਼ ਰੂਪ ਨਾਲ ਪਾਈ ਗਈ ਅੰਡਰਗਰਾਊਂਡ ਕੇਬਲ ਦਾ ਅੰਕੜਾ ਕਿਵੇਂ ਪਤਾ ਲੱਗੇਗਾ। ਸਿੱਧੂ ਦਾ ਦੋਸ਼ ਹੈ ਕਿ ਫਾਸਟਵੇਅ ਕੰਪਨੀ ਨੇ ਨਿਗਮ ਤੋਂ ਮਨਜ਼ੂਰੀ ਲਏ ਬਿਨਾਂ ਵੱਡੇ ਪੱਧਰ 'ਤੇ ਅੰਡਰਗਰਾਊਂਡ ਕੇਬਲ ਪਾਈ ਹੋਈ ਹੈ, ਜਿਸ ਦੀ ਅਕਾਲੀ ਸਰਕਾਰ ਨਾਲ ਨੇੜਤਾ ਕਾਰਨ ਪਹਿਲਾਂ ਕੋਈ ਕਾਰਵਾਈ ਨਹੀਂ ਹੋ ਸਕੀ। ਹੁਣ ਵੀ ਚਾਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰਨ ਦੀ ਗੱਲ ਕਹਿ ਕੇ ਮਾਮਲੇ ਤੋਂ ਕੰਨੀ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿੱਧੂ ਨੇ ਸਖ਼ਤ ਸਟੈਂਡ ਅਪਣਾਇਆ ਹੋਇਆ ਹੈ, ਜਿਨ੍ਹਾਂ ਨੇ ਕੇਬਲ ਕੰਪਨੀ 'ਤੇ ਕਰੋੜਾਂ ਦਾ ਰੈਵੇਨਿਊ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਰਿਕਵਰੀ ਸਬੰਧੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਤਹਿਤ ਨਗਰ ਨਿਗਮ ਤੋਂ ਅੰਡਰਗਰਾਊਂਡ ਕੇਬਲ ਪਾਉਣ ਲਈ ਹੁਣ ਤੱਕ ਦਿੱਤੀ ਗਈ ਮਨਜ਼ੂਰੀ ਦਾ ਬਿਓਰਾ ਤਾਂ ਮੰਗਿਆ ਹੀ ਗਿਆ ਹੈ। ਨਾਜਾਇਜ਼ ਰੂਪ ਨਾਲ ਸੜਕਾਂ ਦੀ ਖੁਦਾਈ ਕਰ ਕੇ ਕੇਬਲ ਪਾਉਣ ਦੇ ਮਾਮਲੇ ਵਿਚ ਵੀ ਰਿਕਾਰਡ ਦੇਣ ਨੂੰ ਕਿਹਾ ਗਿਆ ਹੈ, ਜਿਸ ਸਬੰਧੀ ਹੁਕਮ ਵਧੀਕ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਬੀ. ਐਂਡ ਆਰ. ਸ਼ਾਖਾ ਨੂੰ ਦੇ ਦਿੱਤਾ ਹੈ, ਜਦੋਂਕਿ ਅਫਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਜ਼ਿਆਦਾ ਪੁਰਾਣਾ ਰਿਕਾਰਡ ਮੁਹੱਈਆ ਨਹੀਂ ਹੋਵੇਗਾ। ਇਸ 'ਤੇ ਜਿੰਨਾ ਰਿਕਾਰਡ ਮੌਜੂਦ ਹੈ, ਉਸ ਦੀ ਡਿਟੇਲ ਬਣਾਉਣ ਦੀ ਸਹਿਮਤੀ ਬਣ ਗਈ ਹੈ ਪਰ ਜਿੱਥੋਂ ਤੱਕ ਬਿਨਾਂ ਮਨਜ਼ੂਰੀ ਪਾਈ ਗਈ ਅੰਡਰਗਰਾਊਂਡ ਕੇਬਲ ਦਾ ਅੰਕੜਾ ਜੁਟਾਉਣ ਦਾ ਸਵਾਲ ਹੈ, ਉਸ ਦੇ ਲਈ ਕੋਈ ਫਾਰਮੂਲਾ ਅਫਸਰਾਂ ਨੂੰ ਸਮਝ ਨਹੀਂ ਆ ਰਿਹਾ।
ਕੰਪਨੀਆਂ ਦੀ ਰਿਪੋਰਟ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ ਸਹੀ
ਨਿਗਮ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਮਨਜ਼ੂਰੀ ਦੇਣ ਸਮੇਤ ਅੰਡਰਗਰਾਊਂਡ ਪਾਈ ਜਾ ਚੁੱਕੀ ਕੇਬਲ ਸਬੰਧੀ ਪੂਰਾ ਬਿਓਰਾ ਨਾ ਮਿਲਿਆ ਤਾਂ ਕੰਪਨੀਆਂ ਤੋਂ ਡਿਟੇਲ ਮੰਗੀ ਜਾਵੇਗੀ, ਜਿਸ ਦਾ ਨਿਗਮ ਰਿਕਾਰਡ ਨਾਲ ਮਿਲਾਨ ਕਰਨ ਤੋਂ ਬਾਅਦ ਜੋ ਨਾਜਾਇਜ਼ ਰੂਪ ਨਾਲ ਪਾਈ ਗਈ ਕੇਬਲ ਦਾ ਅੰਕੜਾ ਸਾਹਮਣੇ ਆਵੇਗਾ। ਉਸ ਦੇ ਹਿਸਾਬ ਨਾਲ ਜੁਰਮਾਨਾ ਲਾਇਆ ਜਾਵੇਗਾ ਪਰ ਸਵਾਲ ਇਹ ਹੈ ਕਿ ਜਦੋਂ ਸਾਰਿਆਂ ਨੂੰ ਪਤਾ ਚੱਲ ਚੁੱਕਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤਾਂ ਕੋਈ ਕੰਪਨੀ ਮਨਜ਼ੂਰੀ ਲੈਣ ਤੋਂ ਜ਼ਿਆਦਾ ਕੇਬਲ ਪਾਉਣ ਦੀ ਰਿਪੋਰਟ ਆਪ ਕਿਉਂ ਦੇਵੇਗੀ।
ਡਾਟਾ ਐਂਟਰੀ ਆਪ੍ਰੇਟਰ ਕਰਨਗੇ ਕੇਬਲ ਕਨੈਕਸ਼ਨਾਂ ਦੀ ਡੋਰ ਟੂ ਡੋਰ ਚੈਕਿੰਗ
ਸਿੱਧੂ ਨੇ ਫਾਸਟ ਵੇਅ ਕੰਪਨੀ 'ਤੇ ਕੇਬਲ ਕੁਨੈਕਸ਼ਨਾਂ ਦੇ ਬਦਲੇ ਬਣਦਾ ਸਰਵਿਸ ਚਾਰਜ ਅਤੇ ਸੈੱਟ ਟਾਪ ਬਾਕਸ ਇੰਪੋਰਟ ਕਰਨ ਬਦਲੇ ਬਣਦਾ ਟੈਕਸ ਵੀ ਚੋਰੀ ਕਰਨ ਦੇ ਦੋਸ਼ ਲਾਏ ਸਨ, ਜਿਸ ਨੂੰ ਪੁਖਤਾ ਕਰਨ ਲਈ ਉਹ ਬਾਅਦ ਵਿਚ ਸੈਂਟ੍ਰਲ ਐਕਸਾਈਜ਼ ਦੇ ਰਿਟਾਇਰ ਅਫਸਰ ਦੇ ਨਾਲ ਪ੍ਰੈੱਸ ਕਾਨਫਰੰਸ ਵੀ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਕੇਬਲ ਕੁਨੈਕਸ਼ਨਾਂ ਦਾ ਸਹੀ ਅੰਕੜਾ ਪਤਾ ਲਾਉਣ ਦੇ ਲਈ ਡੋਰ ਟੂ ਡੋਰ ਸਰਵੇ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਦਾ ਜ਼ਿੰਮਾ ਨਗਰ ਨਿਗਮਾਂ ਨੂੰ ਸੌਂਪਿਆ ਗਿਆ ਹੈ। ਉਸ ਦੇ ਤਹਿਤ ਵਧੀਕ ਕਮਿਸ਼ਨਰ ਨੇ ਚਾਰੇ ਜ਼ੋਨਾਂ ਦੇ ਜ਼ੋਨਲ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸਰਵੇ ਸ਼ੁਰੂ ਕਰਵਾਉਣ ਲਈ ਕਿਹਾ ਹੈ। ਇਸ ਲਈ ਜ਼ੋਨ ਵਾਈਜ਼ ਨੋਡਲ ਅਫਸਰ ਲਗਾ ਕੇ ਸਟਾਫ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ, ਜਿਸ ਵਿਚ ਜ਼ਿਆਦਾਤਰ ਠੇਕੇ 'ਤੇ ਕੰਮ ਕਰ ਰਹੇ ਡਾਟਾ ਐਂਟਰੀ ਆਪ੍ਰੇਟਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਾਰਡ ਵਾਈਜ਼ ਸਰਵੇ 31 ਜੁਲਾਈ ਤੱਕ ਪੂਰਾ ਕਰਨ ਦਾ ਟਾਰਗੇਟ ਦਿੱਤਾ ਗਿਆ ਹੈ। ਉਸ ਵਿਚ ਡਿਸ਼ ਟੀ. ਵੀ. ਅਤੇ ਸੈਟ ਟਾਪ ਬਾਕਸ ਦਾ ਬਿਓਰਾ ਇਕੱਠਾ ਕੀਤਾ ਜਾਵੇਗਾ।


Related News