ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੇ ਅਗਵਾਈ ''ਚ ਲੋਕਾਂ ਦੀਆਂ ਆਸਾਂ ਤੇ ਉਮੀਦਾਂ ''ਤੇ ਖਰਾ ਉਤਰੇਗੀ : ਔਲਖ
Sunday, Aug 17, 2025 - 06:36 PM (IST)

ਬੁਢਲਾਡਾ (ਬਾਂਸਲ) : ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਗਠਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਅੰਦਰ ਪਹਿਲੀ ਵਾਰ ਪਹੁੰਚਣ 'ਤੇ ਅੱਜ ਬੁਢਲਾਡਾ ਵਿੱਖੇ ਸੀਨੀਅਰ ਨੇਤਾ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਸੂਬੇ ਦੀ ਸਿਆਸਤ ਅੰਦਰ ਨਵੀਂ ਸਵੇਰ ਦਾ ਆਗਾਜ਼ ਹੈ ਤੇ ਇਹ ਨਵੀਂ ਪਾਰਟੀ ਨਾ ਕੇਵਲ ਸੂਬੇ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ, ਬਲਕਿ ਰਾਜ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਵੀ ਨਵੇਂ ਖੰਭ ਲਾਵੇਗੀ। ਉਨ੍ਹਾਂ ਕਿਹਾ ਕਿ ਇਹ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੋਏ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਕੰਮ ਕਰੇਗੀ।
ਜਗਬਾਣੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਸ੍ਰ. ਔਲਖ ਨੇ ਕਿਹਾ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਲਈ ਪੰਥ ਤੇ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹੋਣਗੇ । ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਨਵੀਂ ਪਾਰਟੀ ਸੂਬੇ ਅੰਦਰ ਸਾਫ ਸੁਥਰੀ, ਇਮਾਨਦਾਰ ਤੇ ਪਰਿਵਾਰਵਾਦ ਮੁਕਤ ਸਿਆਸਤ ਦਾ ਮੁੱਢ ਬੰਨ੍ਹੇਗੀ ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਿਆਂ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਕਰਾਏਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਥ ਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਨੂੰ ਵੱਖਰੇ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਦੋਵੇਂ ਮਿਲ ਕੇ ਚੱਲਦੇ ਹਨ। ਉਨ੍ਹਾਂ ਪੰਜਾਬ ਦੇ ਪਾਣੀਆਂ, ਭਾਸ਼ਾ ਤੇ ਰਾਜਧਾਨੀ ਸਮੇਤ ਹੋਰਨਾਂ ਮੁੱਦਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਮਸਲੇ ਸਿਰਫ਼ ਪੰਥ ਦੇ ਨਹੀਂ ਹਨ, ਸਗੋਂ ਪੰਜਾਬੀਆਂ ਦੇ ਹਨ ਪਰ ਇਨ੍ਹਾਂ ਦੀ ਲੜਾਈ ਸਾਫ ਸੁਥਰੀ, ਇਮਾਨਦਾਰ ਪਰਿਵਾਰਵਾਦ ਮੁਕਤ ਮੁੱਢ ਬੰਨ੍ਹੇਗੀ, ਨਵੀਂ ਪਾਰ ਪੰਥ ਨੇ ਮੂਹਰੇ ਹੋ ਕੇ ਲੜੀ ਹੈ ਤੇ ਅੱਗੇ ਤੋਂ ਵੀ ਲੜਦਾ ਰਹੇਗਾ।
ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਰੂਪ-ਰੇਖਾ ਅਤੇ ਬਣਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਸੰਬੰਧੀ ਮੀਟਿੰਗ ਕੀਤੀ ਜਾ ਚੁੱਕੀ ਹੈ ਜਿਸ ਦੀ ਬਣਤਰ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ। ਜਿਸ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਪੰਜਾਬ ਦੇ ਮੁੱਦਿਆਂ 'ਤੇ ਰਾਜਨੀਤੀ ਕਰੇਗੀ ਨਾ ਕਿ ਕਿਸੇ ਵਿਅਕਤੀਗਤ ਮਸਲਿਆਂ 'ਚ ਉਲਝੇਗੀ। ਇਸ ਮੌਕੇ ਸਮੇਂ ਦੀਆਂ ਹਕੂਮਤਾਂ ਵਲੋਂ ਪੰਜਾਬ ਨਾਲ' ਕੀਤੇ ਜਾਂਦੇ ਵਿਤਕਰੇ ਦੀ ਗੱਲ ਕਰਦਿਆਂ ਸ੍ਰ. ਔਲਖ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਧੱਕਾ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ 'ਤੇ ਪੂਰਾ ਉਤਰਨ ਦਾ ਹਰ ਪੱਧਰ 'ਤੇ ਯਤਨ ਕਰੇਗੀ ਤੇ ਆਉਂਦੀਆਂ ਰਾਜ ਵਿਧਾਨ ਸਭਾ ਚੋਣਾਂ 'ਚ ਇਕ ਨਵਾਂ ਸਿਆਸੀ ਬਦਲ ਬਣ ਕੇ ਉੱਭਰੇਗੀ।
ਇਸ ਮੌਕੇ ਮਨਜੀਤ ਸਿੰਘ ਬੱਪੀਆਣਾ, ਗੁਰਵਿੰਦਰ ਸਿੰਘ ਪਟਵਾਰੀ (ਗੋਬਿੰਦਪੁਰਾ), ਸੁਖਬੀਰ ਸਿੰਘ ਔਲਖ, ਦਰਸਨ ਸਿੰਘ ਬਖਸ਼ੀਵਾਲਾ, ਹਰਬੰਸ ਸਿੰਘ ਬਰੇਟਾ, ਗੁਰਚਰਨ ਸਿੰਘ ਬੀਰੋਕੇ, ਰਾਜਦੀਪ ਸਿੰਘ ਬਰੇਟਾ, ਜੱਥੇਦਾਰ ਪਾਲਾ ਸਿੰਘ ਬੁਢਲਾਡਾ, ਸੱਤਪਾਲ ਸਿੰਘ ਕਟੌਦੀਆ, ਗੁਰਜੰਟ ਸਿੰਘ ਬੀਰੋਕੇ, ਰਜਿੰਦਰ ਸਿੰਘ ਰਿਉਦ, ਬਲਵਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਬਰੇ, ਜੱਸੀ ਚੋਟਾਲਾ ਬੋਹਾ, ਹਰਜੀਤ ਸਿੰਘ ਬੋਹਾ, ਰਾਜੂ ਰਿਉਦ, ਨਿਸ਼ਾਨ ਸਿੰਘ ਸਿਰੀਵਾਲਾ, ਗੁਰਜੰਟ ਸਿੰਘ ਬੀਰੋਕੇ, ਰਘਵੀਰ ਸਿੰਘ ਕੁਲਾਣਾ, ਗੁਰਤੇਜ ਸਿੰਘ ਬੋਹਾ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e