ਸਿੱਧੂ ਦੇ ਪੋਤੜੇ ਫੋਲਣ ਦੀ ਤਿਆਰੀ ''ਚ ਵਿਜੀਲੈਂਸ ਵਿਭਾਗ

Friday, Jun 28, 2019 - 06:42 PM (IST)

ਸਿੱਧੂ ਦੇ ਪੋਤੜੇ ਫੋਲਣ ਦੀ ਤਿਆਰੀ ''ਚ ਵਿਜੀਲੈਂਸ ਵਿਭਾਗ

ਚੰਡੀਗੜ੍ਹ/ਅੰਮ੍ਰਿਤਸਰ : ਸੂਬਾ ਵਿਜੀਲੈਂਸ ਟੀਮ ਨੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਕਾਰਜਕਾਲ 'ਚ ਹੋਏ ਕੰਮ, ਸੀ. ਐੱਲ. ਯੂ. ਅਤੇ ਅਲਾਟਮੈਂਟ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਜੀਲੈਂਸ ਦੇ ਹੁਕਮਾਂ 'ਤੇ ਡੀ. ਐੱਸ. ਪੀ. ਤਜਿੰਦਰ ਸਿੰਘ ਦੀ ਅਗਵਾਈ ਵਾਲੀ ਕਰੀਬ 15 ਮੈਂਬਰੀ ਟੀਮ ਨੇ ਦੁਪਹਿਰ ਕਰੀਬ ਸਵਾ 12 ਵਜੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇੰਪਰੂਵਮੈਂਟ ਟਰੱਸਟ 'ਚ ਦਬਿਸ਼ ਕੀਤੀ। ਟੀਮ ਨੇ ਇੰਜੀਨੀਅਰਿੰਗ ਬ੍ਰਾਂਚ, ਸੈੱਲ ਬ੍ਰਾਂਚ ਅਤੇ ਲੀਗਲ ਬ੍ਰਾਂਚ 'ਚ ਜਾ ਕੇ ਰਿਕਾਰਡ ਖੰਗਾਲਿਆ।

ਵਿਜੀਲੈਂਸ ਦੇ ਡੀ. ਐੱਸ. ਪੀ. ਨੇ ਈ. ਓ. ਜੀਵਨ ਬਾਂਸਲ ਅਤੇ ਐੱਸ. ਈ. ਰਾਕੇਸ਼ ਕੁਮਾਰ ਗਰਗ ਦੇ ਦਫਤਰ ਵਿਚ ਰਿਕਾਰਡ ਮੰਗਵਾਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਚੱਲ ਰਹੀ ਅਣਬਣ ਦੇ ਵਿਚਾਲੇ ਸਿੱਧੂ ਦੇ ਕਾਰਜਕਾਲ ਵਿਚ ਹੋਏ ਕੰਮਾਂ ਦੀ ਜਾਂਚ ਸ਼ੁਰੂ ਹੋਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਜ਼ੀਰਕਪੁਰ 'ਚ ਵੀ ਵਿਜੀਲੈਂਸ ਦੀ ਟੀਮ ਨੇ ਨਿਗਮ ਦੇ ਇਲਾਕੇ ਵਿਚ ਬਣੀਆਂ ਨਾਜਾਇਜ਼ ਕਾਲੋਨੀਆਂ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਸੀ। ਉਥੇ ਇਸ ਛਾਪੇਮਾਰੀ ਤੋਂ ਬਾਅਦ ਟਰੱਸਟ ਦੇ ਅਧਿਕਾਰੀਆਂ ਦੀ ਟੈਨਸ਼ਨ ਵੱਧ ਗਈ ਹੈ। 

ਕਰੀਬੀਆਂ ਦੀ ਫਰਮ, ਵੱਲਾ ਸ਼ਮਸ਼ਾਨਘਾਟ ਦੇ ਫੰਡਾਂ ਦੀ ਦੁਰਵਰਤੋਂ ਦੀ ਜਾਂਚ ਵੀ
ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਸਾਲ 2017-18 ਅਤੇ 2019-20 ਦੇ ਦੌਰਾਨ ਹੋਏ ਵਿਕਾਸ ਕਾਰਜਾਂ, ਚੇਂਜ ਆਫ ਲੈਂਡ ਨਿਊਜ਼ (ਸੀ. ਐੱਲ.ਯੂ), ਅਲਾਟਸਮੈਂਟ ਦਾ ਰਿਕਾਰਡ ਖੰਗਾਲੇਗੀ। ਇਸ ਵਿਚ ਸਿੱਧੂ ਦੇ ਕਰੀਬੀਆਂ ਵਲੋਂ ਬਣਾਈ ਗਈ ਫਰਮ ਜੇ.ਐਂਡ. ਜੇ. ਕੰਸਟਰਕਸ਼ਨ ਕੰਪਨੀ, ਵੱਲਾ ਸ਼ਮਸ਼ਾਨਘਾਟ ਦੇ ਫੰਡਾਂ ਦੀ ਦੁਰਵਰਤੋਂ ਦੇ ਲੱਗੇ ਦੋਸ਼ਾਂ, ਨਿਊ ਅੰਮ੍ਰਿਤਸਰ 'ਚ ਬਣੇ ਫਲੈਟਾਂ ਦੀ ਜਾਂਚ ਵੀ ਕੀਤੀ ਜਾਵੇਗੀ।


author

Gurminder Singh

Content Editor

Related News