ਮਹੀਨੇ ''ਚ ਚੌਥੀ ਵਾਰ ਖੁੱਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ, ਭਾਰੀ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ

Monday, Aug 18, 2025 - 11:05 AM (IST)

ਮਹੀਨੇ ''ਚ ਚੌਥੀ ਵਾਰ ਖੁੱਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ, ਭਾਰੀ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ

ਚੰਡੀਗੜ੍ਹ (ਰੋਹਾਲ) : ਚੰਡੀਗੜ੍ਹ 'ਚ ਪਏ ਭਾਰੀ ਮੀਂਹ ਤੋਂ ਬਾਅਦ ਸੁਖਨਾ ਝੀਲ ਦਾ ਪਾਣੀ ਦਾ ਪੱਧਰ 1162.50 ਤੱਕ ਪਹੁੰਚ ਗਿਆ। ਲਗਾਤਾਰ ਪੈ ਮੀਂਹ ਕਾਰਨ ਪਾਣੀ ਦਾ ਪੱਧਰ ਜਦੋਂ 1163 ਦੇ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਤਾਂ ਬੀਤੇ ਦਿਨ ਦੁਪਹਿਰ 3 ਵਜੇ ਤੋਂ ਬਾਅਦ ਸੁਖਨਾ ਦਾ ਇਕ ਫਲੱਡ ਗੇਟ ਖੋਲ੍ਹਣਾ ਪਿਆ। ਲਗਾਤਾਰ ਡੇਢ ਘੰਟੇ ਤੱਕ 2 ਇੰਚ ਗੇਟ ਖੋਲ੍ਹ ਕੇ ਸੁਖਨਾ ਦੇ ਪਾਣੀ ਦਾ ਪੱਧਰ 1161 ਮੀਟਰ ਤੱਕ ਡਿੱਗਣ ਤੋਂ ਬਾਅਦ ਫਲੱਡ ਗੇਟ ਬੰਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਸੁਖਨਾ ਗੇਟ ਚੌਥੀ ਵਾਰ ਖੋਲ੍ਹਣੇ ਪਏ। ਇਸ ਦੌਰਾਨ ਭਾਰੀ ਬਾਰਸ਼ ਕਾਰਨ ਰਾਕ ਗਾਰਡਨ ’ਚ ਵੀ ਇਕ ਵੱਡਾ ਦਰੱਖਤ ਡਿੱਗ ਪਿਆ, ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਪੁਰਾਣਾ ਦਰੱਖਤ ਰਾਕ ਗਾਰਡਨ ਦੇ ਵਾਟਰਫਾਲ ਏਰੀਏ ’ਚ ਡਿੱਗਿਆ।
18, 22 ਅਤੇ 23 ਨੂੰ ਭਾਰੀ ਬਾਰਸ਼ ਦਾ ਅਲਰਟ
ਸੋਮਵਾਰ ਨੂੰ ਵੀ ਸ਼ਹਿਰ ’ਚ ਦੁਪਹਿਰ ਬਾਅਦ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 22 ਤੇ 24 ਅਗਸਤ ਨੂੰ ਮੁੜ ਚੰਗਾ ਮੀਂਹ ਪੈ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬ ਅਤੇ ਨਾਲ ਲੱਗਦੇ ਪਾਕਿਸਤਾਨ ਦੇ ਉੱਪਰ ਅੱਪਰ ਏਅਰ ਸਾਈਕਲੋਨਿਕ ਸਰਕੂਲੇਸ਼ਨ ਕਾਰਨ 18 ਅਗਸਤ ਨੂੰ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਫਿਰ ਬੰਗਾਲ ਦੀ ਖਾੜੀ ’ਚ ਬਣ ਰਿਹਾ ਲੋਅ ਪ੍ਰੈਸ਼ਰ ਏਰੀਆ ਆਉਣ ਵਾਲੇ ਦਿਨਾਂ ’ਚ ਉੱਤਰ-ਪੱਛਮ ਵੱਲ ਵਧੇਗਾ। ਇਸ ਕਾਰਨ ਨਮੀ ਉੱਤਰੀ ਭਾਰਤ ਵੱਲ ਪਹੁੰਚਣ ’ਤੇ ਗੁਆਂਢੀ ਪਹਾੜੀ ਰਾਜਾਂ ਦੇ ਨਾਲ ਚੰਡੀਗੜ੍ਹ ਤੇ ਪੰਜਾਬ ’ਚ ਵੀ ਮੀਂਹ ਪੈ ਸਕਦਾ ਹੈ।
ਇਸ ਵਾਰ ਅਗਸਤ ਦੀ ਬਾਰਸ਼ ਤੋੜ ਸਕਦੀ ਹੈ ਰਿਕਾਰਡ
ਇਸ ਵਾਰ 1 ਜੂਨ ਤੋਂ 17 ਅਗਸਤ ਤੱਕ ਸ਼ਹਿਰ ’ਚ ਆਮ ਨਾਲੋਂ 13.6 ਫੀਸਦੀ ਜ਼ਿਆਦਾ ਯਾਨੀ 701 ਮਿ. ਮੀ. ਮੀਂਹ ਰਿਕਾਰਡ ਕੀਤਾ ਗਿਆ ਹੈ। ਜੁਲਾਈ ਵਿਚ ਮਾਨਸੂਨ ਕਮਜ਼ੋਰ ਹੋਣ ਕਾਰਨ 211 ਮਿ.ਮੀ. ਹੀ ਮੀਂਹ ਪੈ ਸਕਿਆ। ਆਮ ਤੌਰ ’ਤੇ ਮਾਨਸੂਨ ਸੀਜ਼ਨ ’ਚ ਅਗਸਤ ’ਚ ਘੱਟ ਮੀਂਹ ਪੈਂਦਾ ਹੈ ਪਰ ਇਸ ਵਾਰ 1 ਅਗਸਤ ਤੋਂ ਲੈ ਕੇ ਹੁਣ ਤੱਕ 227 ਮਿਮੀ ਪਾਣੀ ਬਰਸ ਚੁੱਕਾ ਹੈ। ਹਾਲੇ ਅਗਸਤ ਦੇ 14 ਦਿਨ ਬਾਕੀ ਹਨ। ਇਸ ਲਈ ਤੈਅ ਹੈ ਕਿ ਇਸ ਵਾਰ ਅਗਸਤ ਦਾ ਮੀਂਹ ਪੂਰੇ ਮਾਨਸੂਨ ਸੀਜ਼ਨ ਦੇ ਸਾਰੇ ਮਹੀਨਿਆਂ ’ਚ ਸਭ ਤੋਂ ਜ਼ਿਆਦਾ ਦਰਜ ਹੋ ਸਕਦਾ ਹੈ।
 


author

Babita

Content Editor

Related News