''ਕੋਟਪਾ'' ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

Tuesday, Feb 06, 2018 - 02:46 PM (IST)

''ਕੋਟਪਾ'' ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਹੁਸ਼ਿਆਰਪੁਰ (ਘੁੰਮਣ)— 'ਕੌਮੀ ਤੰਬਾਕੂ ਨਿਯੰਤਰਣ ਪ੍ਰੋਗਰਾਮ' ਤਹਿਤ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਦੀ ਸਰਪ੍ਰਸਤੀ ਵਿਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਤੰਬਾਕੂ ਛੁਡਾਊ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੇਨੂੰ ਸੂਦ ਨੇ ਦੱਸਿਆ ਕਿ ਇਸ ਕੇਂਦਰ ਵਿਚ ਤੰਬਾਕੂ ਦਾ ਕਿਸੇ ਵੀ ਰੂਪ ਵਿਚ ਸੇਵਨ ਕਰਨ ਵਾਲਾ ਵਿਅਕਤੀ ਤੰਬਾਕੂਨੋਸ਼ੀ ਛੱਡਣ ਸਬੰਧੀ ਕਾਊਂਸਲਿੰਗ ਅਤੇ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। 
ਜ਼ਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਤੰਬਾਕੂ ਵਿਰੋਧੀ ਬਣੇ ਕਾਨੂੰਨ 'ਕੋਟਪਾ' ਤਹਿਤ ਜ਼ਿਲਾ ਤੰਬਾਕੂ ਕੰਟਰੋਲ ਸੈੱਲ ਦੀ ਟੀਮ ਵੱਲੋਂ ਸਮੇਂ-ਸਮੇਂ 'ਤੇ ਚਲਾਨ ਵੀ ਕੱਟੇ ਜਾਂਦੇ ਹਨ। ਇਸੇ ਲੜੀ ਤਹਿਤ ਕੀਤੀ ਗਈ ਛਾਪੇਮਾਰੀ ਅਧੀਨ ਹੁਸ਼ਿਆਰਪੁਰ ਸ਼ਹਿਰੀ ਖੇਤਰ ਦੇ ਸੁਤਹਿਰੀ ਰੋਡ, ਫਗਵਾੜਾ ਰੋਡ, ਨਵੀਂ ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਜ਼ਿਲਾ ਹਸਪਤਾਲ ਦੇ ਨਜ਼ਦੀਕੀ ਖੇਤਰਾਂ ਵਿਚ ਕੁੱਲ 20 ਚਲਾਨ ਕੱਟੇ ਗਏ ਅਤੇ 3600 ਰੁਪਏ ਜੁਰਮਾਨਾ ਵਸੂਲਿਆ ਗਿਆ। ਛਾਪੇਮਾਰੀ ਦੌਰਾਨ ਕੋਟਪਾ ਦੀ ਧਾਰਾ-4 ਹੇਠ 4 ਚਲਾਨ ਉਲੰਘਣਾ ਕਰਨ ਵਾਲੇ ਉਨ੍ਹਾਂ ਮਾਲਕਾਂ ਦੇ ਕੱਟੇ ਗਏ, ਜਿਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਵਿਰੁੱਧ ਸਾਈਨੇਜ ਬੋਰਡ ਨਹੀਂ ਲਾਏੇ ਸਨ। 6 ਚਲਾਨ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਟੇ ਗਏ ਅਤੇ 4 ਚਲਾਨ ਕੋਟਪਾ ਦੀ ਧਾਰਾ 6-ਏ ਤਹਿਤ ਕੱਟੇ ਗਏ, ਜਿਸ ਅਨੁਸਾਰ ਤੰਬਾਕੂ ਵਿਕਰੇਤਾ ਵੱਲੋਂ ਇਹ ਸਾਈਨੇਜ ਲਾਉਣਾ ਜ਼ਰੂਰੀ ਹੈ ਕਿ 18 ਸਾਲ ਦੀ ਉਮਰ ਤੋਂ ਘੱਟ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਅਪਰਾਧ ਹੈ। 
4 ਚਲਾਨ ਧਾਰਾ 6-ਬੀ ਤਹਿਤ ਕੱਟੇ ਗਏ, ਜਿਸ ਤਹਿਤ ਸਿੱਖਿਅਕ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਾਨੂੰਨੀ ਜੁਰਮ ਹੈ। ਇਸ ਤੋਂ ਇਲਾਵਾ 2 ਚਲਾਨ ਕਰਿਆਨੇ ਦੀਆਂ ਉਨ੍ਹਾਂ ਦੁਕਾਨਾਂ ਦੇ ਕੱਟੇ ਗਏ ਜੋ ਕਿਸੇ ਨਾ ਕਿਸੇ ਤਰ੍ਹਾਂ ਦੇ ਤੰਬਾਕੂ ਉਤਪਾਦ ਦੀ ਵਿਕਰੀ ਕਰਦੀਆਂ ਪਾਈਆਂ ਗਈਆਂ। ਇਸ ਟੀਮ ਵਿਚ ਐੱਚ. ਆਈ. ਸੰਜੀਵ ਠਾਕੁਰ, ਵਿਸ਼ਾਲ ਪੁਰੀ ਅਤੇ ਯਸ਼ਪਾਲ ਮੌਜੂਦ ਸਨ।


Related News