ਸੂਬਾਈ ਪੱਧਰ 'ਤੇ ਸੀਲ ਕੀਤੀਆਂ ਹੱਦਾਂ ਸ਼ਹਿਦ ਦੀਆਂ ਮੱਖੀਆਂ ਦੇ ਪਾਲਕਾਂ ਲਈ ਬਣੀ ਮੁਸੀਬਤ
Friday, Apr 10, 2020 - 09:04 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) – ਕੋਰੋਨਾ ਕਰ ਕੇ ਲੱਗੇ ਕਰਫਿਊ ਦੌਰਾਨ ਜਿੱਥੇ ਹਰ ਤਰ੍ਹਾਂ ਦੇ ਖੇਤੀਬਾੜੀ ਕਿੱਤੇ ਪ੍ਰਭਾਵਿਤ ਹਨ ਉੱਥੇ ਹੀ ਮੱਖੀ ਪਾਲਣ ਵਾਲੇ ਕਾਸ਼ਤਕਾਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੇ ਖੇਤੀਬਾੜੀ ਉਤਪਾਦਨ ਵਿਚੋਂ ਸ਼ਹਿਦ ਬਾਕੀ ਉਤਪਾਦਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਮੁੱਖ ਨਿਰਯਾਤ ਉਤਪਾਦਨਾਂ ਵਿਚੋਂ ਹੈ। ਇਸ ਦਾ ਮੁੱਲ ਵੀ ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕਾ ਵਰਗੇ ਦੇਸ਼ ਤੈਅ ਕਰਦੇ ਹਨ ਪਰ ਕੋਰੋਨਾ ਕਰ ਕੇ ਲੱਗੇ ਕਰਫਿਊ ਨੇ ਮੱਖੀ ਪਾਲਕ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪੰਜਾਬ ਦੇ ਮੱਖੀ ਕਾਸ਼ਤਕਾਰ ਮੱਖੀਆਂ ਦੇ ਡੱਬੇ ਪੰਜਾਬ ਰਾਜ ਤੋਂ ਬਾਹਰ ਰਾਜਸਥਾਨ, ਹਰਿਆਣਾ ਜਾਂ ਹਿਮਾਚਲ ਪ੍ਰਦੇਸ਼ ਦੇ ਕੁਝ ਜ਼ਿਲਿਆਂ ਵਿਚ ਰੱਖਦੇ ਹਨ। ਆਮ ਤੌਰ ’ਤੇ ਮੱਖੀ ਕਾਸ਼ਤਕਾਰ ਕਿਸਾਨ ਬਸੰਤ ਰੁੱਤ ਤੋਂ ਬਾਅਦ ਲਗਭਗ ਅਪ੍ਰੈਲ ਮਹੀਨੇ ਵਿਚ ਸ਼ਹਿਦ ਕੱਢਦੇ ਹਨ ਇਸ ਤੋਂ ਬਾਅਦ ਅਕਤੂਬਰ ਮਹੀਨੇ ਤੱਕ ਮੱਖੀਆਂ ਨੂੰ ਖੰਡ ਦੇ ਰੂਪ ਵਿਚ ਖੁਰਾਕ ਦੇਣੀ ਪੈਂਦੀ ਹੈ।
ਪੰਜਾਬ ਦੇ ਮਧੂ ਮੱਖੀ ਪਾਲਕ ਕਿਸਾਨ ਕਰਫ਼ਿਊ ਕਾਰਣ ਇਸ ਗੱਲ ਤੋਂ ਦੁਖੀ ਹਨ ਕਿ ਬਹੁਤੇ ਕਿਸਾਨਾਂ ਦਾ ਮੁੱਖ ਧੰਦਾ ਹੀ ਮੱਖੀ ਪਾਲਣ ਹੈ ਅਤੇ ਇਸ ਲਈ ਉਹ ਦੂਸਰੇ ਰਾਜਾਂ ਵਿਚ ਸ਼ਹਿਦ ਦੀ ਕਾਸ਼ਤ ਲਈ ਨਹੀਂ ਜਾ ਸਕਦੇ। ਕਰਫਿਊ ਕਾਰਨ ਮੱਖੀਆਂ ਦੀ ਦੇਖ ਭਾਲ ਨਾ ਕਰ ਸਕਣ ਕਰ ਕੇ ਬਹੁਤ ਸਾਰੀਆਂ ਮੱਖੀਆਂ ਮਰ ਰਹੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਕੀਟ ਵਿਭਾਗ ਦੇ ਮੁਖੀ ਡਾਕਟਰ ਪ੍ਰਦੀਪ ਕੁਮਾਰ ਛੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਸ਼ਹਿਦ ਨਿਕਲਦਾ ਹੈ ਅਤੇ ਮੱਖੀਆਂ ਦੇ ਡੱਬਿਆਂ ਦੀ ਮਾਈਗ੍ਰੇਸ਼ਨ ਵੀ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮਧੂ ਮੱਖੀਆਂ ਫੁੱਲਾਂ ਤੋਂ ਆਪਣਾ ਭੋਜਨ ਲੈਂਦੀਆਂ ਹਨ ਜਦੋਂ ਫੁੱਲ ਖਤਮ ਹੋ ਜਾਣ ਜਾਂ ਤਾਂ ਮੱਖੀਆਂ ਨੂੰ ਖੁਰਾਕ ਦੇਣੀ ਪੈਂਦੀ ਹੈ ਜਾਂ ਫਿਰ ਦੂਸਰੀ ਜਗ੍ਹਾ ਮਾਈਗ੍ਰੇਟ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)
ਪੜ੍ਹੋ ਇਹ ਵੀ ਖਬਰ - ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਕਾਰਣ ਕਰਫਿਊ ਦੇ ਮੱਦੇਨਜ਼ਰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਸ਼ਹਿਦ ਅਤੇ ਹੋਰ ਸਬੰਧਿਤ ਉਤਪਾਦ ਇੱਕ ਜ਼ਿਲੇ ਤੋਂ ਦੂਜੇ ਜ਼ਿਲੇ ਜਾਂ ਦੂਜੇ ਸੂਬਿਆਂ ਵਿਚ ਲਿਜਾਣ ਦੀ ਆਗਿਆ ਦੇਣ ਦੇ ਹੁਕਮ ਦਿੱਤੇ ਸਨ। ਇਹ ਹੁਕਮ ਕੌਮੀ ਮਧੂ ਮੱਖੀ ਬੋਰਡ ਵੱਲੋਂ 28 ਮਾਰਚ ਨੂੰ ਸੂਬੇ ਨੂੰ ਜਾਰੀ ਕੀਤੀ ਐਡਵਾਈਜ਼ਰੀ ਦੀ ਲੀਹ ’ਤੇ ਕੀਤੇ ਗਏ। ਜ਼ਿਕਰਯੋਗ ਹੈ ਕਿ ਮੁਲਕ ਵਿਚੋਂ ਬਰਾਮਦ ਕੀਤੇ ਜਾਂਦੇ ਸ਼ਹਿਦ ਵਿਚ ਪੰਜਾਬ 50 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਦ ਦੀਆਂ ਮੱਖੀਆਂ ਅਤੇ ਰੇਸ਼ਮੀ ਕੀੜਿਆਂ ਦੀ ਦੁਰਦਸ਼ਾ ’ਤੇ ਚਿੰਤਾ ਜ਼ਾਹਰ ਕੀਤੀ ਜੋ ਜੀਵਿਤ ਜੀਵ ਹਨ ਅਤੇ ਉਨ੍ਹਾਂ ਨੂੰ ਨਿਰੰਤਰ ਦੇਖਭਾਲ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸੁਰੱਖਿਆ ਅਤੇ ਸ਼ਹਿਦ ਮੱਖੀ ਪਾਲਣ ਦੇ ਕਾਰੋਬਾਰ ਨੂੰ ਬਚਾਉਣ ਲਈ ਫੌਰੀ ਕਦਮ ਚੁੱਕਣ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ ਨੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੂੰ ਇਸ ਸਬੰਧ ਵਿਚ ਐਡਵਾਈਜ਼ਰੀ ਜਾਰੀ ਕਰਨ ਦੀ ਹਦਾਇਤ ਕੀਤੀ ਤਾਂ ਕਿ ਇਨ੍ਹਾਂ ਔਖੇ ਸਮਿਆਂ ਵਿਚ ਸੂਬਾ ਭਰ ਵਿਚ ਮਧੂ ਮੱਖੀ ਪਾਲਣ ਨੂੰ ਦਰਪੇਸ਼ ਦਿੱਕਤਾਂ ਦੂਰ ਕੀਤੀਆਂ ਜਾ ਸਕਣ। ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਸਲਾਹ ਮੁਤਾਬਕ ਸਮੂਹ ਡਿਪਟੀ ਕਮਿਸ਼ਨਰ ਕੋਰੋਨਾ ਕਾਰਣ ਲੱਗੀਆਂ ਬੰਦਿਸ਼ਾਂ ਕਰ ਕੇ ਸ਼ਹਿਦ ਦੀਆਂ ਮੱਖੀਆਂ ਦੇ ਡੱਬਿਆਂ, ਸ਼ਹਿਦ ਅਤੇ ਹੋਰ ਸਬੰਧਿਤ ਉਤਪਾਦਾਂ ਨੂੰ ਇਕ ਜ਼ਿਲੇ ਤੋਂ ਦੂਜੇ ਜ਼ਿਲਿਆਂ ਜਾਂ ਸੂਬਿਆਂ ਵਿਚ ਲਿਜਾਣ ਲਈ ਆਗਿਆ ਦੇਣ ਲਈ ਲੋੜੀਂਦੇ ਕਦਮਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਮਧੂ ਮੱਖੀ ਪਾਲਕਾਂ ਦੀ ਮਦਦ ਹੋ ਸਕੇ।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੌਰਾਨ ਮੱਖੂ ਦੇ ਪਿੰਡ ਖਡੂਰ ਦੀ ਗਲੀ ’ਚ ਮਿਲੇ ਪਾਕਿਸਤਾਨੀ ਦਸਤਾਨੇ
ਪੜ੍ਹੋ ਇਹ ਵੀ ਖਬਰ - ‘ਕੁਆਰਿੰਟਾਈਨ ਹੋਣ ਦੇ ਬਾਵਜੂਦ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਗਏ ਕੁਲਤਾਰ ਸੰਧਵਾਂ’
ਐਡਵਾਈਜ਼ਰੀ ਮੁਤਾਬਕ ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ, ਮਾਸਕ ਦੀ ਵਰਤੋਂ, ਹੱਥ ਧੋਣ ਆਦਿ ਸਮੇਤ ਤੈਅ ਕੀਤੇ ਪ੍ਰੋਟੋਕੋਲ ਦੀ ਨਿਰੰਤਰ ਅਤੇ ਬਰੀਕੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਵਧੀਕ ਮੁੱਖ ਸਕੱਤਰ ਨੇ ਬਾਗਬਾਨੀ ਵਿਭਾਗ ਦੇ ਡਿਪਟੀ/ਅਸਿਸਟੈਂਟ ਡਾਇਰੈਕਟਰ ਨੂੰ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਅਤੇ ਉਤਪਾਦਾਂ ਆਦਿ ਨੂੰ ਬਿਨਾਂ ਕਿਸੇ ਦਿੱਕਤ ਦੇ ਲਿਜਾਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਦੀ ਸਹਾਇਤਾ ਕਰਨ ਵਾਸਤੇ ਆਖਿਆ।
ਇਸ ਸਬੰਧ ਵਿਚ ਰਾਜਸਥਾਨ ਸਰਕਾਰ ਨੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਅਨੁਸਾਰ ਰਾਜਸਥਾਨ ਦੇ ਕਈ ਜ਼ਿਲਿਆਂ ਵਿਚ ਗੁਆਂਢੀ ਰਾਜਾਂ ਦੇ ਮੱਖੀ ਪਾਲਕਾਂ ਦੁਆਰਾ ਮੱਖੀ ਪਾਲਣ ਕੀਤਾ ਜਾਂਦਾ ਹੈ। ਮੱਖੀ ਪਾਲਕ ਨੂੰ ਕੋਈ ਵੀ ਦਿੱਕਤ ਨਾ ਆਵੇ ਇਸ ਲਈ ਉਹ ਮੱਖੀਆਂ ਦੇ ਡੱਬੇ, ਸ਼ਹਿਦ ਅਤੇ ਇਸ ਸਬੰਧਿਤ ਕਾਰਜਾਂ ਲਈ ਇੱਕ ਤੋਂ ਦੂਜੇ ਜ਼ਿਲੇ ਜਾਂ ਅੰਤਰਰਾਜੀ ਆਉਣ ਜਾਣ ਦੀ ਛੋਟ ਹੈ।
ਮਧੂ ਮੱਖੀ ਪਾਲਕ ਕਿਸਾਨਾਂ ਨੂੰ ਸਰਕਾਰਾਂ ਦੁਆਰਾ ਅੰਤਰਰਾਜੀ ਛੋਟ ਦੇਣ ਦੇ ਬਾਵਜੂਦ ਵੀ ਬਾਰਡਰਾਂ ਤੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਮਲੋਟ ਦੇ ਕਿਸਾਨ ਨਿਰਮਲ ਸਿੰਘ ਜਿਨ੍ਹਾਂ ਦੀਆਂ ਮੱਖੀਆਂ ਦੇ ਡੱਬੇ ਰਾਜਸਥਾਨ ਗੰਗਾਨਗਰ ਜ਼ਿਲੇ ਵਿਚ ਪੈਂਦੇ ਘਰਸਾਣਾ ਵਿਚ ਪਏ ਹਨ। ਉਨ੍ਹਾਂ ਨੇ ਦੱਸਿਆ ਕਿ ਈ-ਪਾਸ ਬਣਾਉਣ ਤੋਂ ਬਾਅਦ ਜਦੋਂ ਉਹ ਮੱਖੀਆਂ ਦੀ ਦੇਖ-ਭਾਲ ਅਤੇ ਸ਼ਹਿਦ ਕੱਢਣ ਲਈ ਸਵੇਰੇ ਘਰਸਾਣਾ ਵੱਲ ਨੂੰ ਨਿਕਲੇ ਤਾਂ ਸਾਧੂ ਵਾਲਾ ਬਾਰਡਰ ’ਤੇ ਰਾਜਸਥਾਨ ਪੁਲਸ ਨੇ ਬਾਰਡਰ ਪਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਜਿਸ ਕਾਰਨ ਨਿਰਮਲ ਸਿੰਘ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ।
ਪੜ੍ਹੋ ਇਹ ਵੀ ਖਬਰ - ਸੂਬਾਈ ਪੱਧਰ 'ਤੇ ਸੀਲ ਕੀਤੀਆਂ ਹੱਦਾਂ ਸ਼ਹਿਦ ਦੀਆਂ ਮੱਖੀਆਂ ਦੇ ਪਾਲਕਾਂ ਲਈ ਬਣੀ ਮੁਸੀਬਤ
ਨਿਰਮਲ ਸਿੰਘ ਦਾ ਕਹਿਣਾ ਹੈ ਕਿ ਘਰਸਾਣਾ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਲੱਗਭੱਗ 150 ਡੱਬਿਆਂ ਦੀਆਂ ਮੱਖੀਆਂ ਮਰ ਗਈਆਂ ਹਨ। ਇਸ ਬਾਰੇ ਬਾਦਲ ਪਿੰਡ ਦੇ ਕਿਸਾਨ ਜਸਵੰਤ ਸਿੰਘ ਜਿਨ੍ਹਾਂ ਦੀਆਂ ਮੱਖੀਆਂ ਦੇ ਡੱਬੇ ਰਾਜਸਥਾਨ ਦੇ ਗੰਗਾਨਗਰ ਜ਼ਿਲੇ ਦੇ ਕਈ ਪਿੰਡਾਂ ਵਿਚ ਪਏ ਹਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਅੰਦਰ ਵੀ ਇੱਕ ਫਾਰਮ ਤੋਂ ਦੂਜੇ ਤੱਕ ਜਾਣ ਦੀ ਆਗਿਆ ਨਹੀਂ ਹੈ। ਇਸ ਬਾਰੇ ਪ੍ਰੋਗ੍ਰੈਸਿਵ ਬੀ ਕੀਪਿੰਗ ਫਾਰਮਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਮੱਖੀ ਪਾਲਕ ਕਿਸਾਨ ਅੰਤਰਰਾਜੀ ਆ ਜਾ ਸਕਦੇ ਹਨ ਤਾਂ ਬਾਰਡਰਾਂ ’ਤੇ ਨਹੀਂ ਰੋਕਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸ਼ਹਿਦ ਦਾ ਉਤਪਾਦਨ ਲਗਭਗ 40 ਪ੍ਰਤੀਸ਼ਤ ਰਹਿ ਗਿਆ ਸੀ। ਇਸ ਵਾਰ ਉਹ ਦਸ ਜਾਂ ਪੰਦਰਾਂ ਪ੍ਰਤੀਸ਼ਤ ਤੋਂ ਵੀ ਘੱਟ ਜਾਵੇਗਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਸਰਕਾਰ ਹੋਰ ਕਿੱਤਿਆਂ ਲਈ ਰਾਹਤ ਪੈਕੇਜ ਮੁਹੱਈਆ ਕਰਵਾ ਰਹੀ ਹੈ ਉਸੇ ਤਰ੍ਹਾਂ ਮੱਖੀ ਪਾਲਣ ਧੰਦੇ ਨੂੰ ਵੀ ਰਾਹਤ ਪੈਕੇਜ ਦੀ ਸਖ਼ਤ ਜ਼ਰੂਰਤ ਹੈ।
ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਬਾਗਬਾਨੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਕ ਡਾਇਰੈਕਟਰ ਡਾ. ਨਰਿੰਦਰ ਕਲਸੀ ਦਾ ਕਹਿਣਾ ਹੈ ਕਿ ਭਾਵੇਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਮਧੂ ਮੱਖੀ ਪਾਲਕ ਕਿਸਾਨਾਂ ਨੂੰ ਅੰਤਰਰਾਜੀ ਆਉਣ ਜਾਣ ਦੀ ਛੋਟ ਦਿੱਤੀ ਹੈ ਫੇਰ ਵੀ ਬਾਰਡਰਾਂ ’ਤੇ ਪੁਲਸ ਕਿਸਾਨਾਂ ਨੂੰ ਲੰਘਣ ਨਹੀਂ ਦੇ ਰਹੀ। ਇਸ ਮਾਮਲੇ ਬਾਰੇ ਉਹ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨਗੇ ਅਤੇ ਮਧੂ ਮੱਖੀ ਪਾਲਕ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਣਗੇ।