ਆਖਿਰ ਨਵਜੋਤ ਸਿੱਧੂ ''ਤੇ ਬੋਲ ਹੀ ਪਏ ਰੰਧਾਵਾ, ਜਾਣੋ ਕੀ ਕਿਹਾ

09/30/2019 6:44:06 PM

ਜਲੰਧਰ (ਵੈੱਬ ਡੈਸਕ) : ਨਿੱਧੜਕ ਲੀਡਰ ਵਜੋਂ ਜਾਣੇ ਜਾਂਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੰਬੇ ਸਮੇਂ ਬਾਅਦ ਨਵਜੋਤ ਸਿੱਧੂ 'ਤੇ ਆਪਣੀ ਚੁੱਪ ਤੋੜ ਦਿੱਤੀ ਹੈ। ਰੰਧਾਵਾ ਮੁਤਾਬਕ ਜਿਹੜਾ ਵੀ ਲੀਡਰ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਉਸ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਬੜਬੋਲੇ ਹਨ ਅਤੇ ਉਹ ਆਪਣੇ ਇਸੇ ਬੜਬੋਲੇਪਣ ਦਾ ਸ਼ਿਕਾਰ ਹੋਏ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਜਦੋਂ ਰੰਧਾਵਾ ਤੋਂ ਨਵਜੋਤ ਸਿੱਧੂ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਨਾਹ-ਨੁਕਰ ਕਰਦੇ ਹੋਏ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਆਪਣੀ ਗੱਲ ਰੱਖਣ ਦਾ ਨਵਜੋਤ ਸਿੱਧੂ ਦਾ ਤਰੀਕਾ ਗਲਤ ਸੀ। 

ਸਿੱਧੂ ਦੇ ਹੱਕ ਵਿਚ ਕਈ ਵਾਰ ਵਿਧਾਨ ਸਭਾ 'ਚ ਆਵਾਜ਼ ਬੁਲੰਦ ਕਰਨ ਦੇ ਸਵਾਲ 'ਤੇ ਰੰਧਾਵਾ ਨੇ ਆਖਿਆ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਹਨ ਅਤੇ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਦੇ ਹਨ ਅਤੇ ਹਮੇਸ਼ਾ ਪਾਰਟੀ ਦੇ ਅਨੁਸ਼ਾਸਨ ਵਿਚ ਰਹਿ ਕੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਸਿੱਧੂ ਹੀ ਨਹੀਂ ਜਦੋਂ ਵੀ ਕਾਂਗਰਸ ਨੂੰ ਮੇਰੀ ਲੋੜ ਹੋਵੇਗੀ ਮੈਂ ਖੜ੍ਹਾ ਹੋਵਾਂਗਾ। 

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਿਆਸਤ ਵਿਚ ਜਿਹੜਾ ਵੀ ਸੱਚਾਈ ਲਈ ਖੜ੍ਹਾ ਹੋਵੇਗਾ, ਉਸ ਨੂੰ ਉਸ ਦਾ ਨੁਕਸਾਨ ਭੁਗਤਣਾ ਪਵੇਗਾ। ਰੰਧਾਵਾ ਨੇ ਸਾਫ ਕੀਤਾ ਕਿ ਸਿਆਸਤ ਵਿਚ ਆ ਕੇ ਕੋਈ ਵੀ ਇਮਾਨਦਾਰੀ ਦੀ ਰਾਹ 'ਤੇ ਨਹੀਂ ਚੱਲ ਸਕਦਾ।


Gurminder Singh

Content Editor

Related News