ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਗਏ ਸੀਲ
Sunday, Aug 10, 2025 - 06:35 PM (IST)
            
            ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਸੁਤੰਤਰਤਾ ਦਿਵਸ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਆਪ੍ਰੇਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਵਿਸ਼ੇਸ਼ ਆਪ੍ਰੇਸ਼ਨ ‘ਓ. ਪੀ. ਐੱਸ. ਸੀਲ-18’ ਚਲਾਇਆ, ਜਿਸ ਦਾ ਮਕਸਦ ਸਰਹੱਦੀ ਪੰਜਾਬ ’ਚ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਨਾ ਸੀ ਤਾਂ ਜੋ ਸਮਾਜ ਵਿਰੋਧੀ ਅਨਸਰਾਂ, ਨਸ਼ਾ ਸਮੱਗਲਰਾਂ ’ਤੇ ਤੇਜ਼ ਨਜ਼ਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ, ਕੇਜਰੀਵਾਲ ਨੇ ਕਿਹਾ ਹੁਣ ਨਸ਼ਾ ਮੁਕਤ ਹੋਵੇਗਾ ਸੂਬਾ

ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਾਰੇ ਜ਼ਿਲ੍ਹਿਆਂ ’ਚ ਇਕੋ ਸਮੇਂ ਚਲਾਏ ਗਏ ਆਪ੍ਰੇਸ਼ਨ ਦੌਰਾਨ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐੱਸ.ਐੱਸ.ਪੀਜ਼ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ’ਚ ਰਣਨੀਤਕ ਥਾਵਾਂ ’ਤੇ ਸਾਂਝੇ ਨਾਕੇ ਲਾਉਣ ਅਤੇ ਗਜ਼ਟਿਡ ਅਧਿਕਾਰੀਆਂ/ਐੱਸ. ਐੱਚ. ਓਜ਼ ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ’ਤੇ ਮਜ਼ਬੂਤ 'ਨਾਕੇ' ਲਗਾਉਣ ਲਈ ਵੱਧ ਤੋਂ ਵੱਧ ਪੁਲਸ ਬਲ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡੀ. ਜੀ. ਪੀ. ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇੰਸਪੈਕਟਰਾਂ/ਡੀ. ਐੱਸ. ਪੀਜ਼ ਦੀ ਨਿਗਰਾਨੀ ਹੇਠ 600 ਤੋਂ ਵੱਧ ਪੁਲਸ ਕਰਮਚਾਰੀਆਂ ਦੇ ਆਪਸੀ ਤਾਲਮੇਲ ਨਾਲ 10 ਜ਼ਿਲ੍ਹਿਆਂ, ਜਿਨ੍ਹਾਂ ਦੀ ਹੱਦ ਚਾਰ ਸਰਹੱਦੀ ਸੂਬਿਆਂ ਅਤੇ ਯੂ. ਟੀ. ਚੰਡੀਗੜ੍ਹ ਨਾਲ ਲੱਗਦੀ ਹੈ, ਦੇ ਘੱਟੋ-ਘੱਟ 71 ਐਂਟਰੀ/ਐਗਜ਼ਿਟ ਪੁਆਇੰਟਾਂ ’ਤੇ ਮਜ਼ਬੂਤ ਨਾਕੇ ਲਗਾਏ ਗਏ। ਇਨ੍ਹਾਂ 10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ’ਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੂਪਨਗਰ, ਐੱਸ. ਏ. ਐੱਸ. ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਸਖ਼ਤੀ! ਪੰਜਾਬ 'ਚ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ’ਤੇ ਲੱਗੇ ਵਿਸ਼ੇਸ਼ ਨਾਕੇ
ਇਸ ਦੌਰਾਨ ਸੂਬੇ ’ਚ ਆਉਣ-ਜਾਣ ਵਾਲੇ 2464 ਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 286 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 9 ਨੂੰ ਜ਼ਬਤ ਕੀਤਾ ਗਿਆ। ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਚਾਰ ਐੱਫ਼. ਆਈ. ਆਰਜ਼ ਵੀ ਦਰਜ ਕੀਤੀਆਂ ਅਤੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ 161ਵੇਂ ਦਿਨ ਵੀ ਜਾਰੀ ਰੱਖਦਿਆਂ ਸ਼ਨੀਵਾਰ ਨੂੰ 403 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ ਅਤੇ ਸੂਬੇ ਭਰ ’ਚ 57 ਐੱਫ਼. ਆਈ. ਆਰਜ਼ ਦਰਜ ਕਰ ਕੇ 87 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਦੇ ਕਬਜ਼ੇ ’ਚੋਂ 2.2 ਕਿੱਲੋਗ੍ਰਾਮ ਹੈਰੋਇਨ ਅਤੇ 2.1 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਬਦਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
