ਫਿਰੋਜ਼ਪੁਰ ਅਤੇ ਸਬ ਤਹਿਸੀਲਾਂ ਸਣੇ ਗੁਰੂਹਰਸਹਾਏ ''ਚ 9 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ
Tuesday, May 05, 2026 - 10:57 AM (IST)
ਫਿਰੋਜ਼ਪੁਰ (ਖੁੱਲਰ) : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ਦੇ ਨਾਲ-ਨਾਲ ਸਬ-ਤਹਿਸੀਲਾਂ ਜ਼ੀਰਾ ਅਤੇ ਗੁਰੂਹਰਸਹਾਏ 'ਚ 9 ਮਈ 2026 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜੱਜ ਸਾਹਿਬ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫ਼ਲਤਾ ਲਈ ਪ੍ਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ ਤਾਂ ਜੋ ਕੌਮੀ ਲੋਕ ਅਦਾਲਤ 'ਚ ਰੱਖੇ ਗਏ ਕੇਸ ਨੂੰ ਅਲੱਗ-ਅਲੱਗ ਤਾਰੀਖਾਂ 'ਤੇ ਸੁਣ ਕੇ ਨਿਪਟਾਰਾ ਕੀਤਾ ਜਾ ਸਕੇ।
ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਸ ਲੋਕ ਅਦਾਲਤ 'ਚ ਸਿਵਲ ਕੇਸ, ਸਿਵਲ ਐਗੀਕਿਊਸ਼ਨ, ਪਰਿਵਾਰਿਕ ਝਗੜੇ, ਬੈਂਕ ਰਿਕਵਰੀ ਕੇਸ, ਅਰਧ ਸਿਵਲ ਕੇਸ ਅਤੇ ਫੁੱਟਕਲ ਸਿਵਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਸੰਗੀਨ ਫੌਜ਼ਦਾਰੀ ਕੇਸਾਂ ਨੂੰ ਛੱਡ ਕੇ, ਜਿਵੇਂ ਕਿ ਹਰ ਕਿਸਮ ਦੇ ਦੀਵਾਨੀ ਕੇਸ, ਪਰਿਵਾਰਿਕ ਝਗੜੇ, ਰੈਵਿਨਿਊ ਕੇਸ, ਚੈੱਕ ਬਾਊਂਸ, ਕਰਿਮਨਲ ਐਗਜਕਿਊਸ਼ਨ ਅਤੇ ਟ੍ਰੈਫਿਕ ਚਲਾਨ ਆਦਿ ਕੇਸਾਂ ਦੀ ਇਸ ਲੋਕ ਅਦਾਲਤ 'ਚ ਸੁਣਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਲੋਨ ਕੇਸ, ਇਨਸ਼ੋਰੈਂਸ ਰਿਕਵਰੀ ਕੇਸਾਂ ਦੀ ਵੀ ਸੁਣਵਾਈ ਹੋਵੇਗੀ।
ਲੋਕ ਅਦਾਲਤਾਂ 'ਚ ਫ਼ੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਹੈ ਲੋਕ ਅਦਾਲਤ 'ਚ ਹੋਏ ਫ਼ੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ, ਇਸ ਦੇ ਫ਼ੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁੱਕਦਮੇਬਾਜ਼ੀ ਤੋਂ ਮੁਕਤੀ ਮਿਲਦੀ ਹੈ। ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਕੇਸ ਇਸ ਕੌਮੀ ਲੋਕ ਅਦਾਲਤ 'ਚ ਲਗਵਾਓ ਅਤੇ ਆਪਣਾ ਸਮਾਂ ਅਤੇ ਧਨ ਬਚਾਓ। ਇਸ ਦੇ ਨਾਲ ਹੀ ਜੱਜ ਸਾਹਿਬ ਨੇ ਕਿਹਾ ਕਿ ਝਗੜੇ ਮੁਕਾਓ, ਪਿਆਰ ਵਧਾਓ ਲੋਕ ਅਦਾਲਤਾਂ ਰਾਹੀਂ ਛੇਤੀ ਅਤੇ ਸਸਤਾ ਨਿਆਂ ਪਾਓ।
