ਲੁਧਿਆਣਾ ਅਦਾਲਤ ’ਚ ਨਹੀਂ ਹੋਈ ਨਵਜੋਤ ਸਿੱਧੂ ਦੀ ਪੇਸ਼ੀ, ਫ਼ੈਸਲੇ ਨੂੰ ਚੈਲੰਜ ਕਰਨਗੇ ਸਾਬਕਾ DSP
Friday, Oct 28, 2022 - 05:48 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਅੱਜ ਵੀ ਲੁਧਿਆਣਾ ਅਦਾਲਤ ਵਿਚ ਨਵਜੋਤ ਸਿੰਘ ਸਿੱਧੂ ਦੀ ਪੇਸ਼ੀ ਨਹੀਂ ਹੋ ਸਕੀ। ਹੁਣ ਅਦਾਲਤ ਵੱਲੋਂ 4 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।
ਸ਼ੁੱਕਰਵਾਰ ਨੂੰ ਸੀ. ਐੱਲ. ਯੂ. ਮਾਮਲੇ ਵਿਚ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੀ ਲੁਧਿਆਣਾ ਅਦਾਲਤ ਵਿਚ ਪੇਸ਼ੀ ਸੀ। ਸਿੱਧੂ ਵੱਲੋਂ ਇਸ ਕੇਸ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਗਵਾਹੀ ਦੇਣ ਲਈ ਹਾਈਕੋਰਟ ਤੋਂ ਇਜਾਜ਼ਤ ਲਈ ਗਈ ਸੀ। ਸ਼ਿਕਾਇਤਕਰਤਾ ਸਾਬਕਾ ਡੀ. ਐੱਸ. ਪੀ. ਸੇਖੋਂ ਨੇ ਅਦਾਲਤ ਵਿਚ ਹਾਈਕੋਰਟ ਦੇ ਵੀਡੀਓ ਕਾਨਫਰੰਸਿੰਗ ਦੇ ਫ਼ੈਸਲੇ ਨੂੰ ਚੈਲੰਜ ਕਰਨ ਦੀ ਗੱਲ ਕਹੀ ਜਿਸ 'ਤੇ ਜੱਜ ਨੇ ਉਨ੍ਹਾਂ ਨੂੰ 4 ਨਵੰਬਰ ਤਕ ਦਾ ਸਮਾਂ ਦੇ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਵੱਡੀ ਕਾਰਵਾਈ ਦੀ ਤਿਆਰੀ ’ਚ ਵਿਜੀਲੈਂਸ
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਸਿੱਧੂ ਦੇ ਵਕੀਲ ਨੇ ਕਿਹਾ ਕਿ ਸਿੱਧੂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਗਵਾਹੀ ਦੇਣ ਦੀ ਪ੍ਰਵਾਨਗੀ ਮਿਲ ਗਈ ਸੀ ਤੇ ਅੱਜ ਉਨ੍ਹਾਂ ਵੱਲੋਂ ਗਵਾਹੀ ਦਿੱਤੀ ਜਾਣੀ ਸੀ। ਪਰ ਸ਼ਿਕਿਆਤਕਰਤਾ ਸਾਬਕਾ ਡੀ. ਐੱਸ. ਪੀ. ਸੇਖੋਂ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ ਹਾਈਕੋਰਟ ਦੇ ਫ਼ੈਸਲੇ ਨੂੰ ਚੈਲੰਜ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਇਸ ਲਈ ਅਦਾਲਤ ਤੋਂ ਕੁੱਝ ਸਮਾਂ ਮੰਗਿਆ ਜਿਸ 'ਤੇ ਅਦਾਲਤ ਵੱਲੋਂ 4 ਨਵੰਬਰ ਦੀ ਤਾਰੀਖ ਪਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਪਟਿਆਲਾ ਜੇਲ੍ਹ 'ਚ ਬੰਦ ਹਨ। ਸੀ. ਜੇ. ਐੱਮ. ਸੁਮਿਤ ਮੱਕੜ ਦੀ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਕੇ ਸਿੱਧੂ ਨੂੰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਾਬਕਾ ਡੀ. ਐੱਸ. ਪੀ. ਸੇਖੋਂ ਦੇ ਕੇਸ 'ਚ ਬਤੌਰ ਗਵਾਹ ਅਦਾਲਤ 'ਚ ਤਲਬ ਕੀਤਾ ਹੈ। ਇਸ ਮਾਮਲੇ ਵਿਚ 21 ਅਕਤੂਬਰ ਨੂੰ ਸਿੱਧੂ ਦੀ ਗਵਾਹੀ ਹੋਣੀ ਸੀ ਪਰ ਸਿੱਧੂ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਅਦਾਲਤ ਨਹੀਂ ਪਹੁੰਚ ਸਕੇ ਸਨ।