ਰਾਜਪਾਲ ਦੀ ਰੈਲੀ 'ਚ ਸ਼ਾਮਲ ਹੋਏ ਡੇਰਾ ਬਿਆਸ ਮੁਖੀ, ਸੁਖਬੀਰ ਬਾਦਲ ਵੀ ਰਹੇ ਮੌਜੂਦ
Tuesday, Feb 10, 2026 - 01:50 PM (IST)
ਫਿਰੋਜ਼ਪੁਰ : ਫਿਰੋਜ਼ਪੁਰ ਜ਼ਿਲ੍ਹੇ 'ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੀ ਮੌਜੂਦ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਯਾਤਰਾ ਦੌਰਾਨ ਮੌਜੂਦ ਰਹੇ। ਇਸ ਪੈਦਲ ਯਾਤਰਾ 'ਚ ਅਸ਼ਵਨੀ ਸ਼ਰਮਾ ਸਣੇ ਭਾਜਪਾ ਦੇ ਕਈ ਸੀਨੀਅਰ ਆਗੂ ਪੁੱਜੇ। ਜਿੱਥੇ ਯਾਤਰਾ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹਨ, ਉੱਥੇ ਹੀ ਨੌਜਵਾਨ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ 'ਚ ਇਸ ਯਾਤਰਾ 'ਚ ਹਿੱਸਾ ਲਿਆ। ਇਹ ਯਾਤਰਾ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ। ਰਾਜਪਾਲ ਵਲੋਂ ਇਸ ਯਾਤਰਾ 'ਚ ਪੁੱਜਣ 'ਤੇ ਡੇਰਾ ਬਿਆਸ ਮੁਖੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਆਮ ਜਨਤਾ ਨੂੰ ਇਸ ਯਾਤਰਾ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਜੇਕਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਅਜਿਹੀਆਂ ਯਾਤਰਾਵਾਂ 'ਚ ਜ਼ਿਆਦਾ ਨਹੀਂ ਦੇਖਿਆ ਗਿਆ ਅਤੇ ਇਸ ਯਾਤਰਾ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਆਗੂ ਵੀ ਇਕੱਠੇ ਨਜ਼ਰ ਆ ਰਹੇ ਹਨ। ਹੁਣ ਇਸ ਦੇ ਕੀ ਮਾਇਨੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਪਿਆ ਵੱਡਾ ਪੰਗਾ! ਮੁਫ਼ਤ ਬਿਜਲੀ ਲੈਣ ਵਾਲੇ ਖ਼ਪਤਕਾਰਾਂ ਦੇ ਸੁੱਕੇ ਸਾਹ
ਸੁਖਬੀਰ ਬਾਦਲ ਨੇ 'ਆਪ' ਲੀਡਰਾਂ 'ਤੇ ਲਾਏ ਵੱਡੇ ਦੋਸ਼
ਸੁਖਬੀਰ ਬਾਦਲ ਨੇ ਰਾਜਪਾਲ ਨੂੰ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਦੀ ਵਧਾਈ ਦਿੰਦਿਆਂ ਕਿਹਾ ਕਿ ਰਾਜਪਾਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਤੇ ਜਿਹੜਾ ਕੰਮ ਸਰਕਾਰਾਂ ਦਾ ਸੀ, ਉਹ ਹੁਣ ਰਾਜਪਾਲ ਸਾਹਿਬ ਨੇ ਚੁੱਕ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਜਪਾਲ ਨੇ ਇਸ ਪੈਦਲ ਯਾਤਰਾ ਲਈ ਸਭ ਨੂੰ ਸੱਦਾ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਆਪਣੀ ਜਵਾਨੀ ਹੈ ਅਤੇ ਇੱਥੇ ਨਸ਼ਾ ਖ਼ਤਮ ਕਰਨ ਦੀ ਬਜਾਏ ਵਾਰ-ਵਾਰ ਸਿਆਸਤ ਖੇਡੀ ਜਾਂਦੀ ਹੈ।
ਇਹ ਵੀ ਪੜ੍ਹੋ : ਭਾਬੀ ਕਮਲ ਕੌਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ, ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ ਨੇ...
ਇਸ ਮੌਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਜੰਗ 'ਚ ਸਭ ਨੂੰ ਇਕਜੁੱਟ ਹੋਣਾ ਪਵੇਗਾ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਦੇ ਲੀਡਰ ਨਸ਼ਾ ਵੇਚਣ ਵਾਲਿਆਂ ਤੋਂ ਮਹੀਨਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ, ਜਿਸ ਕਾਰਨ ਨਸ਼ੇ ਪੰਜਾਬ 'ਚ ਬਹੁਤ ਜ਼ਿਆਦਾ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਪੰਜਾਬ 'ਚ ਇਕ ਵੀ ਗੈਂਗਸਟਰ ਨਹੀਂ ਰਹਿਣ ਦਿਆਂਗੇ। ਉਨ੍ਹਾਂ ਕਿਹਾ ਕਿ ਗਰਾਊਂਡ ਪੱਧਰ ਤੋਂ ਉੱਚੇ ਲੈਵਲ ਤੱਕ ਗੈਂਗਸਟਰ ਫੜ੍ਹ ਕੇ ਲਿਆਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
