ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

Thursday, May 19, 2022 - 12:43 PM (IST)

ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਪਟਿਆਲਾ (ਮਨਦੀਪ ਜੋਸਨ)-ਸ਼ਹਿਰ ਪਟਿਆਲਾ ’ਚ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹਠ ਆਸਮਾਨ ਨੂੰ ਛੂਹ ਰਹੀ ਮਹਿੰਗਾਈ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਜ਼ਾਰਾਂ ’ਚ ਰੋਸ ਮਾਰਚ ਦੌਰਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਹਾਥੀ ਉੱਪਰ ਚੜ੍ਹੇ ਅਤੇ ਉਨ੍ਹਾਂ ਨੇ ਆਖਿਆ ਕਿ ਅੱਜ ਦੀ ਮਹਿੰਗਾਈ ਐਲੀਫੈਂਟ ਰਾਈਜ਼ਿਜ਼ ਇਨ ਪ੍ਰਾਈਜ਼ਿਜ਼ ਵਾਂਗ ਵਧ ਰਹੀ ਹੈ, ਜਿਸ ਕਾਰਨ ਆਮ, ਗਰੀਬ ਤੇ ਇਥੋਂ ਤੱਕ ਮਿਡਲਮੈਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਨਵਜੋਤ ਸਿੱਧੂ ਨੇ ਇਸ ਮੌਕੇ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸੂਬਾ ਸਰਕਾਰ ਨੂੰ ਜੰਮ ਕੇ ਰਗੜੇ ਲਾਏ। ਸਾਰਾ ਸ਼ਹਿਰ ਕੇਂਦਰ ਮੁੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ। ਸੈਂਕੜੇ ਲੋਕਾਂ ਦੀ ਮੌਜੂਦਗੀ ’ਚ ਸਿੱਧੂ ਨੇ ਆਖਿਆ ਕਿ ਅੱਜ ਹਾਲਾਤ ਇਹ ਹਨ ਕਿ ਮੁਰਗੀ ਫੰਗਾਂ ਸਣੇ 120 ਰੁਪਏ ਕਿਲੋ ਹੈ, ਜਦਕਿ ਦਾਲ 130 ਰੁਪਏ ਕਿਲੋ ਹੈ। ਤੇਲ ਦਾ ਭਾਅ 75 ਰੁਪਏ ਤੋਂ 180 ਰੁਪਏ ਕਿਲੋ ਹੋ ਗਿਆ ਹੈ। ਸਿਲੰਡਰ 1000 ਰੁਪਏ ਪਾਰ ਹੋ ਗਿਆ ਹੈ। ਡੀਜ਼ਲ ਤੇ ਪੈਟਰੋਲ 100 ਰੁਪਏ ਪਾਰ ਕਰ ਗਏ ਹਨ। ਮਹਿੰਗਾਈ ਨੇ ਆਮ, ਗਰੀਬ ਤੇ ਮਿਡਲਮੈਨ ਦਾ ਚੁੱਲ੍ਹਾ ਠੰਡਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਨਵਜੋਤ ਸਿੱਧੂ ਨੇ ਆਖਿਆ ਕਿ ਹਾਥੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਦਾ ਮਤਲਬ ਹੀ ਇਹ ਹੈ ਕਿ ਮਹਿੰਗਾਈ ਹਾਥੀ ਜਿੰਨੀ ਵਧ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੈਟਰੋਲ, ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ’ਚ ਲਿਆਉਣਾ ਚਾਹੀਦਾ ਹੈ। ਸਿੱਧੂ ਨੇ ਆਖਿਆ ਕਿ ਅੱਜ ਬਹੁਤ ਆਰਾਮ ਨਾਲ ਪੈਟਰੋਲ ਤੇ ਡੀਜ਼ਲ ਨੂੰ 100 ਰੁਪਏ ਤੋਂ ਘਟਾ ਕੇ 50 ਰੁਪਏ ਦੀ ਰੇਸ਼ੋ ’ਤੇ ਲਿਆਂਦਾ ਜਾ ਸਕਦਾ ਹੈ। ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਫੈਸਲਾ ਲੈਣਾ ਚਾਹੀਦਾ ਹੈ ਪਰ ਇਹ ਮਹਿੰਗਾਈ ਘਟਾਉਣਾ ਨਹੀਂ ਚਾਹੁੰਦੀਆਂ। ਉਨ੍ਹਾਂ ਮੰਗ ਕੀਤੀ ਕਿ ਜੀ. ਐੱਸ. ਟੀ. ਦੇ ਰੇਟਾਂ ਨੂੰ ਤੁਰੰਤ ਘਟਾਇਆ ਜਾਵੇ।

PunjabKesari

ਇਹ ਵੀ ਪੜ੍ਹੋ : ਧੂਰੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਅੱਲ੍ਹੜ ਉਮਰ ਦੇ ਦੋ ਮੁੰਡਿਆਂ ਦੀ ਮੌਤ

ਸਾਬਕਾ ਪ੍ਰਧਾਨ ਸਿੱਧੂ ਨੇ ਜਿਥੇ ਕੇਂਦਰ ਸਰਕਾਰ ਨੂੰ ਬੁਰੀ ਤਰ੍ਹਾਂ ਰਗੜੇ ਲਗਾਏ, ਉੱਥੇ ਆਖਿਆ ਕਿ ਪੰਜਾਬ ਦੀ ‘ਆਪ’ ਸਰਕਾਰ ਵੀ ਬੁਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਅੱਜ ਸੂਬਾ ਸਰਕਾਰ ਦੱਸੇ ਕਿ 1100 ਰੁਪਏ ਹਰ ਮਹਿਲਾ ਨੂੰ ਕਿਉਂ ਨਹੀਂ ਦਿੱਤੇ। 600 ਯੂਨਿਟ ਮੁਆਫ ਕਰਨ ਤੋਂ ਕਿਉਂ ਭੱਜ ਗਈ ਹੈ ਸਰਕਾਰ। ਸੂਬੇ ’ਚ ਲਗਾਤਾਰ ਮਹਿੰਗਾਈ ਵਧ ਰਹੀ ਹੈ ਕਿਉਂ ‘ਆਪ’ ਸਰਕਾਰ ਗਰੀਬਾਂ ਦਾ ਚੁੱਲ੍ਹਾ ਬੰਦ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਇਨ੍ਹਾਂ ਗੱਲਾਂ ਦਾ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਐੱਮ. ਐੱਸ. ਪੀ. 2 ਫ਼ੀਸਦੀ ਵਧਾਈ ਗਈ ਹੈ, ਜਦਕਿ ਖਾਦਾਂ ’ਤੇ 20 ਤੋਂ ਚਾਲੀ ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਅੱਜ ਦਾ ਰੋਸ ਮਾਰਚ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਕੀਤਾ ਜਾ ਰਿਹਾ ਹੈ। ਜੇਕਰ ਮਹਿੰਗਾਈ ’ਤੇ ਲਗਾਮ ਨਾ ਕੱਸੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ, ਸ਼ੈਰੀ ਰਿਆੜ ਸੀਨੀਅਰ ਕਾਂਗਰਸੀ ਨੇਤਾ, ਨਾਜਰ ਸਿੰਘ ਮਾਨਸ਼ਾਹੀਆ, ਅਨੁਜ ਤ੍ਰਿਵੇਦੀ ਜਨਰਲ ਸਕੱਤਰ ਆਦਿ ਸ਼ਾਮਿਲ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ 


author

Meenakshi

News Editor

Related News