ਟਰੇਨ ''ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ADVISORY ਜਾਰੀ, ਮੁਸਾਫ਼ਰ ਧਿਆਨ ਨਾਲ ਪੜ੍ਹਨ ਹੈ ਖ਼ਬਰ
Thursday, Apr 09, 2026 - 11:07 AM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰੇਲ ਸਫ਼ਰ ਨੂੰ ਸੁਖਾਵਾਂ ਬਣਾਉਣ ਦੇ ਮਕਸਦ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਵਿਸ਼ੇਸ਼ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਰੇਲਵੇ ਪ੍ਰਸ਼ਾਸਨ ਨੇ ਮੁਸਾਫ਼ਰਾਂ ਅਤੇ ਆਮ ਨਾਗਰਿਕਾਂ ਲਈ ਇਕ ਸੁਰੱਖਿਆ ਸਲਾਹ ਜਾਰੀ ਕਰਦਿਆਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਚਲਦੀ ਰੇਲਗੱਡੀ 'ਚ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਕਦੇ ਵੀ ਨਾ ਕੀਤੀ ਜਾਵੇ। ਅਜਿਹਾ ਕਰਨਾ ਜਾਨਲੇਵਾ ਹੋ ਸਕਦਾ ਹੈ। ਯਾਤਰੀ ਹਮੇਸ਼ਾ ਰੇਲਗੱਡੀ ਦੇ ਪੂਰੀ ਤਰ੍ਹਾਂ ਰੁਕਣ ਤੋਂ ਬਾਅਦ ਹੀ ਪਲੇਟਫਾਰਮ ਤੋਂ ਸੁਰੱਖਿਅਤ ਤਰੀਕੇ ਨਾਲ ਚੜ੍ਹਨ ਜਾਂ ਉਤਰਨ। ਇਸ ਤੋਂ ਇਲਾਵਾ ਚੱਲਦੀ ਗੱਡੀ ਦੇ ਦਰਵਾਜ਼ੇ ਜਾਂ ਪਾਇਦਾਨ ’ਤੇ ਖੜ੍ਹੇ ਹੋ ਕੇ ਸਫ਼ਰ ਕਰਨਾ ਜਾਂ ਸੈਲਫੀ ਲੈਣਾ ਗੰਭੀਰ ਹਾਦਸਿਆਂ ਨੂੰ ਸੱਦਾ ਦੇਣਾ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ ਰਹਿਣਗੀਆਂ ਬੰਦ! ਪਟਵਾਰੀਆਂ ਨੇ ਦਿੱਤੀ ਵੱਡੀ ਚਿਤਾਵਨੀ
ਰੇਲਵੇ ਐਕਟ ਦੇ ਅਨੁਸਾਰ ਰਾਖਵੇਂ ਕੋਚਾਂ ਤੋਂ ਇਲਾਵਾ ਦਿਵਿਆਂਗ ਕੋਚ, ਮਹਿਲਾ ਕੋਚ, ਗਾਰਡ ਬ੍ਰੇਕ ਜਾਂ ਪਾਰਸਲ ਵੈਨ 'ਚ ਅਣ-ਅਧਿਕਾਰਤ ਤੌਰ ’ਤੇ ਸਫ਼ਰ ਕਰਨਾ ਇਕ ਸਜ਼ਾਯੋਗ ਅਪਰਾਧ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਯਾਤਰੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਸਫ਼ਰ ਦੌਰਾਨ ਆਪਣੇ ਸਮਾਨ ਦੀ ਖ਼ੁਦ ਰੱਖਿਆ ਕਰਨ ਅਤੇ ਕੀਮਤੀ ਵਸਤੂਆਂ ਨੂੰ ਖਿੜਕੀ ਜਾਂ ਦਰਵਾਜ਼ੇ ਦੇ ਨੇੜੇ ਰੱਖਣ ਤੋਂ ਗੁਰੇਜ਼ ਕਰਨ। ਉਨ੍ਹਾਂ ਆਖਿਆ ਕਿ ਸਫ਼ਰ ਦੌਰਾਨ ਕਿਸੇ ਵੀ ਅਣਜਾਣ ਵਿਅਕਤੀ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਲੈਣ ਤੋਂ ਪਰਹੇਜ਼ ਕਰੋ। ਰੇਲਗੱਡੀ 'ਚ ਜਲਣਸ਼ੀਲ ਪਦਾਰਥ ਜਿਵੇਂ ਗੈਸ ਸਿਲੰਡਰ, ਪਟਾਕੇ ਜਾਂ ਪੈਟਰੋਲ ਲੈ ਕੇ ਜਾਣਾ ਸਖ਼ਤ ਮਨ੍ਹਾ ਹੈ।
ਜੇਕਰ ਰੇਲਵੇ ਸਟੇਸ਼ਨ ਜਾਂ ਗੱਡੀ 'ਚ ਕੋਈ ਲਵਾਰਿਸ ਜਾਂ ਸ਼ੱਕੀ ਵਸਤੂ ਦਿਖਾਈ ਦੇਵੇ, ਤਾਂ ਤੁਰੰਤ ਟੀ. ਟੀ. ਈ., ਆਰ. ਪੀ. ਐੱਫ. ਜਾਂ ਜੀ. ਆਰ. ਪੀ. ਨੂੰ ਸੂਚਿਤ ਕਰੋ। ਫਿਰੋਜ਼ਪੁਰ ਦੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਯਾਤਰੀਆਂ ਦੀ ਮਾਮੂਲੀ ਲਾਪਰਵਾਹੀ ਨਾ ਸਿਰਫ ਰੇਲਗੱਡੀਆਂ ਦੇ ਸੰਚਾਲਨ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੀ ਆਪਣੀ ਜਾਨ ਲਈ ਵੀ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਦੇ ਸੁਰੱਖਿਆ ਨਿਯਮਾਂ ਦਾ ਪਾਲਣਾ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਰੇਲਵੇ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਰੇਲਵੇ ਦਾ ਮੁੱਖ ਟੀਚਾ ਹਰ ਯਾਤਰੀ ਨੂੰ ਇਕ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਨੁਭਵ ਪ੍ਰਦਾਨ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
