ਨਵਜੋਤ ਸਿੱਧੂ ਨੇ ਕੀਤਾ ਇਕ ਹੋਰ ਧਮਾਕੇਦਾਰ ਟਵੀਟ, ਕਿਹਾ ਹਵਾ ਦਾ ਰੁੱਖ ਬਦਲ ਗਿਆ

Wednesday, Jul 21, 2021 - 11:07 PM (IST)

ਨਵਜੋਤ ਸਿੱਧੂ ਨੇ ਕੀਤਾ ਇਕ ਹੋਰ ਧਮਾਕੇਦਾਰ ਟਵੀਟ, ਕਿਹਾ ਹਵਾ ਦਾ ਰੁੱਖ ਬਦਲ ਗਿਆ

ਅੰਮ੍ਰਿਤਸਰ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਜੋਸ਼ ਨਾਲ ਲਬਰੇਜ ਨਵਜੋਤ ਸਿੱਧੂ ਨੇ ਨਵਾਂ ਟਵੀਟ ਕੀਤਾ ਹੈ। ਇਸ ਟਵੀਟ ਵਿਚ ਸਿੱਧੂ ਨੇ ਲਿਖਿਆ ਕਿ ਹਵਾ ਦਾ ਰੁੱਖ ਬਦਲ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਵੱਲੋਂ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ’ਚ ਉਨ੍ਹਾਂ ਵੱਲੋਂ ਪ੍ਰਧਾਨ ਬਣਨ ਤੋਂ ਬਾਅਦ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਪਹੁੰਚਣ ਦਾ ਸਫ਼ਰ ਬਿਆਨ ਕੀਤਾ ਹੈ। ਇਸ ਵੀਡੀਓ ਵਿਚ ਸਭ ਤੋਂ ਪਹਿਲਾਂ ਕੈਪਟਨ ਦੇ ਖਾਸਮ-ਖਾਸ ਆਖੇ ਜਾਂਦੇ ਰਾਜ ਕੁਮਾਰ ਵੇਰਕਾ ਨਵਜੋਤ ਸਿੱਧੂ ਨੂੰ ਜੱਫ਼ੀ ਪਾ ਕੇ ਕਲਾਵੇ ’ਚ ਲੈਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਕੈਪਟਨ ਵਲੋਂ ਸਿੱਧੂ ਅੱਗੇ ਰੱਖੀ ਮੁਆਫ਼ੀ ਵਾਲੀ ਸ਼ਰਤ ’ਤੇ ਭੜਕੇ ਰੰਧਾਵਾ, ਤਲਖ਼ੀ ’ਚ ਦਿੱਤੇ ਵੱਡੇ ਬਿਆਨ

ਨਵਜੋਤ ਸਿੱਧੂ ਵਲੋਂ ਕੀਤੇ ਇਸ ਟਵੀਟ ਅਤੇ ਹਵਾ ਦੇ ਬਦਲੇ ਹੋਏ ਰੁੱਖ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਅੱਜ ਨਵਜੋਤ ਸਿੱਧੂ ਦੇ ਸੱਦੇ ’ਤੇ ਕਾਂਗਰਸ ਪਾਰਟੀ ਦੇ ਲਗਭਗ 62 ਵਿਧਾਇਕ ਅੰਮ੍ਰਿਤਸਰ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਸਿੱਧੂ ਦੇ ਨਾਲ ਨਜ਼ਰ ਆਏ। ਇਥੇ ਹੀ ਬਸ ਨਹੀਂ ਕੈਪਟਨ ਦੇ ਹੱਕ ਵਿਚ ਭੁਗਤਣ ਅਤੇ ਸਿੱਧੂ ਨੂੰ ਪ੍ਰਧਾਨ ਨਾ ਬਣਾਏ ਜਾਣ ਲਈ ਹਾਈਕਮਾਨ ਨੂੰ ਚਿੱਠੀ ਲਿਖਣ ਵਾਲੇ 10 ਵਿਧਾਇਕਾਂ ’ਚੋਂ ਵੀ ਕੁੱਝ ਵਿਧਾਇਕ ਸਿੱਧੂ ਦੇ ਘਰ ਪਹੁੰਚੇ ਹੋਏ ਸਨ। ਸਿੱਧੂ ਵਲੋਂ ਟਵੀਟ ਦੇ ਨਾਲ ਸਾਂਝੀ ਕੀਤੀ ਗਈ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ ਦੇ ਸਾਰੇ ਲੀਡਰਾਂ ਵਲੋਂ ਸਿੱਧੂ ਨੂੰ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਐਕਸ਼ਨ ਮੂਡ ’ਚ ਕੈਪਟਨ, ਲਿਆ ਅਹਿਮ ਫ਼ੈਸਲਾ

PunjabKesari

ਕੈਪਟਨ ਦੀ ਮੁਆਫ਼ੀ ਵਾਲੀ ਸ਼ਰਤ ’ਤੇ ਕਈ ਵਿਧਾਇਕਾਂ ਦਾ ਇਤਰਾਜ਼
ਉਧਰ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਲਾਕਾਤ ਲਈ ਨਵਜੋਤ ਸਿੱਧੂ ਵਲੋਂ ਮੁਆਫ਼ੀ ਮੰਗਣ ਦੀ ਰੱਖੀ ਗਈ ਸ਼ਰਤ ’ਤੇ ਕਈ ਵਿਧਾਇਕਾਂ ਨੇ ਇਤਰਾਜ਼ ਜਤਾਇਆ ਹੈ। ਕੈਬਨਿਟ ਮੰਤਰੀ ਸੁੱਖੀ ਰੰਧਾਵਾ ਨੇ ਆਖਿਆ ਹੈ ਕਿ ਕੈਪਟਨ ਨੂੰ ਅਜਿਹੀਆਂ ਸ਼ਰਤਾਂ ਪਹਿਲਾਂ ਰੱਖਣੀਆਂ ਚਾਹੀਦੀਆਂ ਸਨ। ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਨੁਸ਼ਾਸਨਹੀਣਤਾ ਪਸੰਦ ਨਹੀਂ ਕਰੇਗੀ, ਲਿਹਾਜ਼ਾ ਕੈਪਟਨ ਨੂੰ ਆਪਣੀ ਹਊਮੈ ਛੱਡ ਕੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੀ ਕੈਪਟਨ ਦੀ ਸ਼ਰਤ ’ਤੇ ਇਤਰਾਜ਼ ਜਤਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਵੱਡਾ ਸ਼ਕਤੀ ਪ੍ਰਦਰਸ਼ਨ, ਘਰ ਪਹੁੰਚੇ 60 ਤੋਂ ਵੱਧ ਵਿਧਾਇਕ

ਨੋਟ - ਕੈਪਟਨ ਵਲੋਂ ਨਵਜੋਤ ਸਿੱਧੂ ਅੱਗੇ ਰੱਖੀ ਗਈ ਮੁਆਫ਼ੀ ਵਾਲੀ ਸ਼ਰਤ ਨੂੰ ਤੁਸੀਂ ਕਿਵੇਂ ਦੇਖਦੇ ਹੋ? 


author

Gurminder Singh

Content Editor

Related News